
•ਭਵਿੱਖੀ ਖੇਤੀ ਸੁਧਾਰਾਂ ਲਈ ਕੇਰਲਾ ਦੀ ਡਰੋਨ ਸੀਡਿੰਗ ਅਤੇ ਐਕੁਆਕਲਚਰ ‘ਤੇ ਪੰਜਾਬ ਦੀ ਨਜ਼ਰ
ਚੰਡੀਗੜ੍ਹ/ ਕੋਟੱਯਾਮ, 29 ਅਪ੍ਰੈਲ:
ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੰਤਰ-ਰਾਜੀ ਆਦਾਨ-ਪ੍ਰਦਾਨ ਪ੍ਰੋਗਰਾਮ ਤਹਿਤ ਖੇਤੀਬਾੜੀ, ਮੱਛੀ ਪਾਲਣ ਅਤੇ ਪਸ਼ੂ ਪਾਲਣ ਦੇ ਖੇਤਰ ਵਿੱਚ ਸਹਿਯੋਗ ਦੇ ਮੌਕਿਆਂ ਦੀ ਪੜਚੋਲ ਕਰਨ ਲਈ ਕੇਰਲਾ ਦੇ ਕੋਟੱਯਾਮ ਜ਼ਿਲ੍ਹੇ ਵਿੱਚ ਸਥਿਤ ਆਈ.ਸੀ.ਏ.ਆਰ.-ਕ੍ਰਿਸ਼ੀ ਵਿਗਿਆਨ ਕੇਂਦਰ, ਕੁਮਾਰਾਕੋਮ ਦਾ ਦੌਰਾ ਕੀਤਾ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਵਫ਼ਦ ਨਾਲ, ਕੇ.ਵੀ.ਕੇ. ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਿਸ ਦੌਰਾਨ ਖੇਤੀਬਾੜੀ, ਮੱਛੀ ਪਾਲਣ ਅਤੇ ਪਸ਼ੂ ਪਾਲਣ ਖੇਤਰ ਵਿੱਚ ਕੁਮਾਰਾਕੋਮ ਨਾਲ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਪੜਚੋਲ ਕੀਤੀ। ਇਸ ਖੇਤਰ ਵਿੱਚ ਮੱਛੀ ਪਾਲਣ, ਖਾਸ ਕਰਕੇ ਕੇਜ ਕਲਚਰ ਅਤੇ ਇਨਲੈਂਡ ਐਕੁਆਕਲਚਰ ਦੇ ਖੇਤੀਬਾੜੀ ਨਾਲ ਸਫਲ ਏਕੀਕਰਨ ਨੇ ਪੰਜਾਬ ਦੇ ਵਫ਼ਦ ਨੂੰ ਪ੍ਰਭਾਵਿਤ ਕੀਤਾ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਏਕੀਕ੍ਰਿਤ ਖੇਤੀ, ਜੈਵਿਕ ਖੇਤੀ ਅਤੇ ਵਾਤਾਵਰਣ-ਅਨੁਕੂਲ ਸੈਰ-ਸਪਾਟੇ ਵਿੱਚ ਵਰਤੇ ਜਾ ਰਹੇ ਨਵੀਨਤਾਕਾਰੀ ਅਭਿਆਸਾਂ ਦੀ ਸ਼ਲਾਘਾ ਕੀਤੀ, ਜੋ ਪੇਂਡੂ ਰੋਜ਼ੀ-ਰੋਟੀ ਅਤੇ ਆਰਥਿਕਤਾ ਨੂੰ ਹੁਲਾਰਾ ਦਿੰਦੇ ਹਨ। ਪੰਜਾਬ ਦਾ ਵਫ਼ਦ ਖਾਸ ਤੌਰ ‘ਤੇ ਕੁਮਾਰਾਕੋਮ ਵਿੱਚ ਅਪਣਾਈ ਜਾ ਰਹੀ ਪ੍ਰਮੁੱਖ ਪਹਿਲਕਦਮੀ, ਝੋਨੇ ਦੇ ਬੀਜ ਬੀਜਣ ਲਈ ਡਰੋਨ ਦੀ ਵਰਤੋਂ ਤੋਂ ਪ੍ਰਭਾਵਿਤ ਹੋਇਆ। ਵਫ਼ਦ ਨੇ ਕੇ.ਵੀ.