
ਔਰੰਗਜ਼ੇਬ ਨੇ ਕਦੇ ਧਰਮ ਪਰਿਵਰਤਨ ਨਹੀਂ ਕਰਵਾਇਆ, ਇਹ ਝੂਠ ਕਹਿਣ ਵਾਲੇ ਕਾਂਗਰਸੀ ਸਾਂਸਦਾਂ ਖਿਲਾਫ਼ ਕਿਉਂ ਚੁੱਪ ਹੈ ਪੰਜਾਬ ਦੀ ਕਾਂਗਰਸ: ਸੰਧੂ
ਚੰਡੀਗੜ੍ਹ, 7 ਮਾਰਚ: ਕਾਂਗਰਸ ਦੇ ਸਾਂਸਦ ਇਮਰਾਨ ਮਸੂਦ, ਪੂਰਵ ਸਾਂਸਦ ਰਾਸ਼ਿਦ ਅਲਵੀ ਅਤੇ ਦਾਨਿਸ਼ ਅਲੀ ਵੱਲੋਂ ਬੀਤੇ ਦਿਨੀ ਔਰੰਗਜ਼ੇਬ ਦੀ ਜਮ ਕੇ ਤਾਰੀਫ਼ ਕਰਦਿਆਂ ਜੋ ਟਿੱਪਣੀਆਂ ਕੀਤੀਆਂ ਗਈਆਂ, ਉਹ ਬੇਹਦ ਨਿੰਦਣ ਯੋਗ ਹਨ। ਇਸ ਤੋਂ ਵੀ ਵੱਧ ਨਿੰਦਣਯੋਗ ਉਹ ਕਾਂਗਰਸੀ ਸਿੱਖ ਸਾਂਸਦਾਂ, ਵਿਧਾਇਕਾਂ ਅਤੇ ਪਦਾਧਿਕਾਰੀਆਂ ਦੀ ਚੁੱਪ ਹੈ ਜੋ ਸਿੱਖ ਇਤਿਹਾਸ ‘ਤੇ ਚਿੱਕੜ ਉਛਾਲਣ ਵਾਲੇ ਆਪਣੇ ਕਾਂਗਰਸ ਪਾਰਟੀ ਦੇ ਸਾਂਸਦਾਂ ਖਿਲਾਫ਼ ਮੂੰਹ ਖੋਲਣ ਦੀ ਹਿੰਮਤ ਨਹੀਂ ਜੁਟਾ ਰਹੇ। ਇਹ ਕਹਿਣਾ ਹੈ ਰਾਜ ਸਭਾ ਸਾਂਸਦ ਸਤਨਾਮ ਸਿੰਘ ਸੰਧੂ ਦਾ ਜੋ ਅੱਜ ਪੰਜਾਬ ਭਾਜਪਾ ਦੇ ਸੂਬਾ ਦਫ਼ਤਰ ਵਿੱਚ ਸੂਬਾ ਬੁਲਾਰੇ ਪ੍ਰਿਤਪਾਲ ਸਿੰਘ ਬੱਲਿਆਂਵਾਲ ਅਤੇ ਸੂਬਾ ਮੀਡੀਆ ਇੰਚਾਰਜ਼ ਵਿਨੀਤ ਜੋਸ਼ੀ ਦੇ ਨਾਲ ਪੱਤਰਕਾਰ ਵਾਰਤਾ ਨੂੰ ਸੰਬੋਧਿਤ ਕਰ ਰਹੇ ਸਨ।
ਕਾਂਗਰਸ ਦੇ ਸਾਂਸਦਾਂ ਨੇ ਕਿਹਾ ਹੈ ਕਿ ਔਰੰਗਜ਼ੇਬ ਦੇ ਰਾਜ ਵਿੱਚ ਜੋ ਤਰੱਕੀ ਹੋਈ ਉਹ ਕਿਸੇ ਹੋਰ ਰਾਜ ਵਿੱਚ ਨਹੀਂ ਹੋਈ। ਉਹ ਜ਼ਾਲਿਮ ਨਹੀਂ ਸੀ ਅਤੇ ਨਾ ਹੀ ਉਸਨੇ ਆਪਣੇ ਜੀਵਨ ਵਿੱਚ ਕੋਈ ਧਰਮ ਪਰਿਵਰਤਨ ਕਰਵਾਇਆ। ਔਰੰਗਜ਼ੇਬ ਨੂੰ ਇਤਿਹਾਸਕਾਰਾਂ ਨੇ ਜਾਨਬੂਝ ਕੇ ਗਲਤ ਦਿਖਾਇਆ, ਜਦਕਿ ਸੱਚਾਈ ਉਸਦੇ ਵਿਰੁੱਧ ਸੀ।
ਸੰਧੂ ਨੇ ਕਿਹਾ ਕਿ ਜੇਕਰ ਕਾਂਗਰਸੀ ਸਾਂਸਦਾਂ ਦੀ ਇਸ ਜਾਣਕਾਰੀ ਨੂੰ ਸੱਚ ਮੰਨ ਲਿਆ ਜਾਵੇ ਤਾਂ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹਾਦਤ ਕਿਉਂ ਲਈ ਗਈ ਸੀ। ਚਾਂਦਨੀ ਚੌਕ ਦਾ ਇਤਿਹਾਸ ਅੱਜ ਵੀ ਔਰੰਗਜ਼ੇਬ ਦੇ ਕਾਰਨਾਮਿਆਂ ਦੀ ਵਿਆਖਿਆ ਕਰ ਰਿਹਾ ਹੈ। ਸ਼੍ਰੀ ਆਨੰਦਪੁਰ ਸਾਹਿਬ, ਸ਼੍ਰੀ ਚਮਕੌਰ ਸਾਹਿਬ ਅਤੇ ਸ਼੍ਰੀ ਫਤਹਗੜ੍ਹ ਸਾਹਿਬ ਦੀ ਇੱਕ-ਇੱਕ ਸਰਹਦੀ ਇਟ ਇਤਿਹਾਸ ਦੀ ਗਵਾਹੀ ਦੇ ਰਹੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਔਰੰਗਜ਼ੇਬ ਨੂੰ ਉਸਦੇ ਜਬਰ ਖਿਲਾਫ਼ ਲਿਖਿਆ ਗਿਆ ਜਫਰਨਾਮਾ ਜੋ ਸੱਚਾਈ ਬਿਆਨ ਕਰਦਾ ਹੈ, ਉਸਨੂੰ ਕਿਵੇਂ ਝੁਠਲਾਇਆ ਜਾ ਸਕਦਾ ਹੈ।
