
Iਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਵਜੋਂ ਵਾਪਸ ਆਏ, ਪਰ ਪਾਰਟੀ ਦੇ ਦੋਹਰੇ ਮਾਪਦੰਡਾਂ ਕਾਰਨ ਬੇਚੈਨੀ ਵਧੀ
ਆਦੇਸ਼ ਪ੍ਰਤਾਪ ਸਿੰਘ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦੇ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ
ਨਰੇਸ਼ ਸ਼ਰਮਾ
ਚੰਡੀਗੜ੍ਹ 12 ਅਪ੍ਰੈਲ , ਸੁਖਬੀਰ ਸਿੰਘ ਬਾਦਲ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਹਨ । ਸਵਾਲ ਇਸ ਸਮੇ ਉੱਠ ਰਿਹਾ ਹੈ ਕਿ ਅਕਾਲੀ ਦਲ ਵਲੋਂ ਸੁਖਬੀਰ ਬਾਦਲ ਦੇ ਜੀਜੇ ਆਦੇਸ਼ ਪ੍ਰਤਾਪ ਸਿੰਘ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦੇ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ । ਜਦੋ ਕਿ ਸੁਖਬੀਰ ਬਾਦਲ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਵਲੋਂ ਪਾਰਟੀ ਵਿਰੋਧੀ ਕਦਮ ਚੁਕਿਆ ਜਾਂਦਾ ਹੈ ਤਾਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਸ਼ਰੇਆਮ ਮੁਆਫੀ ਮੰਗਦੇ ਹਨ । ਇਹ ਸਵਾਲ ਹਰ ਇਕ ਦੀ ਜੁਬਾਨ ਤੇ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੇਰੋ ਨੂੰ ਤਾਂ ਪਾਰਟੀ ਤੋਂ ਬਾਹਰ ਦਾ ਰਸਤਾ ਦੇਖ ਦਿਤਾ ਗਿਆ ਹੈ ਪਰ ਜਦੋਂ ਬਿਕਰਮ ਸਿੰਘ ਮਜੀਠੀਆ ਦੀ ਗੱਲ ਆਉਂਦੀ ਹੈ ਤਾਂ ਪਾਰਟੀ ਦੇ ਕਾਰਜਕਾਰੀ ਵਲੋਂ ਮਜੀਠੀਆ ਨੂੰ ਲੈ ਕਿ ਦਿੱਤੇ ਬਿਆਨ ਤੇ ਮੁਆਫੀ ਮੰਗਦੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ 8 ਮਾਰਚ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਤੇ ਉਨਾਂ ਦੇ ਨਾਲ ਹੋਰ ਅਕਾਲੀ ਆਗੂਆਂ ਵੱਲੋਂ ਜਾਰੀ ਬਿਆਨ ਨੇ ਮੇਰੇ ਵਰਗੇ ਪਾਰਟੀ ਅੰਦਰ ਸਭ ਤੋਂ ਬਜੁਰਗ ਤੇ ਸੀਨੀਅਰ ਆਗੂ ਨੂੰ ਭਾਰੀ ਠੇਸ ਪਹੁੰਚਾਈ ਹੈ।ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਿਕਰਮ ਨੇ ਉਸ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਉਪਰ ਸਵਾਲ ਚੁੱਕਕੇ ਗਲਤ ਕੀਤਾ ਹੈ ਜਿਸ ਕਮੇਟੀ ਦੇ ਪਹਿਲੇ ਪ੍ਰਧਾਨ ਉਸਦੇ ਪੜਦਾਦਾ ਸੁੰਦਰ ਸਿੰਘ ਮਜੀਠੀਆ ਬਣੇ ਸਨ। ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਜਥੇਦਾਰ ਸਾਹਿਬਾਨ ਨੂੰ ਲੈਕੇ ਲਿਆ ਫੈਸਲਾ ਲੰਮੇ ਵਿਚਾਰ ਵਿਟਾਂਦਰੇ ਤੋਂ ਬਾਦ ਹੀ ਲਿਆ ਗਿਆ ਹੈ।