ਕੇ. ਕੋਟੱਯਾਮ ਦੇ ਮਹਿਲਾ ਸਸ਼ਕਤੀਕਰਨ ਪ੍ਰੋਗਰਾਮਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਖੇਤੀ ਤੇ ਸਹਾਇਕ ਧੰਦਿਆਂ ਤੋਂ ਪੈਦਾ ਹੁੰਦੀਆਂ ਵਸਤਾਂ ਦੀ ਵੈਲਿਊ ਐਡੀਸ਼ਨ ‘ਤੇ ਕੇਂਦ੍ਰਿਤ ਮਜ਼ਬੂਤ ਭਾਈਚਾਰਕ ਉੱਦਮਾਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਮੱਛੀ, ਸਬਜ਼ੀਆਂ, ਫਲਾਂ ਅਤੇ ਮਸਾਲਿਆਂ ਲਈ ਮੁੱਲ ਦੇ ਵਾਧੇ ਨੂੰ ਉਤਸ਼ਾਹਿਤ ਕਰਨ ਵਿੱਚ ਕੇ.ਵੀ.ਕੇ. ਦੇ ਸਮਰਥਨ ਦੇ ਨਾਲ-ਨਾਲ ਜੈਵਿਕ ਖਾਦ, ਪੌਸ਼ਟਿਕ ਮਿਸ਼ਰਣ ਅਤੇ ਜੈਵਿਕ-ਕੀਟਨਾਸ਼ਕ ਉਤਪਾਦਨ ਯੂਨਿਟਾਂ ਬਾਰੇ ਵੀ ਜਾਣਿਆ, ਜਿਸ ਨੇ ਸਥਾਨਕ ਖੇਤੀਬਾੜੀ-ਅਧਾਰਤ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਨੇ ਨਾ ਸਿਰਫ਼ ਖੇਤੀ ਆਮਦਨ ਵਿੱਚ ਸੁਧਾਰ ਕੀਤਾ ਹੈ ਬਲਕਿ ਸਥਾਈ ਖੇਤੀ ਅਭਿਆਸਾਂ ਦਾ ਵੀ ਸਮਰਥਨ ਕੀਤਾ ਹੈ।
ਉੱਚ-ਪੱਧਰੀ ਵਫ਼ਦ ਨੇ ਤਕਨਾਲੋਜੀ ਦੇ ਆਦਾਨ-ਪ੍ਰਦਾਨ, ਸਿਖਲਾਈ ਪ੍ਰੋਗਰਾਮਾਂ ਅਤੇ ਸਾਂਝੀ ਖੋਜ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪੰਜਾਬ ਅਤੇ ਕੇਰਲਾ ਵਿਚਕਾਰ ਸੰਭਾਵੀ ਸਹਿਯੋਗ ਦੀ ਵੀ ਪੜਚੋਲ ਕੀਤੀ। ਕੇਰਲ ਦੇ ਅਧਿਕਾਰੀਆਂ ਨੇ ਅਤਿਆਧੁਨਿਕ ਮਸ਼ੀਨੀਕਰਨ, ਉੱਚ-ਉਪਜ ਵਾਲੀਆਂ ਫਸਲਾਂ ਦੀਆਂ ਕਿਸਮਾਂ ਅਤੇ ਵੱਡੇ ਪੱਧਰ ‘ਤੇ ਖੇਤੀਬਾੜੀ ਮਾਰਕੀਟਿੰਗ ਵਿੱਚ ਪੰਜਾਬ ਦੀ ਤਰੱਕੀ ਤੋਂ ਸਿੱਖਣ ਵਿੱਚ ਡੂੰਘੀ ਦਿਲਚਸਪੀ ਦਿਖਾਈ।
ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਗੁਰਸ਼ਰਨ ਸਿੰਘ ਬੇਦੀ ਨੇ ਕਿਹਾ ਕਿ ਇਹ ਦੌਰਾ ਪੰਜਾਬ ਅਤੇ ਕੇਰਲਾ ਦਰਮਿਆਨ ਸਥਾਈ ਖੇਤੀਬਾੜੀ, ਮੱਛੀ ਪਾਲਣ ਅਤੇ ਪਸ਼ੂ ਪਾਲਣ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਵਧਾਉਣ ਦੀ ਦਿਸ਼ਾ ਵੱਲ ਇੱਕ ਅਹਿਮ ਕਦਮ ਹੈ।