Punjab hosts 69th National School Games; over 1,000 athletes compete in Ludhiana as Education Minister Harjot Singh Bains inaugurates event
• 69ਵੀਆਂ ਨੈਸ਼ਨਲ ਸਕੂਲ ਖੇਡਾਂ ਦੀ ਮੇਜ਼ਬਾਨੀ ਨਾਲ ਪੰਜਾਬ ਕੌਮੀ ਪੱਧਰ ਉੱਤੇ ਸਪੋਰਟਸ ਹੱਬ ਵਜੋਂ ਉੱਭਰ ਰਿਹੈ: ਬੈਂਸ
• ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਲੁਧਿਆਣਾ ਵਿੱਚ 69ਵੀਆਂ ਨੈਸ਼ਨਲ ਸਕੂਲ ਖੇਡਾਂ ਦਾ ਉਦਘਾਟਨ; 1000 ਤੋਂ ਖਿਡਾਰੀ ਲੈ ਰਹੇ ਹਨ ਹਿੱਸਾ
• ਪੰਜਾਬ ਦੀ ਖੇਡ ਨੀਤੀ ਨਾਲ ਮਿਲ ਰਹੇ ਹਨ ਕਾਰਾਤਮਕ ਨਤੀਜੇ: ਬੈਂਸ
ਚੰਡੀਗੜ੍ਹ/ ਲੁਧਿਆਣਾ, 06 ਜਨਵਰੀ – ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ 69ਵੀਆਂ ਨੈਸ਼ਨਲ ਸਕੂਲ ਖੇਡਾਂ ਦਾ ਰਸਮੀ ਆਗਾਜ਼ ਕੀਤਾ ਗਿਆ। 16 ਜਨਵਰੀ ਤੱਕ ਚੱਲਣ ਵਾਲੀਆਂ ਖੇਡਾਂ ਵਿੱਚ ਕੇਂਦਰੀ ਵਿਦਿਆਲਿਆ, ਨਵੋਦਿਆ ਵਿਦਿਆਲਿਆ ਅਤੇ ਵਿਦਿਆ ਭਾਰਤੀ ਸਕੂਲਾਂ ਸਮੇਤ ਸਾਰੇ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਹੋਰ ਸਿੱਖਿਆ ਸੰਸਥਾਵਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ।
ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਇਨ੍ਹਾਂ ਖੇਡਾਂ ਦੌਰਾਨ ਜੂਡੋ ਅੰਡਰ-14 (ਲੜਕੇ ਤੇ ਲੜਕੀਆਂ), ਤਾਈਕਵਾਂਡੋ ਅੰਡਰ-14 (ਲੜਕੀਆਂ) ਅਤੇ ਗੱਤਕਾ ਅੰਡਰ-19 (ਲੜਕੇ ਤੇ ਲੜਕੀਆਂ) ਦੇ ਰੋਮਾਂਚਕ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਖੇਡ ਮੁਕਾਬਲੇ ਸਥਾਨਕ ਬੀ.ਸੀ.ਐਮ. ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ, ਲੁਧਿਆਣਾ ਅਤੇ ਓਪਨ ਏਅਰ ਥੀਏਟਰ ਪੀ.ਏ.ਯੂ, ਲੁਧਿਆਣਾ ਸਮੇਤ ਵੱਖ-ਵੱਖ ਥਾਵਾਂ ‘ਤੇ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਨਾਲ ਲੁਧਿਆਣਾ ਸ਼ਹਿਰ ਲਈ ਵੀ ਇਹ ਬੜੇ ਮਾਣ ਵਾਲੀ ਗੱਲ ਹੈ ਜਿੱਥੇ 69ਵੀਂ ਨੈਸ਼ਨਲ ਖੇਡਾਂ ਕਰਵਾਉਣ ਦਾ ਮੌਕਾ ਮਿਲਿਆ ਹੈ ਜਿਸ ਵਿੱਚ ਪੂਰੇ ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਆਂਧਰਾ ਪ੍ਰਦੇਸ, ਨਾਰਥ ਈਸਟ ਤੋਂ 1000 ਤੋਂ ਵੱਧ ਖਿਡਾਰੀ ਅਤੇ 350 ਤੋਂ ਵੱਧ ਕੋਚ ਸਹਿਬਾਨ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਬੇਸ਼ੱਕ ਠੰਡ ਪੈ ਰਹੀ ਪਰ ਪ੍ਰਸ਼ਾਸ਼ਨ ਵੱਲੋਂ ਪਹਿਲਾਂ ਹੀ ਪੁੱਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਜਿਨ੍ਹਾਂ ਵਿੱਚ ਖਿਡਾਰੀਆਂ ਲਈ ਰਿਹਾਇਸ਼, ਭੋਜਨ, ਟਰਾਂਸਪੋਰਟੇਸ਼ਨ, ਸੁਰੱਖਿਆ ਲਈ ਪੀ.ਸੀ.