Punjab

ਸਕੂਲ ਲੈਕਚਰਾਰਾਂ ਦੀ ਭਰਤੀ ਲਈ ਉਮੀਦਵਾਰਾਂ ਨੇ ਦਿੱਤੀ ਪ੍ਰੀਖਿਆ : ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੀਤਾ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ

ਸਕੂਲ ਲੈਕਚਰਾਰਾਂ ਦੀ ਭਰਤੀ ਲਈ ਉਮੀਦਵਾਰਾਂ ਨੇ ਦਿੱਤੀ ਪ੍ਰੀਖਿਆ

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੀਤਾ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ

 

ਐੱਸ.ਏ.ਐੱਸ. ਨਗਰ 11 ਜੁਲਾਈ: ਸਕੂਲ ਸਿੱਖਿਆ ਦੇ ਖੇਤਰ ‘ਚ ਅੱਵਲ ਨੰਬਰ ਸੂਬੇ ਦਾ ਖਿਤਾਬ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਯਤਨਾਂ ਤਹਿਤ ਅੱਜ ਰਾਜ ਦੇ ਸਰਕਾਰੀ ਸਕੂਲਾਂ ਲਈ ਭਰਤੀ ਕੀਤੇ ਜਾਣ ਵਾਲੇ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਲਈ 5151 ਉਮੀਦਵਾਰਾਂ ਨੇ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਪ੍ਰੀਖਿਆ ਦਿੱਤੀ। ਇਸ ਦੌਰਾਨ ਪ੍ਰੀਖਿਆ ਕੇਂਦਰਾਂ ਦਾ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਦੌਰਾ ਕੀਤਾ ਅਤੇ ਪ੍ਰਬੰਧਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਪਟਿਆਲਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਤੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪਹਿਲਾ ਦੀ ਤਰ੍ਹਾਂ ਹਰ ਕਿਸਮ ਦੀ ਭਰਤੀ ਲਈ ਕੀਤੀ ਜਾਣ ਵਾਲੀ ਪ੍ਰੀਖਿਆ ਪੂਰੇ ਪਾਰਦਰਸ਼ੀ ਤਰੀਕੇ ਨਾਲ ਲਈ ਜਾਂਦੀ ਹੈ। ਜਿਸ ਲਈ ਹਮੇਸ਼ਾ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ।

 

