*“ਈਮਾਨਦਾਰੀ ਨਾਲ ਕੰਮ ਕਰੋ” — ਨਵੇਂ ਪੱਦ-ਉਨਤ ਕਰਮਚਾਰੀਆਂ ਨੂੰ ਮੰਤਰੀ ਦੀ ਅਪੀਲ*
*ਪੱਦ-ਉਨਤ ਕਰਮਚਾਰੀਆਂ ਨੂੰ ਟਰੇਨਿੰਗ ਦੇਣ ਲਈ ਵਿਭਾਗ ਨੂੰ ਨਿਰਦੇਸ਼*
ਚੰਡੀਗੜ੍ਹ, 21 ਨਵੰਬਰ:
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਜਿੱਥੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਅਹਿਮ ਕਦਮ ਚੁੱਕ ਰਹੀ ਹੈ, ਉੱਥੇ ਹੀ ਮੁਲਾਜਮਾਂ ਦੇ ਹੱਕਾਂ ਅਤੇ ਉਨ੍ਹਾਂ ਦੀ ਤਰੱਕੀ ਲਈ ਵੀ ਵਚਨਬੱਧ ਹੈ।
ਇਸੇ ਤਹਿਤ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ 24 ਦਰਜਾ-4 ਕਰਮਚਾਰੀਆਂ ਨੂੰ ਪੱਦ-ਉਨਤ ਕਰਕੇ ਕਲਰਕ ਬਣਾਇਆ ਗਿਆ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਪੰਜਾਬ ਭਵਨ ਵਿੱਚ ਇਹਨਾਂ ਨਵੇਂ ਪੱਦ-ਉਨਤ ਕਰਮਚਾਰੀਆਂ ਨੂੰ ਪੱਦ-ਉਨਤੀ ਦੇ ਹੁਕਮ ਆਪਣੇ ਹੱਥੀਂ ਸੌਂਪੇ।
ਇਨ੍ਹਾਂ ਤਰੱਕੀਆਂ ਵਿੱਚ 4 ਦਿਵਿਆਂਗ ਕਰਮਚਾਰੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਵਿਭਾਗ ਵੱਲੋਂ ਸਮਾਨ ਮੌਕੇ ਅਤੇ ਨਿਆਇਕ ਤਰੱਕੀ ਦੇ ਅਧਾਰ ‘ਤੇ ਕਲਰਕ ਦੇ ਪਦ ‘ਤੇ ਪੱਦ-ਉਨਤ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਕਰਮਚਾਰੀਆਂ ਨੂੰ ਸਮਾਨ ਹੱਕ, ਇਜ਼ਤ ਅਤੇ ਤਰੱਕੀ ਦੇ ਮੌਕੇ ਦੇਣ ਲਈ ਵਚਨਬੱਧ ਹੈ, ਅਤੇ ਇਹ ਫ਼ੈਸਲਾ ਇਸ ਦ੍ਰਿੜ ਨਿਸ਼ਚੇ ਦਾ ਸਪਸ਼ਟ ਉਦਾਹਰਨ ਹੈ।
ਡਾ. ਬਲਜੀਤ ਕੌਰ ਨੇ ਨਵੇਂ ਕਲਰਕ ਬਣੇ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਭਾਗ ਬਜ਼ੁਰਗਾਂ, ਮਹਿਲਾਵਾਂ, ਬੱਚਿਆਂ ਅਤੇ ਗਰੀਬ ਵਰਗ ਦੀ ਭਲਾਈ ਲਈ ਕੰਮ ਕਰਦਾ ਹੈ। ਇਸ ਲਈ ਨਵੀਂ ਦਿੱਤੀ ਜ਼ਿੰਮੇਵਾਰੀ ਨੂੰ ਪੁਰੀ ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਨਿਭਾਉਣਾ ਬਹੁਤ ਜ਼ਰੂਰੀ ਹੈ।
ਮੰਤਰੀ ਨੇ ਮੀਟਿੰਗ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੱਦ-ਉਨਤ ਕਰਮਚਾਰੀਆਂ ਨੂੰ ਯੋਗ ਅਤੇ ਸ਼ੁਰੂਆਤੀ ਟਰੇਨਿੰਗ ਮੁਹੱਈਆ ਕਰਵਾਈ ਜਾਵੇ, ਤਾਂ ਜੋ ਉਹ ਆਪਣੀਆਂ ਡਿਊਟੀਆਂ ਹੋਰ ਕੁਸ਼ਲਤਾ ਅਤੇ ਪੇਸ਼ਾਵਰਾਨਾ ਢੰਗ ਨਾਲ ਨਿਭਾ ਸਕਣ।
ਇਸ ਮੌਕੇ ਡਾਇਰੈਕਟਰ ਸਮਾਜਿਕ ਸੁਰੱਖਿਆ, ਸ੍ਰੀਮਤੀ ਸੇਨਾ ਅਗਰਵਾਲ, ਐਡੀਸ਼ਨਲ ਡਾਇਰੈਕਟਰ ਸ਼੍ਰੀ ਚਰਨਜੀਤ ਸਿੰਘ ਮਾਨ, ਡਿਪਟੀ ਡਾਇਰੈਕਟਰ ਸ਼੍ਰੀ ਰਵਿੰਦਰ ਸਿੰਘ ਰਾਹੀ ਅਤੇ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।
—