ਪਿਛਲੇ ਸਮੇਂ ਤੋਂ ਸਿੱਖ ਸਿਆਸਤ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਭੰਬਲਭੂਸੇ ਵਿੱਚੋਂ ਲੰਘਣਾ ਪੈ ਰਿਹਾ ਉਸ ਲਈ ਕੌਣ ਕੌਣ ਜਿੰਮੇਵਾਰ ਹੈ ਉਸ ਬਾਰੇ ਬਿਕਰਮ ਸਿੰਘ ਮਜੀਠੀਆ ਚੰਗੀ ਤਰਾਂ ਜਾਣਦੇ ਹਨ। ਬਿਕਰਮ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੇ ਬਚਪਨ ਤੋਂ ਪਾਲਿਆ ਤੇ ਬਾਦਲ ਪਰਿਵਾਰ ਦਾ ਹਿੱਸਾ ਹੋਣ ਕਰਕੇ ਵੱਡੇ ਮਾਣ ਦਿਵਾਏ।
ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਦੀ ਔਖੇ ਸਮੇਂ ਡੱਟਕੇ ਪਿੱਠ ਪੂਰੀ ਪਰ ਅੱਜ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਉੱਪਰ ਆਏ ਔਖੇ ਸਮੇਂ ਬਿਕਰਮ ਸਿੰਘ ਮਜੀਠੀਆ ਨੇ ਨਾਲ ਡੱਟਕੇ ਖੜਣ ਦੀ ਥਾਂ ਇੱਕ ਤਰਾਂ ਨਾਲ ਪਿੱਠ ਵਿੱਚ ਛੁਰਾ ਮਾਰਿਆ ਹੈ। ਸਵ: ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਪਿੱਛੋਂ ਅਕਾਲੀ ਦਲ ਅੰਦਰ ਬਣੇ ਹਾਲਾਤਾਂ ਨੂੰ ਲੈਕੇ ਮਜੀਠੀਆ ਦਾ ਫਰਜ ਬਣਦਾ ਸੀ ਕਿ ਉਸ ਮਹਾਨ ਵਿਅਕਤੀ ਦੇ ਅਹਿਸਾਨਾਂ ਕਾਰਣ ਉਸਦੀ ਵਿਰਾਸਤ ਨੂੰ ਸਾਂਭਣ ਵਿੱਚ ਸੁਖਬੀਰ ਸਿੰਘ ਬਾਦਲ ਦਾ ਡੱਟਕੇ ਸਾਥ ਦੇਂਦਾ। ਮੈਂ ਫਿਰ ਬਿਕਰਮ ਸਿੰਘ ਮਜੀਠੀਆ ਦੇ ਇਸ ਕਦਮ ਨੂੰ ਗਲਤ ਕਰਾਰ ਦੇਂਦਾ ਹੋਇਆ ਸਲਾਹ ਦੇਂਦਾ ਹਾਂ ਕਿ ਵਿਰੋਧੀਆਂ ਦੀ ਸਾਜਿਸ਼ ਦਾ ਹਿੱਸਾ ਬਨਣ ਦੀ ਥਾਂ ਆਓ ਰਲਕੇ ਏਨਾਂ ਸਾਜਿਸ਼ਾਂ ਦਾ ਮੁਕਾਬਲਾ ਕਰੀਏ।ਭੂੰਦੜ ਨੇ ਸਪੱਸ਼ਟ ਕੀਤਾ ਕਿ ਪਾਰਟੀ ਦੇ ਅੰਦਰ ਹਰ ਇੱਕ ਆਗੂ ਤੇ ਵਰਕਰ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਅਧਿਕਾਰ ਹੈ।ਮੈਂ ਸੁਪਨੇ ਵਿੱਚ ਵੀ ਕਿਆਸ ਨਹੀਂ ਸੀ ਕਰ ਸਕਦਾ ਕਿ ਬਿਕਰਮ ਸਿੰਘ ਮਜੀਠੀਆ ਪਾਰਟੀ ਦੇ ਜਾਬਤੇ ਦੀ ਇਸਤਰਾਂ ਉਲੰਘਣਾ ਕਰਨਗੇ।
ਭੂੰਦੜ ਦੇ ਬਿਆਨ ਤੋਂ ਅੰਦਾਜਾ ਲਗਾ ਸਕਦੇ ਹੋ ਜੋ ਉਨ੍ਹਾਂ ਵਲੋਂ ਅੱਜ ਸੁਖਬੀਰ ਬਾਦਲ ਦੀ ਮੁੜ ਪ੍ਰਧਾਨ ਬਣਨ ਤੋਂ ਪਹਿਲਾ ਦਿੱਤਾ ਹੈ ਅਕਾਲੀ ਦਲ ਵਲੋਂ ਇਸ ਗ਼ਲਤੀ ਲਈ ਬਿਕਰਮ ਮਜੀਠੀਆ ਨੂੰ ਮੁਆਫ ਕਰ ਦਿਤਾ ਹੈ । ਜਦੋਂ ਕਿ ਅਜੇ ਤਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਆਦੇਸ਼ ਪ੍ਰਤਾਪ ਕੇਰੋ ਨੂੰ ਪਾਰਟੀ ਤੋਂ ਕਿਉਂ ਕੱਢਿਆ ਗਿਆ ਹੈ ? ਸੁਖਬੀਰ ਸਿੰਘ ਬਾਦਲ ਵਲੋਂ ਪ੍ਰਧਾਨ ਬਣਨ ਤੋਂ ਬਾਅਦ ਰੁਸੇ ਆਗੂਆਂ ਨੂੰ ਅਕਾਲੀ ਚ ਵਾਪਸ ਆਉਂਣ ਦੀ ਅਪੀਲ ਕੀਤੀ ਹੈ । ਹੁਣ ਦੇਖਣਾ ਹੈ ਕਿ ਆਦੇਸ਼ ਪ੍ਰਤਾਪ ਕੇਰੋ ਦੀ ਕੀ ਅਕਾਲੀ ਦਲ ਚ ਵਾਪਸੀ ਹੋਵੇਗੀ ।