Punjab

ਸ਼੍ਰੋਮਣੀ ਅਕਾਲੀ ਦਲ ਨੇ ਮਰਜ਼ੀ ਨਾਲ ਚੁਣੇ ਅਫਸਰ ਰਾਹੀਂ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣ ਵਾਸਤੇ ਸਿਆਸੀ ਜਾਂਚ ਦੀ ਸਾਜ਼ਿਸ਼ ਲਈ ਮੁੱਖ ਮੰਤਰੀ ਤੇ ਉਹਨਾਂ ਦੇ ਮੰਤਰੀ ਮੰਡਲ ਦੇ ਸਾਥੀਆਂ ਦਾ ਅਸਤੀਫਾ ਮੰਗਿਆ

ਮੁੱਖ ਮੰਤਰੀ ਤੇ ਉਹਨਾਂ ਕਾਂਗਰਸੀ ਆਗੂਆਂ ਖਿਲਾਫ ਕਾਰਵਾਈ ਹੋਵੇ ਜਿਹਨਾਂ ਨੇ ਕੇਸ ਦਾ ਸਿਆਸੀਕਰਨ ਕੀਤਾ : ਬਿਕਰਮ ਸਿੰਘ ਮਜੀਠੀਆ

ਕਿਹਾ ਕਿ ਆਪ ਆਗੂ ਹਰਪਾਲ ਚੀਮਾ ਦਾਗੀ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਨੁੰ ਬਚਾਉਣ ਲਈ ਕਾਂਗਰਸ ਨਾਲ ਰਲ ਕੇ ਕੰਮ ਕਰਦੇ ਰਹੇ
ਅਦਾਲਤ ਦੇ ਫੈਸਲੇ ’ਚ ਜਿੰਨਾ ਕੁੰਵਰ ਵਿਜੇ ਪ੍ਰਤਾਪ ਕਸੂਰਵਾਰ, ਉਨੀ ਹੀ ਕਾਂਗਰਸ ਸਰਕਾਰ

