Chandigarh
2007 ਬੈਚ ਦੇ ਆਈਏਐਸ ਅਧਿਕਾਰੀ ਅਨਿੰਦਿਤਾ ਮਿਤਰਾ ਨੇ ਐਮ.ਸੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
ਚੰਡਗੀੜ ਦਾ ਸੁੰਦਰਤਾ ਵਿੱਚ ਪਹਿਲਾ ਸਥਾਨ ਯਕੀਨੀ ਬਣਾਉਣਾ ਨਵੇਂ ਮਿਊਂਸੀਪਲ ਕਾਰਪੋਰੇਸ਼ਨ ਕਮਿਸ਼ਨਰ ਦੀ ਮੁੱਖ ਤਰਜੀਹ
ਚੰਡੀਗੜ, 23 ਅਗਸਤ:
ਨਗਰ ਨਿਗਮ ਦੇ ਨਵੇਂ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਅੱਜ ਕਿਹਾ ਕਿ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਨਾਲ -ਨਾਲ ਚੰਡੀਗੜ ਸ਼ਹਿਰ ਨੂੰ ਖੂਬਸੂਰਤ ਬਣਾਉਣ ਅਤੇ ਸਵੱਛ ਇੰਡੈਕਸ ਵਿੱਚ ਪਹਿਲੇ ਸਥਾਨ ‘ਤੇ ਲਿਆਉਣਾ ਉਹਨਾਂ ਦੀ ਮੁੱਖ ਤਰਜੀਹ ਹੋਵੇਗੀ।
2007 ਬੈਚ ਦੇ ਆਈ.ਏ.ਐਸ. ਅਧਿਕਾਰੀ ਅਨਿੰਦਿਤਾ ਮਿਤਰਾ ਨੇ ਅੱਜ ਇਥੇ ਆਪਣੇ ਦਫਤਰ ਦਾ ਚਾਰਜ ਸੰਭਾਲਿਆ । ਇਸ ਤੋਂ ਇਲਾਵਾ ਸ੍ਰੀਮਤੀ ਮਿਤਰਾ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਵਰਗੇ ਮਹੱਤਵਪੂਰਨ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾ ਚੁੱਕੇ ਹਨ ਅਤੇ ਦੋ ਵਾਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ,ਪੰਜਾਬ ਦੇ ਡਾਇਰੈਕਟਰ ਵੀ ਰਹੇੇ ਹਨ, ਜਿਸ ਦੌਰਾਨ ਉਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਆਯੋਜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਕੇ ਦੁਨੀਆਂ ਭਰ ਵਿੱਚ ਪੰਜਾਬ ਸਰਕਾਰ ਦਾ ਸਿਰ ਉੱਚਾ ਕੀਤਾ। ਉਨਾਂ ਨੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਿੱਚ ਨਿਦੇਸ਼ਕ ਵਿੱਚੋਂ ਸਭ ਤੋਂ ਲੰਮੀ ਸੇਵਾ ਨਿਭਾਈ, ਜਿਸ ਦੌਰਾਨ ਟਰਾਂਸਪੋਰਟ ਯੂਨੀਅਨਾਂ ਭੰਗ ਕਰਨ ਅਤੇ ਲਗਾਤਾਰ ਚਾਰ ਸਾਲਾਂ ਦੇ ਆਪਣੇ ਸੇਵਾ ਕਾਲ ਵਿੱਚ ਨਿਰਵਿਘਨ ਅਤੇ ਸੁਚੱਜੇ ਖਰੀਦ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ । ਕੋਵਿਡ ਦੇ ਸੰਕਟਕਾਲੀ ਦੌਰ ਵਿੱਚ ਅਨਾਜ ਦੀ ਖਰੀਦ ਅਤੇ ਸਰਕਾਰ ਦਾ ਸਹੀ ਅਕਸ ਉਭਾਰਨ ਵਿੱਚ ਉਨਾਂ ਵਲੋਂ ਕੀਤੇ ਸਾਰੇ ਯਤਨ ਵੀ ਸਾਰਿਆਂ ਵਲੋਂ ਸਲਾਹੇ ਗਏ।
ਇਸ ਦੌਰਾਨ ਮਿਤਰਾ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਲੋਕਾਂ ਨੂੰ ਸਾਫ, ਪ੍ਰਭਾਵਸ਼ਾਲੀ, ਕੁਸ਼ਲ, ਪਾਰਦਰਸ਼ੀ ਅਤੇ ਨਾਗਰਿਕ ਕੇਂਦਰਿਤ ਪ੍ਰਸ਼ਾਸਨ ਮੁਹੱਈਆ ਕਰਾਉਣਾ ਹੋਵੇਗਾ। ਉਨਾਂ ਕਿਹਾ ਕਿ ਸ਼ਹਿਰ ਨੂੰ ਸਾਫ, ਹਰਾ-ਭਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਤਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇਗੀ। ਨਗਰ ਨਿਗਮ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਵਿਗਿਆਨਕ ਢੰਗਾਂ ਨਾਲ ਕੂੜੇ ਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਵੀ ਯਤਨ ਕੀਤੇ ਜਾਣਗੇ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਲੋਕਾਂ ਦੇ ਸਮਰਥਨ ਦੀ ਮੰਗ ਕਰਦਿਆਂ ਸ੍ਰੀਮਤੀ ਮਿਤਰਾ ਨੇ ਕਿਹਾ ਕਿ ਉਹ ਆਪਣੇ ਪੱਧਰ ’ਤੇ ਸ਼ਹਿਰ ਦੀ ਨੁਹਾਰ ਨੂੰ ਹੋਰ ਸੰਵਾਰਨ ਅਤੇ ਨਿਖ਼ਾਰਨ ਲਈ ਹਰ ਤਰਾਂ ਦੀਆਂ ਵਾਤਾਵਰਣ ਅਨੁਕੂਲ ਪਹਿਲਕਦਮੀਆਂ ਨੂੰ ਯਕੀਨੀ ਬਣਾਉਣਗੇ। ਉਨਾਂ ਕਿਹਾ ਕਿ ਲੋਕਾਂ ਨੂੰ ਵੀ ਇਸ ਇਤਿਹਾਸਕ ਸ਼ਹਿਰ ਦੀ ਪ੍ਰਤਿਸ਼ਠਾ ਨੂੰ ਬਣਾਈ ਰੱਖਣ ਲਈ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ ਹੈ। ਉਨਾਂ ਇਹ ਵੀ ਕਿਹਾ ਕਿ ਚੰਡੀਗੜ ਸ਼ਹਿਰ ਦਾ ਸੁੰਦਰਤਾ ਵਿੱਚ ਪਹਿਲਾ ਸਥਾਨ ਹਰ ਕੀਮਤ ‘ਤੇ ਯਕੀਨੀ ਬਣਾਇਆ ਜਾਵੇਗਾ। ਉਨਾਂ ਅਧਿਕਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ ਅਤੇ ਸਮਰਪਣ ਨਾਲ ਨਿਭਾਉਣ ਲਈ ਵੀ ਅਪੀਲ ਕੀਤੀ ਤਾਂ ਜੋ ਲੋਕਾਂ ਨੂੰ ਯਕੀਨੀ ਤੌਰ ’ਤੇ ਨਿਰਵਿਘਨ ਨਾਗਰਿਕ ਕੇਂਦਰਿਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।