
ਪੰਜਾਬ ਵਿੱਚ ‘ਆਪ’ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ, ਭਗਵਾਨ ਵਾਲਮੀਕਿ ਤੀਰਥ ਸਥਲ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ
ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਉਨ੍ਹਾਂ ਦੇ ਨਾਲ ਸੀ ਮੌਜੂਦ, ਕੇਜਰੀਵਾਲ ਨੇ ਕਿਹਾ- ਅਸੀਂ ਸਾਰਿਆਂ ਦੀ ਖ਼ੁਸ਼ਹਾਲੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ
‘ਆਪ’ ਸਰਕਾਰ ਨੇ ਪੰਜਾਬ ਦੇ ਤਿੰਨ ਕਰੋੜ ਲੋਕਾਂ ਨਾਲ ਮਿਲ ਕੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਜੰਗ ਛੇੜੀ ਹੋਈ ਹੈ- ਕੇਜਰੀਵਾਲ
ਪੰਜਾਬ ਨੂੰ ਨਸ਼ਾ ਮੁਕਤ ਕਰ, ਵਧੀਆ ਸਿੱਖਿਆ, ਸਿਹਤ, ਬਿਜਲੀ ਤੇ ਬੁਨਿਆਦੀ ਢਾਂਚਾ ਦੇ ਕੇ ਰੰਗਲਾ ਪੰਜਾਬ ਬਣਾਵਾਂਗੇ- ਭਗਵੰਤ ਮਾਨ
ਅੰਮ੍ਰਿਤਸਰ/ਚੰਡੀਗੜ੍ਹ, 16 ਮਾਰਚ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 10 ਦਿਨਾਂ ਦੀ ਵਿਪਾਸਨਾ ਤੋਂ ਬਾਅਦ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਅੰਮ੍ਰਿਤਸਰ ਪੁੱਜੇ। ਪੰਜਾਬ ‘ਚ ‘ਆਪ’ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਐਤਵਾਰ ਨੂੰ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਨੀਤਾ ਕੇਜਰੀਵਾਲ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਿਰ ਅਤੇ ਰਾਮ ਤੀਰਥ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਸਾਰਿਆਂ ਦੀ ਤੰਦਰੁਸਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਤਿੰਨ ਸਾਲ ਪੂਰੇ ਹੋ ਗਏ ਹਨ। 16 ਮਾਰਚ 2022 ਨੂੰ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਅੱਜ ਅਸੀਂ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਤਿੰਨ ਸਾਲ ਸਾਡਾ ਮਾਰਗ ਦਰਸ਼ਨ ਕਰਨ ਅਤੇ ਲੋਕਾਂ ਦੀ ਸੇਵਾ ਕਰਦੇ ਰਹਿਣ ਦਾ ਬਲ ਬਖ਼ਸ਼ਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਗ਼ਰੀਬਾਂ ਦੀ ਸੇਵਾ ਕਰਨੀ ਹੈ। ਅਸੀਂ ਉਨ੍ਹਾਂ ਦੀ ਸੇਵਾ ਕਰਨੀ ਹੈ ਜਿਨ੍ਹਾਂ ਕੋਲ ਕੁਝ ਨਹੀਂ ਹੈ ਅਤੇ ਲੋਕਾਂ ਨੂੰ ਨਿਆਂ ਪ੍ਰਦਾਨ ਕਰਨਾ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਨਸ਼ਾ ਅਤੇ ਭ੍ਰਿਸ਼ਟਾਚਾਰ ਹੈ। ਹੁਣ ਪੰਜਾਬ ਦੇ ਲੋਕਾਂ ਨੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੋਵਾਂ ਵਿਰੁੱਧ ਜੰਗ ਛੇੜ ਦਿੱਤੀ ਹੈ। ਪੰਜਾਬ ਦੇ ਤਿੰਨ ਕਰੋੜ ਲੋਕ ਇਕੱਠੇ ਹੋ ਕੇ ਨਸ਼ਿਆਂ ਅਤੇ ਭ੍ਰਿਸ਼ਟ ਲੋਕਾਂ ਵਿਰੁੱਧ ਜੰਗ ਛੇੜ ਚੁੱਕੇ ਹਨ। ਇਹ ਇਨਸਾਫ਼ ਦੀ ਲੜਾਈ ਹੈ। ਅਸੀਂ ਸ਼੍ਰੀ ਗੁਰੂ ਮਹਾਰਾਜ ਜੀ ਤੋਂ ਆਸ਼ੀਰਵਾਦ ਲੈ ਕੇ ਆਏ ਹਾਂ ਕਿ ਗੁਰੂ ਜੀ ਸਾਨੂੰ ਰਸਤਾ ਦਿਖਾਉਣ ਅਤੇ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣ ਦਾ ਬਲ ਬਖ਼ਸ਼ਣ। ਅਸੀਂ ਸਰਕਾਰ ਨਹੀਂ ਚਲਾ ਰਹੇ, ਸਗੋਂ ਲੋਕਾਂ ਦੀ ਸੇਵਾ ਕਰ ਰਹੇ ਹਾਂ।
ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਿੰਨ ਸਾਲ ਪੂਰੇ ਹੋ ਗਏ ਹਨ। ਤਿੰਨ ਸਾਲ ਪਹਿਲਾਂ 16 ਮਾਰਚ 2022 ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਅਸਥਾਨ ਖਟਕੜ ਕਲਾਂ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਹੁੰ ਚੁੱਕੀ ਸੀ। ਪੂਰੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਪਵੇਗਾ, ਸਿੱਖਿਆ ਨੂੰ ਉੱਤਮ ਬਣਾਉਣਾ ਪਵੇਗਾ, ਸਿਹਤ, ਬਿਜਲੀ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਵੱਡੇ ਕੰਮ ਕਰਨੇ ਪੈਣਗੇ। ਤਿੰਨ ਸਾਲਾਂ ਬਾਅਦ ਸ਼੍ਰੀ ਗੁਰੂ ਜੀ ਮਹਾਰਾਜ ਦਾ ਸ਼ੁਕਰਾਨਾ ਕਰਨ ਆਏ ਹਨ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਗਰੰਟੀਆਂ ਅਤੇ ਜਿਸ ਸੋਚ ਨਾਲ ਆਮ ਆਦਮੀ ਪਾਰਟੀ ਬਣੀ ਸੀ, ਉਸ ਨੂੰ ਕਾਇਮ ਰੱਖ ਕੇ ਕੰਮ ਕਰ ਰਹੀ ਹੈ। ਸਾਡੀ ਸਰਕਾਰ ਦੀ ਨਸ਼ਿਆਂ ਵਿਰੁੱਧ ਸੋਚੀ ਸਮਝੀ ਜੰਗ ਲੜ ਰਹੀ ਹੈ। ਇਸ ਦੇ ਨਾਲ ਹੀ ਜੇਕਰ ਤਹਿਸੀਲ ਵਿੱਚ ਕਿਤੇ ਵੀ ਭ੍ਰਿਸ਼ਟਾਚਾਰ ਹੋ ਰਿਹਾ ਹੈ ਤਾਂ ਉਸ ਖ਼ਿਲਾਫ਼ ਵੀ ਯੁੱਧ ਚੱਲ ਰਿਹਾ ਹੈ। ਸਾਡੀ ਸਰਕਾਰ ਲਗਾਤਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਰਹੀ ਹੈ। ਹੁਣ ਤੱਕ 55 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਕੁਦਰਤ ਨੇ ਪੰਜਾਬ ਨੂੰ ਬਿਜਲੀ ਅਤੇ ਪਾਣੀ ਸਮੇਤ ਜੋ ਵੀ ਦਿੱਤਾ ਹੈ, ਉਸ ਦੀ ਸਹੀ ਵਰਤੋਂ ਕਰਨੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ‘ਤੇ ਕਿਹਾ ਕਿ ਅੱਜ ਉਨ੍ਹਾਂ ਨੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਕੀਤਾ। ਗੁਰੂ ਸਾਹਿਬ ਦੇ ਚਰਨਾਂ ਵਿੱਚ ਸੀਸ ਝੁਕਾਇਆ ਅਤੇ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਅਰਦਾਸ ਕੀਤੀ। ਨਾਲ ਹੀ ਉਨ੍ਹਾਂ ਪੰਜਾਬ ਵਿੱਚ ਆਮ ਲੋਕਾਂ ਦੀ ਸਰਕਾਰ ਦੇ 3 ਸਾਲ ਪੂਰੇ ਹੋਣ ‘ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਗੁਰੂ ਸਾਹਿਬ ਅੱਗੇ ਨੇਕ ਨੀਅਤ ਅਤੇ ਇਮਾਨਦਾਰੀ ਨਾਲ ਲੋਕਾਂ ਦੇ ਹਿੱਤ ਵਿੱਚ ਫ਼ੈਸਲੇ ਲੈਂਦੇ ਰਹਿਣ ਦੀ ਅਰਦਾਸ ਕੀਤੀ।