Punjab

ਕੁਦਰਤੀ ਖੇਤੀ ਸਮੇਂ ਦੀ ਲੋੜ: ਕੁਲਤਾਰ ਸਿੰਘ ਸੰਧਵਾਂ 

ਕੁਦਰਤੀ ਖੇਤੀ ਸਮੇਂ ਦੀ ਲੋੜ: ਕੁਲਤਾਰ ਸਿੰਘ ਸੰਧਵਾਂ

 

– ਪੰਜਾਬ ਵਿਧਾਨ ਸਭਾ ਵਿਚ ਸਿਹਤ, ਖੇਤੀ ਤੇ ਵਾਤਾਵਰਣ ਮਾਹਿਰਾਂ ਅਤੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਵਿਚਕਾਰ ਗੰਭੀਰ ਵਿਚਾਰ-ਚਰਚਾ

 

ਚੰਡੀਗੜ੍ਹ, 4 ਅਪ੍ਰੈਲ:

 

ਪੰਜਾਬ ਵਿਧਾਨ ਸਭਾ ਦੇ ਮੀਟਿੰਗ ਹਾਲ ਵਿਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਪਹਿਲਕਦਮੀ ਨਾਲ ਕਰਵਾਈ ਗਈ ਵਿਚਾਰ-ਚਰਚਾ ਵਿਚ ਕੁਦਰਤੀ ਖੇਤੀ ਕਰਨ ਦੀ ਲੋੜ `ਤੇ ਜ਼ੋਰ ਦਿੱਤਾ ਗਿਆ ਹੈ। ਇਸ ਵਿਚਾਰ ਚਰਚਾ ਵਿਚ ਖੇਤੀ ਵਿਰਾਸਤ ਮਿਸ਼ਨ ਦੇ ਉਮਿੰਦਰ ਦੱਤ ਸ਼ਰਮਾ, ਡਾ. ਦਵਿੰਦਰ ਸ਼ਰਮਾ, ਡਾ. ਅਮਰ ਸਿੰਘ ਆਜ਼ਾਦ, ਡਾ. ਖਾਦਰ ਵਲੀ ਤੋਂ ਇਲਾਵਾ ਸਿਹਤ, ਖੇਤੀ ਅਤੇ ਵਾਤਾਵਰਣ ਮਾਹਰਾਂ ਵੱਲੋਂ ਸ਼ਿਰਕਤ ਕੀਤੀ ਗਈ। ਕੁਦਰਤੀ ਖੇਤੀ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਨੇ ਵੀ ਇਸ ਮੌਕੇ ਆਪਣੇ ਤਜ਼ਰਬੇ ਸਾਂਝੇ ਕੀਤੇ।

 

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਡੇ ਖਾਣ-ਪੀਣ ਵਿਚ ਆਏ ਵਿਗਾੜ ਕਰਕੇ ਜਿਸ ਹਿਸਾਬ ਨਾਲ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ, ਸਾਨੂੰ ਮੁੜ ਤੋਂ ਆਰਗੈਨਿਕ ਖਾਣੇ ਵੱਲ ਪਰਤਣਾ ਪਵੇਗਾ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਲਈ ਕੁਦਰਤੀ ਤੌਰ `ਤੇ ਪੱਕੇ ਫਲ-ਸਬਜ਼ੀਆਂ ਅਤੇ ਮੋਟੇ ਅਨਾਜ ਨੂੰ ਅਪਣਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ।

 

ਇਸ ਮੌਕੇ ਮਾਹਿਰਾਂ ਵੱਲੋਂ ਦਿੱਤੇ ਗਏ ਸੁਝਾਵਾਂ ਸਬੰਧੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਡੀ ਸਰਕਾਰ ਪੰਜਾਬ ਪ੍ਰਤੀ ਚਿੰਤਤ ਹੈ ਅਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਸਾਰੇ ਸੁਝਾਅ ਅਮਲ ਵਿਚ ਲਿਆਉਣ ਲਈ ਬੇਨਤੀ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੀ ਖੇਤੀਬਾੜੀ ਬਾਰੇ ਬਣੀ ਕਮੇਟੀ ਵੀ ਆਉਣ ਵਾਲੇ ਸਮੇਂ ਵਿਚ ਅਜਿਹੀਆਂ ਵਿਚਾਰ-ਚਰਚਾਵਾਂ ਕਰਵਾਉਣ ਲਈ ਸਰਗਰਮ ਭੂਮਿਕਾ ਅਦਾ ਕਰੇਗੀ।

 

ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਡਾ. ਅਮਨਦੀਪ ਕੌਰ ਅਰੌੜਾ, ਰਜਿੰਦਰ ਪਾਲ ਕੌਰ ਛੀਨਾ, ਇੰਦਰਜੀਤ ਕੌਰ ਮਾਨ, ਨੀਨਾ ਮਿੱਤਲ, ਅਨਮੋਲ ਗਗਨ ਮਾਨ, ਸੰਤੋਸ਼ ਕਟਾਰੀਆ, ਮਨਵਿੰਦਰ ਸਿੰਘ ਗਿਆਸਪੁਰਾ, ਅਸ਼ੋਕ ਪਰਾਸ਼ਰ ਪੱਪੀ, ਮਦਨ ਲਾਲ ਬੱਗਾ, ਹਰਦੀਪ ਸਿੰਘ ਮੁੰਡੀਆਂ ਅਤੇ ਚੇਤਨ ਸਿੰਘ ਜੌੜੇਮਾਜਰਾ ਹਾਜ਼ਰ ਸਨ। ਇਸ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੀਮਾ ਜੈਨ, ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਖੇਤੀਬਾੜੀ ਵਿਭਾਗ ਦੇ ਸਕੱਤਰ ਦਿਲਰਾਜ ਸਿੰਘ ਸੰਧਾਵਾਲੀਆ, ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ, ਪੰਜਾਬ ਫਾਰਮਰ ਕਮਿਸ਼ਨ ਦੇ ਚੇਅਰਮੈਨ ਅਵਤਾਰ ਸਿੰਘ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!