
ਜੰਗ ਦੇ ਹਾਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੌਮੀ ਇਨਸਾਫ ਮੋਰਚੇ ਵੱਲੋਂ 15 ਮਈ ਨੂੰ ਕੀਤੇ ਜਾਣ ਵਾਲੇ ਰੋਸ ਮਾਰਚ ਮੁਲਤਵੀ
ਅੱਜ ਮਿਤੀ 10 ਮਈ ਨੂੰ ਕੌਮੀ ਇਨਸਾਫ ਮੋਰਚੇ ਦੀ ਐਮਰਜੈਂਸੀ ਮੀਟਿੰਗ ਆਨਲਾਈਨ ਜੂਮ ਪਲੇਟਫਾਰਮ ਤੇ ਕੀਤੀ ਗਈ ਜਿਸ ਦੀ ਪ੍ਰਧਾਨਗੀ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕੀਤੀ।
ਇਸ ਮੀਟਿੰਗ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਜੰਗ ਦੇ ਮਾਹੌਲ ਬਾਰੇ ਚਰਚਾ ਕੀਤੀ ਗਈ। ਇਸ ਸੰਵੇਦਨਸ਼ੀਲ ਮਾਹੌਲ ਉੱਪਰ ਚਰਚਾ ਕਰਨ ਉਪਰੰਤ ਇਹ ਫੈਸਲਾ ਕੀਤਾ ਗਿਆ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਜੋ 15 ਮਈ ਨੂੰ ਹਰ ਤਹਿਸੀਲ ਪੱਧਰ ਤੇ ਰੋਸ ਮਾਰਚ ਕਰਕੇ ਚੇਤਾਵਨੀ ਪੱਤਰ ਐਸਡੀਐਮ ਰਾਹੀਂ ਰਾਸ਼ਟਰਪਤੀ ਅਤੇ ਗਵਰਨਰ ਪੰਜਾਬ ਨੂੰ ਭੇਜਣੇ ਸਨ,ਇਹਨਾਂ ਹਾਲਾਤਾਂ ਵਿੱਚ ਇਹ ਪ੍ਰੋਗਰਾਮ ਮੁਲਤਵੀ ਕੀਤੇ ਜਾਂਦੇ ਹਨ।
ਮੋਰਚੇ ਤੇ ਆਗੂਆਂ ਨੇ ਚੱਲ ਰਹੀ ਜੰਗ ਦੇ ਸਬੰਧ ਵਿੱਚ ਵਿਚਾਰ ਚਰਚਾ ਕਰਦਿਆਂ ਇਹ ਆਮ ਸਹਿਮਤੀ ਪ੍ਰਗਟਾਈ ਕਿ ਅੱਤਵਾਦ ਨੂੰ ਖਤਮ ਕਰਨ ਲਈ ਜਾਂ ਫਿਰ ਕਸ਼ਮੀਰ ਦੇ ਮਸਲੇ ਦੇ ਹੱਲ ਕਰਨ ਵਾਸਤੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਕੋਈ ਇਸ ਦਾ ਵਾਜਬ ਹੱਲ ਨਹੀਂ ਹੈ। ਇਸ ਜੰਗ ਨਾਲ ਜਿੱਥੇ ਦੋਵੇਂ ਦੇਸ਼ਾਂ ਦੇ ਆਮ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ਉਥੇ ਇਹਮਸਲੇ ਹੋਰ ਉਲਝ ਜਾਂਦੇ ਹਨ। ਮੋਰਚੇ ਨੇ ਸਰਬ ਸੰਮਤੀ ਨਾਲ ਇਹ ਮੰਗ ਕੀਤੀ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਰਾਜਨੀਤਿਕ ਤੌਰ ਤੇ ਅਤੇ ਗੱਲਬਾਤ ਕਰਕੇ ਆਪਸੀ ਮਸਲਿਆਂ ਅਤੇ ਉਲਝਣਾ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨ।
ਭਾਰਤ ਅਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਜੋ ਦੋਵਾਂ ਦੇਸ਼ਾਂ ਦੀਆਂ ਹਕੂਮਤਾਂ ਵੱਲੋਂ ਜੰਗ ਦੇ ਜੁਬਾੜਿਆਂ ਵਿੱਚ ਝੋਕ ਦਿੱਤੇ ਗਏ ਹਨ ਦੇ ਸਬੰਧ ਵਿੱਚ ਕੌਮੀ ਇਨਸਾਫ ਮੋਰਚੇ ਵੱਲੋਂ 14 ਮਈ ਨੂੰ ਬਠਿੰਡਾ ਦੇ ਰੈਸਟ ਹਾਊਸ ਵਿੱਚ ਪੰਜਾਬ ਦੀਆਂ ਸਮੁੱਚੀਆਂ ਧਾਰਮਿਕ, ਸਮਾਜਿਕ, ਪੰਥਕ ਅਤੇ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਇੱਕ ਬੈਠਕ ਬੁਲਾਈ ਜਾ ਰਹੀ ਹੈ ਜੋ ਸਵੇਰੇ ਠੀਕ 11 ਵਜੇ ਸ਼ੁਰੂ ਹੋਵੇਗੀ।
ਕੌਮੀ ਇਨਸਾਫ ਮੋਰਚੇ ਦੇ ਆਗੂਆਂ ਬਾਪੂ ਗੁਰਚਰਨ ਸਿੰਘ , ਭਾਈ ਗੁਰਦੀਪ ਸਿੰਘ ਬਠਿੰਡਾ , ਪਾਲ ਸਿੰਘ ਫਰਾਂਸ , ਬਲਵਿੰਦਰ ਸਿੰਘ ਅਤੇ ਬਲਬੀਰ ਸਿੰਘ ਬੈਰੋਪੁਰ ਵੱਲੋਂ ਪੰਜਾਬ ਦੀਆਂ ਸਮੁੱਚੀਆਂ ਜਥੇਬੰਦੀਆਂ ਅਤੇ ਦਲਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਨੁਮਾਇੰਦੇ 14 ਤਰੀਕ ਨੂੰ ਮੀਟਿੰਗ ਵਿੱਚ ਜਰੂਰ ਹਾਜਰੀ ਲਵਾਉਣ।