
— ਪੁਰਤਗਾਲ-ਅਧਾਰਤ ਮਨਿੰਦਰ ਬਿੱਲਾ ਅਤੇ ਬੀ.ਕੇ.ਆਈ. ਮਾਸਟਰਮਾਈਂਡ ਮੰਨੂ ਅਗਵਾਨ ਵੱਲੋਂ ਚਲਾਇਆ ਜਾ ਰਿਹਾ ਸੀ ਮਾਡਿਊਲ: ਡੀਜੀਪੀ ਗੌਰਵ ਯਾਦਵ
— ਗ੍ਰਿਫ਼ਤਾਰ ਕੀਤਾ ਦੋਸ਼ੀ ਜਤਿਨ ਕੁਮਾਰ, ਹਥਿਆਰਾਂ ਦੀ ਬਰਾਮਦਗੀ ਲਈ ਲਿਜਾਂਦੇ ਸਮੇਂ ਗੋਲੀਬਾਰੀ ਦੌਰਾਨ ਹੋਇਆ ਜ਼ਖਮੀ : ਐਸ.ਐਸ.ਪੀ. ਬਟਾਲਾ ਸੁਹੇਲ ਕਾਸਿਮ ਮੀਰ
ਚੰਡੀਗੜ੍ਹ/ਬਟਾਲਾ, 20 ਮਈ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਤਹਿਤ, ਬਟਾਲਾ ਪੁਲਿਸ ਨੇ ਪਾਕਿਸਤਾਨ-ਆਈਐਸਆਈ ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅੱਤਵਾਦੀ ਮਾਡਿਊਲ – ਜੋ ਕਿ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨਿਰਦੇਸ਼ਾਂ ’ਤੇ ਵਿਦੇਸ਼ੀ ਹੈਂਡਲਰਾਂ ਮਨਿੰਦਰ ਬਿੱਲਾ ਅਤੇ ਮੰਨੂ ਅਗਵਾਨ ਦੁਆਰਾ ਚਲਾਇਆ ਜਾ ਰਿਹਾ ਸੀ , ਦਾ ਪਰਦਾਫਾਸ਼ ਕਰਦਿਆਂ ਬਟਾਲਾ ਵਿੱਚ ਇੱਕ ਸ਼ਰਾਬ ਦੇ ਠੇਕੇ ਦੇ ਬਾਹਰ ਗ੍ਰਨੇਡ ਹਮਲੇ ਦੀ ਕੋਸ਼ਿਸ਼ ਵਿੱਚ ਸ਼ਾਮਲ ਇਸ ਗਿਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ , ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਇੱਥੇ ਦਿੱਤੀ।
ਜਾਣਕਾਰੀ ਅਨੁਸਾਰ, ਕੁਝ ਅਣਪਛਾਤੇ ਮੋਟਰਸਾਇਕਲ ਸਵਾਰ ਨੌਜਵਾਨਾਂ ਨੇ 17 ਮਈ, 2025 ਨੂੰ ਬਟਾਲਾ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਸਥਿਤ ਸ਼ਰਾਬ ਦੇ ਠੇਕੇ ਦੇ ਬਾਹਰ ਹੈਂਡ ਗ੍ਰਨੇਡ ਸੁੱਟਿਆ ਸੀ, ਪਰ ਨੁਕਸਦਾਰ ਹੋਣ ਕਰਕੇ ਗਰਨੇਡ ਫਟਣ ਵਿੱਚ ਅਸਫਲ ਰਿਹਾ, ਜਿਸ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਟਲ਼ ਗਈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਤਿਨ ਕੁਮਾਰ ਉਰਫ ਰੋਹਨ, ਬਰਿੰਦਰ ਸਿੰਘ ਉਰਫ ਸਾਜਨ, ਅਬਰਾਹਿਮ ਉਰਫ ਰੋਹਿਤ ਅਤੇ ਸੁਨੀਲ ਕੁਮਾਰ, ਸਾਰੇ ਵਾਸੀ ਸ਼ੁਕਰਪੁਰਾ, ਬਟਾਲਾ ;ਰਾਹੁਲ ਮਸੀਹ ਵਾਸੀ ਹਰਨਾਮ ਨਗਰ, ਬਟਾਲਾ ਅਤੇ ਸੋਹਿਤ ਵਾਸੀ ਕਿਲਾ ਦੇਸ ਰਾਜ, ਬਟਾਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਪਿਸਤੌਲ ਵੀ ਬਰਾਮਦ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਪੁਰਤਗਾਲ ਸਥਿਤ ਮਨਿੰਦਰ ਬਿੱਲਾ ਅਤੇ ਬੀਕੇਆਈ ਦੇ ਮਾਸਟਰਮਾਈਂਡ ਮੰਨੂ ਅਗਵਾਨ, ਜਿਸਨੇ ਹਾਲ ਹੀ ਵਿੱਚ ਅਮਰੀਕਾ ਵਿੱਚ ਹੈਪੀ ਪਾਸੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਗਿਰੋਹ ਦਾ ਚਾਰਜ ਸੰਭਾਲਿਆ ਹੈ, ਤੋਂ ਸਿਧੇ ਰੂਪ ਵਿੱਚ ਹਦਾਇਤਾਂ ਪ੍ਰਾਪਤ ਕਰ ਰਿਹਾ ਸੀ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਮਾਡਿਊਲ ਨੂੰ ਇਸਦੇ ਵਿਦੇਸ਼ੀ ਹੈਂਡਲਰਾਂ ਨੇ ਠੇਕੇਦਾਰਾਂ ਵਿੱਚ ਖ਼ੌਫ ਦਾ ਮਾਹੌਲ ਬਣਾਉਣ ਦੇ ਇਰਾਦੇ ਨਾਲ ਕਿਸੇ ਵੀ ਸ਼ਰਾਬ ਦੇ ਠੇਕੇ ’ਤੇ ਗ੍ਰਨੇਡ ਸੁੱਟਣ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਜਬਰਨ ਵਸੂਲੀ ਕਰਨਾ ਆਸਾਨ ਹੋ ਸਕੇ। । ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।
ਆਪਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਬਟਾਲਾ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਗ੍ਰਨੇਡ ਹਮਲੇ ਦੀ ਕੋਸ਼ਿਸ਼ ਵਾਲੀ ਵਾਰਦਾਤ ਤੋਂ ਬਾਅਦ, ਕਈ ਪੁਲਿਸ ਟੀਮਾਂ ਨੂੰ ਖੁਫੀਆ ਜਾਣਕਾਰੀ ਦੀ ਵਰਤੋਂ ਕਰਕੇ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਰਿਕਾਰਡ ਸਮੇਂ ਵਿੱਚ ਲੌਜਿਸਟਿਕਸ ਅਤੇ ਹੋਰ ਖਰਚਿਆਂ ਦਾ ਪ੍ਰਬੰਧ ਕਰਨ ਵਿੱਚ ਸ਼ਾਮਲ ਛੇ ਮੁਲਜ਼ਮਾਂ ਦਾ ਪਤਾ ਲਗਾਇਆ ਗਿਆ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ।
ਐਸਐਸਪੀ ਨੇ ਕਿਹਾ ਕਿ ਆਪਰੇਸ਼ਨ ਦੌਰਾਨ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜਤਿਨ ਕੁਮਾਰ ਉਰਫ਼ ਰੋਹਨ, ਜੋ ਕਿ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਹੈ, ਨੂੰ ਹਥਿਆਰ ਬਰਾਮਦਗੀ ਲਈ ਲਿਜਾਂਦੇ ਸਮੇਂ ਪੁਲਿਸ ਨਾਲ ਹੋਈ ਗੋਲੀਬਾਰੀ ਵਿੱਚ ਗੋਲੀਆਂ ਲੱਗੀਆਂ। ਉਨ੍ਹਾਂ ਕਿਹਾ ਕਿ ਭੱਜਣ ਦੀ ਕੋਸ਼ਿਸ਼ ਵਿੱਚ, ਮੁਲਜ਼ਮ ਨੇ ਪੁਲਿਸ ਟੀਮ ’ਤੇ ਗੋਲੀਬਾਰੀ ਕੀਤੀ ਅਤੇ ਜਵਾਬੀ ਗੋਲੀਬਾਰੀ ਵਿੱਚ ਜ਼ਖਮੀ ਹੋ ਗਿਆ ਅਤੇ ਹੁਣ ਸਥਾਨਕ ਸਿਵਲ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ।
ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਮਨਿੰਦਰ ਬਿੱਲਾ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਤੋਂ ਵੀਡੀਓ ਕਾਲ ਰਾਹੀਂ ਪ੍ਰਾਪਤ ਹਦਾਇਤਾਂ ਦੇ ਆਧਾਰ ’ਤੇ ਗ੍ਰਨੇਡ ਬਣਾਇਆ ਸੀ,ਪਰ ਉਨ੍ਹਾਂ ਨੂੰ ਗ੍ਰਨੇਡ ਬਣਾਉਣ ਬਾਰੇ ਕੋਈ ਤਕਨੀਕੀ ਜਾਣਕਾਰੀ ਨਹੀਂ ਸੀ । ਇਸੇ ਕਾਰਨ ਗਰਨੇਡ ਨੁਕਸਦਾਰ ਬਣਿਆ ਅਤੇ ਫਟ ਨਹੀਂ ਸਕਿਆ।
ਇਸ ਸਬੰਧੀ ਬਟਾਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿਖੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 4 ਅਤੇ 5 ਦੇ ਤਹਿਤ 17 ਮਈ, 2025 ਨੂੰ ਕੇਸ ਐਫਆਈਆਰ ਨੰਬਰ 148 ਪਹਿਲਾਂ ਹੀ ਦਰਜ ਕੀਤਾ ਜਾ ਚੁੱਕਾ ਹੈ, ਜਦੋਂ ਕਿ ਬੀਐਨਐਸ ਦੀ ਧਾਰਾ 111 ਅਤੇ 61(2) ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੀ ਧਾਰਾ 13, 14, 16, 17, 18, 18-ਬੀ, ਅਤੇ 20 , ਵੀ ਜੋੜੀਆਂ ਗਈਆਂ ਹਨ।