ਆਰ. ਟੀਮਾਂ ਤਾਇਨਾਤ ਕਰਨਾ, ਖੇਡ ਮੈਦਾਨਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣੇ ਆਦਿ ਸ਼ਾਮਲ ਹਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ ਨਿਰੰਤਰ ਯਤਨਸ਼ੀਲ ਹੈ ਜਿਸਦੇ ਤਹਿਤ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ 3100 ਖੇਡ ਮੈਦਾਨਾਂ ਦੇ ਨਿਰਮਾਣ ਕਾਰਜ਼ ਜੰਗੀ ਪੱਧਰ ‘ਤੇ ਚੱਲ ਰਹੇ ਹਨ, ਭਾਵ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਰੇਕ ਪਿੰਡ ਵਿੱਚ ਖੇਡ ਸਟੇਡੀਅਮ ਹੋਵੇਗਾ।
ਖੇਡਾਂ ਵਿੱਚ ਸੂਬੇ ਨੂੰ ਮੋਹਰੀ ਬਣਾਉਣ ਲਈ, ਉਨ੍ਹਾਂ ਅੱਗੇ ਦੱਸਿਆ ਕਿ ਖੇਡ ਨਰਸਰੀਆਂ ਵਿੱਚ ਵੱਡੇ ਪੱਧਰ ‘ਤੇ ਬਾਕਸਿੰਗ, ਹਾਕੀ, ਕਬੱਡੀ ਤੇ ਹੋਰ ਵੱਖ-ਵੱਖ ਖੇਡਾਂ ਲਈ ਕੋਚਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਖਿਡਾਰੀਆਂ ਦੀ ਖੁਰਾਕ ਵਿੱਚ ਵੀ ਵਾਧਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡ ਪਾਲਿਸੀ ਬਣਾਈ ਗਈ ਹੈ ਜਿਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਖਿਡਾਰੀ ਦੀ ਏਸ਼ੀਅਨ ਖੇਡਾਂ, ਕਾਮਨਵੈਲਥ, ਵਰਲਡ ਚੈਂਪੀਅਨਸ਼ਿਪ ਅਤੇ ਓਲੰਪਿਕ ਲਈ ਚੋਣ ਹੁੰਦੀ ਹੈ ਤਾਂ ਪੰਜਾਬ ਸਰਕਾਰ ਚੁਣੇ ਹੋਏ ਖਿਡਾਰੀਆਂ ਨੂੰ ਐਡਵਾਂਸ ਪੇਮੈਂਟ ਕਰੇਗੀ ਤਾਂ ਜੋ ਖਿਡਾਰੀ ਆਪਣੀ ਸੁਵਿਧਾ ਅਨੁਸਾਰ ਖਿੱਚ ਕੇ ਤਿਆਰੀ ਕਰ ਸਕਣ ਜਦਕਿ ਹੋਰਨਾਂ ਸੂਬਿਆਂ ਵਿੱਚ ਖਿਡਾਰੀਆਂ ਨੂੰ ਮੈਡਲ ਲਿਆਉਣ ਤੋਂ ਬਾਅਦ ਤਵੱਜੋ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਖੇਡ ਨੀਤੀ ਨੂੰ ਲਾਗੂ ਕਰਨ ਤੋਂ ਬਾਅਦ ਪੰਜਾਬ ਵਿੱਚ ਮੈਡਲਾਂ ਦੀ ਗਿਣਤੀ ਵਿੱਚ ਇਜਾਫਾ ਹੋਇਆ ਹੈ।
ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਪੰਜਾਬ ਲਈ ਇਹ ਬਹੁਤ ਵੱਡਾ ਮਾਣ ਹੈ ਕਿ ਭਾਰਤੀ ਪੁਰਸ਼ ਕ੍ਰਿਕਟ ਟੀਮ, ਭਾਰਤੀ ਮਹਿਲਾ ਕ੍ਰਿਕਟ ਟੀਮ, ਭਾਰਤੀ ਹਾਕੀ ਟੀਮ ਪੰਜਾਬੀਆਂ ਦੀ ਕਪਤਾਨੀ ਹੇਠ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਭਾਰਤ ਦੀ ਹਾਕੀ ਟੀਮ ਵਿੱਚ ਪੰਜਾਬੀਆਂ ਦੀ ਬਹੁ-ਗਿਣਤੀ ਇਹ ਸੰਕੇਤ ਦੇ ਰਹੀ ਹੈ ਕਿ ਸਾਡਾ ਪੰਜਾਬ ਸੂਬਾ ਖੇਡਾਂ ਦੇ ਖੇਤਰ ਵਿੱਚ ਆਪਣੀ ਪੁਰਾਣੀ ਪਛਾਣ ਬਹਾਲ ਕਰਨ ਵੱਲ ਵੱਧ ਰਿਹਾ ਹੈ।
ਇਸ ਮੌਕੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਡਾਇਰੈਕਟਰ ਸੈਕੰਡਰੀ ਸਿੱਖਿਆ ਗੁਰਿੰਦਰ ਸਿੰਘ ਸੋਢੀ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ, ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ, ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