ਚੰਡੀਗੜ੍ਹ, 26 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਕੈਬਨਿਟ ਸਾਥੀਆਂ ਦਾ ਤੁਰੰਤ ਅਸਤੀਫਾ ਮੰਗਿਆ ਕਿਉਂਕਿ ਉਹਨਾਂ ਨੇ ਇਕ ਮੰਦਭਾਗੀ ਘਟਨਾ ਦੀ ਆਪਣੀ ਮਰਜ਼ੀ ਨਾਲ ਚੁਣੇ ਅਫਸਰ ਰਾਹੀਂ ਸਿਆਸੀ ਜਾਂਚ ਕਰਵਾਉਣ ਦੀ ਸਾਜ਼ਿਸ਼ ਰਚੀ ਜਦੋਂ ਕਿ ਇਸ ਜਾਂਚ ਨੂੰ ਹਾਈ ਕੋਰਟ ਨੇ ਰੱਦ ਕਰਦਿਆਂ ਦਵੈਸ਼ ਭਾਵਨਾ ਨਾਲ ਬੇਤੁਕੀ ਤੇ ਬੇਹੂਦਾ ਜਾਂਚ ਕਰਾਰ ਦਿੱਤਾ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ   ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ, ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ ਤੇ ਕੁਸ਼ਲਦੀਪ ਢਿੱਲੋਂ ਸਮੇਤ ਹੋਰ ਜਿਹੜੇ ਮੀਟਿੰਗਾਂ ਕਰ ਕੇ ਕੇਸ ਦੀ ਚਾਰਜਸ਼ੀਟ ਤਿਆਰ ਕਰਵਾਉਂਦੇ ਰਹੇ। ਉਹਨਾਂ ਕਿਹਾ ਕਿ ਜਿਥੇ ਮੁੱਖ ਮੰਤਰੀ ਤੇ ਉਹਨਾਂ ਦੇ ਸਾਥੀ ਮੰਤਰੀਆਂ ਨੁੰ ਅਸਤੀਫਾ ਦੇਣਾ ਚਾਹੀਦਾ ਹੈ,ਉਥੇ ਹੀ ਉਹਨਾਂ ਆਗੂਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹਨਾਂ ਨੇ ਇਸ ਕੇਸ ਦਾ ਸਿਆਸੀਕਰਨ ਕੀਤਾ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਾਬਕਾ ਆਈ ਜੀ ਕੁੰਵਰ ਵਿਜੇ  ਪ੍ਰਤਾਪ ਜਿਸਦੀ ਹਾਈ ਕੋਰਟ ਨੇ ਝਾੜ ਝੰਬ ਕੀਤੀ ਤੇ ਕੇਸ ਦੀ ਜਾਂਚ ਤੋਂ ਹਟਾਇਆ, ਨੂੰ ਮੁੱਖ ਮੰਤਰੀ ਤੇ ਉਹਨਾਂ ਦੇ ਮੰਤਰੀ ਮੰਡਲ ਦੇ ਸਾਥੀਆਂ ਤੇ ਸੀਨੀਅਰ ਆਗੂਆਂ ਨੇ ਚੁਣਿਆ ਸੀ। ਉਹਨਾਂ ਕਿਹਾ ਕਿ ਜਿਸ ਵੇਲੇ ਘਟਨਾ ਵਾਪਰੀ ਉਸ ਵੇਲੇ ਨਵਜੋਤ ਸਿੱਧੂ ਗਠਜੋੜ ਦਾ ਹਿੱਾ ਸੀ ਤੇ ਉਹਨਾਂ ਦੀ ਪਤਨੀ ਸ੍ਰੀਮਤੀ ਨਵਜੋਤ ਕੌਰ ਸਿੱਧੂ ਮੁੱਖ ਪਾਰਲੀਮਾਨੀ ਸਕੱਤਰ ਸਨ। ਉਹਨਾਂ ਕਿਹਾ ਕਿ ਉਹਨਾਂ ਉਸ ਵੇਲੇ ਵੀ ਅਸਤੀਫਾ ਨਹੀਂ ਦਿੱਤਾ ਤੇ ਹੁਣ ਵੀ ਉਸੇ ਤਰੀਕੇ ਇਸ ਮਾਮਲੇ ਵਿਚ ਮੌਕਾਪ੍ਰਸਤੀ ਦੀ ਰਾਜਨੀਤੀ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹੀ ਹਾਲ ਉਹਨਾਂ ਕੈਬਨਿਟ ਮੰਤਰੀਆਂ ਤੇ ਆਗੂਆਂ ਦਾ ਹੈ ਜਿਹਨਾਂ ਨੇ ਦਾਗੀ ਪੁਲਿਸ ਅਫਸਰ ਨਾਲ ਮੀਟਿੰਗਾਂ ਕੀਤੀਆਂ ਤਾਂ ਜੋ ਐਸ ਆਈ ਟੀ ਵੱਲੋਂ ਕੇਸ ਦੀ ਸਹੀ ਜਾਂਚ ਕਰ ਕੇ ਅਸਲ ਦੋਸ਼ੀਆਂ ਨੁੰ ਫੜਨ ਦੀ ਥਾਂ ’ਤੇ ਅਕਾਲੀ ਦਲ ਨੁੰ ਕੇਸ ਵਿਚ ਫਸਾਇਆ ਜਾ ਸਕੇ।

 ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਵੀ ਕਾਂਗਰਸ ਪਾਰਟੀ ਨਾਲ ਰਲ ਕੇ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਨਾਲੋ ਨਾਲ ਸਾਬਕਾ ਆਈ ਜੀ ਦਾ ਬਚਾਅ ਕਰ ਰਹੇ ਹਨ ਹਾਲਾਂ ਕਿ ਹਾਈ ਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਖਿਲਾਫ ਸਖ਼ਤ ਟਿੱਪਣੀਆਂ ਕੀਤੀਆਂ ਹਨ। ਉਹਨਾਂ ਕਿਹਾ ਕਿ ਪਹਿਲਾਂ ਵੀ ਆਪ ਨੇ ਕਾਂਗਰਸ ਨਾਲ ਰਲ ਕੇ ਸਾਬਕਾ ਆਈ ਜੀ ਦਾ ਬਚਾਅ ਕੀਤਾ ਸੀ ਤੇ ਅਪ੍ਰੈਲ 2019 ਵਿਚ ਚੋਣ ਕਮਿਸ਼ਨ ਕੋਲ ਪਹੁੰਚ ਕਰ ਕੇ ਉਸਨੂੰ ਐਸ ਆਈ ਟੀ ਤੋਂ ਹਟਾਉਣ ਦੇ ਫੈਸਲੇ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਸੀ।

ਮਜੀਠੀਆ ਨੇ ਕਿਹਾ ਕਿ  ਗੁਰੂ ਸਾਹਿਬ ਨੇ ਕਾਂਗਰਸ ਤੇ ਆਪ ਦੀ ਸਾਜ਼ਿਸ਼ ਬੇਨਕਾਬ ਕਰ ਦਿੱਤੀ ਹੈ ਅਤੇ ਭਵਿੱਖ ਵਿਚ ਵੀ ਕਰਦੇ ਰਹਿਣਗੇ।  ਉਹਨਾਂ ਕਿਹਾ ਕਿ ਮੈਂ ਅਰਦਾਸ ਕਰਦਾ ਹਾਂ ਕਿ ਜੋ ਇਸ ਮਾਮਲੇ ’ਤੇ ਰਾਜਨੀਤੀ ਕਰਦੇ ਹਨ, ਉਹਨਾਂ ਦਾ ਕੱਖ ਨਾ ਰਹੇ।

ਕੁੰਵਰ ਵਿਜੇ ਪ੍ਰਤਾਪ ਨੂੰ ਕਰੜੇ ਹੱਥੀਂ ਲੈਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਸਾਬਕਾ ਪੁਲਿਸ ਅਫਸਰ ਨੇ ਦਾਅਵਾ ਕੀਤਾ ਸੀ ਕਿ ਉਹ ਅਜਿਹੀ ਚਾਰਜਸ਼ੀਟ ਬਣਾਉਣਗੇ ਜੋ ਭਾਰਤ ਵਿਚ ਪਹਿਲਾਂ ਕਦੇ ਨਹੀਂ ਬਣੀ। ਉਹਨਾਂ ਕਿਹਾ ਕਿ ਇਹ ਸੱਚ ਸਾਬਤ ਹੋ ਗਿਆ ਹੈ ਕਿਉਂਕਿ ਹੁਣ ਭਵਿੱਖ ਵਿਚ ਪੁਲਿਸ ਅਕਾਦਮੀਆਂ ਵਿਚ ਕੈਡਟਾਂ ਨੁੰ ਕੁੰਵਰ ਵਿਜੇ ਪ੍ਰਤਾਪ ਦੀ ਚਾਰਜਸ਼ੀਟ ਦਾ ਹਵਾਲਾ ਦੇ ਕੇ ਕੇ ਚੇਤਾਵਨੀ ਦਿੱਤੀ ਜਾਵੇਗੀ ਕਿ ਉਹ ਅਜਿਹੇ ਤਰੀਕੇ ਵਿਚ ਜਾਂਚ ਨਾ ਕਰਨ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਸਾਬਕਾ ਆਈ ਜੀ ਦੇ ਖਿਲਾਫ 30 ਟਿੱਪਣੀਆਂ ਕੀਤੀਆਂ ਹਨ ਜੋ ਕਿ ਇਤਿਹਾਸ ਵਿਚ ਅਣਕਿਆਸਾ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਸੰਜੇ ਕਿਸ਼ਨ ਕੌਲ ਨੇ ਇਕ ਦੀਵਾਨੀ ਮਾਮਲੇ ਨੁੰ ਫੌਜਦਾਰੀ ਵਿਚ ਬਦਲਣ ’ਤੇ ਕੁੰਵਰ ਵਿਜੇ ਪ੍ਰਤਾਪ ਨੂੰ 5 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਸੀ ਤੇ ਉਹਨਾਂ  ਮੁਆਫੀ ਵੀ ਮੰਗੀ ਸੀ।