ਡਾ ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਦੱਸਿਆ ਕਿ ਪੰਜਾਬ ਦੇ ਚਾਰ ਜਿਲ੍ਹਾ ਹੈਡਕੁਆਰਟਜ਼ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਵਿਖੇ ਸਵੇਰ ਦੇ ਸ਼ੈਸ਼ਨ ‘ਚ ਕਾਮਰਸ, ਬਾਇਓਲੋਜੀ, ਭੂਗੋਲ, ਭੌਤਿਕ ਵਿਗਿਆਨ ਤੇ ਪੰਜਾਬੀ ਲੈਕਚਾਰਾਰਾਂ ਲਈ ਪ੍ਰੀਖਿਆ ਹੋਈ। ਜਿਸ ਵਿੱਚ ਰਾਜ ਭਰ 3542 ‘ਚੋਂ 2807 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ। ਇਸ ਤਰ੍ਹਾਂ 76.25 ਫੀਸਦੀ ਉਮੀਦਵਾਰ ਪ੍ਰੀਖਿਆ ‘ਚ ਹਾਜ਼ਰ ਹੋਏ। ਇਸੇ ਤਰ੍ਹਾਂ ਸ਼ਾਮ ਦੇ ਸ਼ੈਸ਼ਨ ‘ਚ ਅਰਥ ਸ਼ਾਸ਼ਤਰ, ਰਸਾਇਣ ਵਿਗਿਆਨ ਤੇ ਅੰਗਰੇਜ਼ੀ ਵਿਸ਼ਿਆਂ ਦੇ ਲੈਕਚਰਾਰਾਂ ਲਈ ਪ੍ਰੀਖਿਆ ਹੋਈ। ਜਿਸ ਵਿੱਚ 2998 ‘ਚੋਂ 2344 ਉਮੀਦਵਾਰਾਂ ਪ੍ਰੀਖਿਆ ‘ਚ ਬੈਠੇ। ਇਸ ਤਰ੍ਹਾਂ ਸ਼ਾਮ ਦੇ ਸ਼ੈਸ਼ਨ ‘ਚ 78.16 ਫੀਸਦੀ ਹਾਜ਼ਰੀ ਰਹੀ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਟੀਚਾ ਸਰਕਾਰੀ ਸਕੂਲਾਂ ‘ਚ ਸਿੱਖਿਆ ਨੂੰ ਹੋਰ ਮਿਆਰੀ ਬਣਾਉਣ ਲਈ ਲੋੜ ਅਨੁਸਾਰ ਸਮੇਂ-ਸਮੇਂ ਸਿਰ ਭਰਤੀ ਕੀਤੀ ਜਾਂਦੀ ਹੈ। ਜਿਸ ਤਹਿਤ ਅੱਜ ਲਈ ਗਈ ਪ੍ਰੀਖਿਆ, ਲੈਕਚਰਾਰਾਂ ਦੀ ਭਰਤੀ ਲਈ ਰੱਖੀ ਗਈ ਸੀ ਤੇ ਭਲਕੇ ਵੀ ਹੋਰਨਾਂ ਵਿਸ਼ਿਆ ਦੇ ਲੈਕਚਰਾਰਾਂ ਦੀ ਭਰਤੀ ਲਈ ਪ੍ਰੀਖਿਆ ਲਈ ਜਾਵੇਗੀ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਪਟਿਆਲਾ ਹਰਿੰਦਰ ਕੌਰ ਅਨੁਸਾਰ ਇਸ ਪ੍ਰੀਖਿਆ ਦੌਰਾਨ ਸਵੇਰ ਦੇ ਸ਼ੈਸ਼ਨ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਪਟਿਆਲਾ ਵਿਖੇ 2 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਨਿਊ ਪਾਵਰ ਹਾਊਸ ਕਲੋਨੀ-1 ਪਟਿਆਲਾ ਵਿਖੇ 1 ਵਿਅਕਤੀ ਕਿਸੇ ਹੋਰ ਦੀ ਥਾਂ ਪ੍ਰੀਖਿਆ ਦਿੰਦਾ ਫੜਿਆ ਗਿਆ। ਜਿੰਨ੍ਹਾਂ ਨੂੰ ਪ੍ਰੀਖਿਆ ਕੇਂਦਰ ਦੇ ਸਟਾਫ ਨੇ ਮੌਕੇ ‘ਤੇ ਕਾਬੂ ਕਰ ਲਿਆ ਅਤੇ ਸਬੰਧਤ ਥਾਣਿਆਂ (ਸਿਵਲ ਲਾਈਨਜ਼ ਨੂੰ 2 ਤੇ ਲਾਹੌਰੀ ਗੇਟ ਨੂੰ 1) ਦੇ ਸਪੁਰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਾਰੇ ਵਿਅਕਤੀ ਹਰਿਆਣਾ ਦੇ ਸ਼ਹਿਰ ਕੈਥਲ ਨਾਲ ਸਬੰਧਤ ਸਨ। ਵਿਭਾਗੀ ਕਾਰਵਾਈ ਸਬੰਧੀ ਉਨਾਂ ਦੱਸਿਆ ਕਿ ਸਭ ਤੋਂ ਪਹਿਲਾ ਸਬੰਧਤ ਉਮੀਦਵਾਰਾਂ ਦੀ ਭਰਤੀ ਲਈ ਦਾਅਵੇਦਾਰੀ ਰੱਦ ਕੀਤੀ ਜਾਵੇਗੀ ਤੇ ਫਿਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

 

Related Articles

Leave a Reply

Your email address will not be published. Required fields are marked *

Back to top button
error: Sorry Content is protected !!