ਪਿਛਲੀ ਅਕਾਲੀ ਸਰਕਾਰ ਵੱਲੋਂ ਅਜਿਹੇ ਕੇਸ ਨਾਲ ਨਜਿੱਠਣ ਦੇ ਤਰੀਕੇ ਦੀ ਗੱਲ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਕੇਸ ਵਿਚ 11 ਪੁਲਿਸ ਅਫਸਰਾਂ ਦੇ ਖਿਲਾਫ ਕੇਸ ਦਰਜ ਕਰਵਾਇਆ ਸੀ ਪਰ ਕਾਂਗਰਸ ਸਰਕਾਰ ਨੇ ਚਲਾਨ ਵਿਚੋਂ 7 ਪੁਲਿਸ ਅਫਸਰਾਂ ਦੇ ਨਾਂ ਕੱਢ ਦਿੱਤੇ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਦਲ ਸਰਕਾਰ ਨੇ ਪੁਲਿਸ ਮੁਖੀ ਨਾਲ ਨਰਾਜ਼ਗੀ ਜ਼ਾਹਰ ਕਰਦਿਆਂ ਉਹਨਾਂ ਨੁੰ ਅਹੁਦੇ ਤੋਂ ਹਟਾ ਦਿੱਤਾ ਸੀ।

ਮਜੀਠੀਆ ਨੇ ਕਾਂਗਰਸ ਸਰਕਾਰ ਵੱਲੋਂ ਕੋਰੋਨਾ ਤੇ ਖਰੀਦ ਕੇਂਦਰਾਂ ਵਿਚ ਬਾਰਦਾਨੇ ਦੀ ਘਾਟ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਵਿਚ ਫੇਲ੍ਹ ਰਹਿਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੀਰੋ ਵਾਂਗ ਗੂੜੀ ਨੀਂਦ ਵਿਚ ਹਨ ਤੇ ਉਹਨਾਂ ਨੂੰ ਜਗਾਉਣ ਦੀ ਜ਼ਰੂਰਤ ਹੈ ਤਾਂ ਜੋ ਬਹੁਤ ਲੋੜੀਂਦੀ ਆਕਸੀਜ਼ਨ ਤੇ ਦਵਾਈਆਂ ਕੋਰੋਨਾ ਵਿਚ ਵਾਧੇ ਨਾਲ ਨਜਿੱਠਣ ਲਈ ਦਿੱਤੀਆਂ ਜਾ ਸਕਣ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਸਰਕਾਰੀ ਹਸਪਤਾਲਾਂ ਵਿਚ ਬੁਨਿਆਦੀ ਸਹੂਲਤਾਂ ਦੇਣ ਵਿਚ ਵੀ ਨਾਕਾਮ ਰਹੀ ਹੈ ਜਿਸ ਕਾਰਨ ਕੋਰੋਨਾ ਮੌਤਾਂ ਕੰਟਰੋਲ ਤੋਂ ਬਾਹਰ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਚਲਾਉਣ ਦੇ ਸਮਰਥ ਨਹੀਂ ਤਾਂ ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।

ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਸ੍ਰੀ ਚਰਨਜੀਤ ਸਿੰਘ ਬਰਾੜ ਵੀ ਇਸ ਮੌਕੇ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!