ਸੰਧੂ ਨੇ ਅੱਗੇ ਕਿਹਾ ਕਿ ਕਾਂਗਰਸ ਦੇ ਸਾਂਸਦ ਅਤੇ ਪੂਰਵ ਸਾਂਸਦ ਜੇਕਰ ਆਪਣੇ ਧਰਮ ਨਾਲ ਸੰਬੰਧਿਤ ਔਰੰਗਜ਼ੇਬ ਦੀ ਤਾਰੀਫ ਕਰਦੇ ਹੋਏ ਇਤਿਹਾਸ ਨੂੰ ਗਲਤ ਦੱਸ ਰਹੇ ਹਨ, ਤਾਂ ਪੰਜਾਬ ਦੇ ਸੱਤ ਕਾਂਗਰਸੀ ਸਾਂਸਦ ਸਿੱਖ ਇਤਿਹਾਸ ‘ਤੇ ਹੋਏ ਹਮਲੇ ਵਾਲੇ ਬਿਆਨ ‘ਤੇ ਕੋਈ ਟਿੱਪਣੀ ਕਿਉਂ ਨਹੀਂ ਕਰ ਰਹੇ।
ਸੰਧੂ ਨੇ ਕਾਂਗਰਸ ਦੇ ਸੱਤ ਸਾਂਸਦਾਂ ਦੇ ਨਾਲ- ਨਾਲ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ (SGPC) ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਫਿਲਮ ਵਿੱਚ ਸਿੱਖਾਂ ਖਿਲਾਫ਼ ਕੋਈ ਟਿੱਪਣੀ ਹੋਣ ‘ਤੇ SGPC ਫਰਮਾਨ ਜਾਰੀ ਕਰਦੀ ਹੈ ਅਤੇ ਉਸਦਾ ਵਿਰੋਧ ਕਰਦੀ ਹੈ, ਪਰ ਸਿੱਖ ਇਤਿਹਾਸ ‘ਤੇ ਕੀਤੀ ਗਈ ਇਸ ਚੋਟ ‘ਤੇ SGPC ਨੇ ਖਾਮੋਸ਼ ਰਹਿ ਕੇ ਸਿੱਖ ਭਾਈਚਾਰੇ ਨੂੰ ਠੇਸ ਪਹੁੰਚਾਈ ਹੈ।
ਸੰਧੂ, ਬੱਲਿਆਂਵਾਲ ਅਤੇ ਜੋਸ਼ੀ ਨੇ ਸਾਰਿਆਂ ਸਿੱਖ ਸੰਸਥਾਵਾਂ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਔਰੰਗਜ਼ੇਬ ਜ਼ਾਬਰ ਸੀ, ਕਾਤਿਲ ਸੀ ਅਤੇ ਉਸਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ। ਅੱਜ ਜੇਕਰ ਕਿਸੇ ਘੱਟ ਸਮਝ ਵਾਲੇ ਕਾਂਗਰਸ ਦੇ ਸਾਂਸਦ ਅਤੇ ਪੂਰਵ ਸਾਂਸਦਾਂ ਵੱਲੋਂ ਔਰੰਗਜ਼ੇਬ ਦੀ ਤਾਰੀਫ਼ ਕਰ ਇਤਿਹਾਸ ‘ਤੇ ਸਵਾਲ ਲਗਾਇਆ ਜਾ ਰਿਹਾ ਹੈ, ਤਾਂ ਉਸਦੇ ਖਿਲਾਫ਼ ਸਾਨੂੰ ਸਾਰਿਆਂ ਨੂੰ ਆਵਾਜ਼ ਚੁੱਕਣ ਦੀ ਲੋੜ ਹੈ। ਸਿੱਖਾਂ ਦੇ ਨਾਲ- ਨਾਲ ਹਿੰਦੂਆਂ ਉੱਤੇ ਜ਼ਿਆਦਤਿਆਂ ਕਰਨ ਵਾਲੇ ਔਰੰਗਜ਼ੇਬ ਦੀ ਤਾਰੀਫ਼ ਕਰਕੇ ਸਿੱਖ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਾਰੀਆਂ ਸਿੱਖ ਸੰਸਥਾਵਾਂ ਅਤੇ ਹਿੰਦੂ ਭਾਈਚਾਰੇ ਵੱਲੋਂ ਸੰਯੁਕਤ ਵਿਰੋਧ ਜਤਾਇਆ ਜਾਣਾ ਚਾਹੀਦਾ ਹੈ, ਨਹੀਂ ਤਾਂ ਸਾਡੇ ਸਿੱਖ ਗੁਰੂਆਂ ਦੀ ਸ਼ਹਾਦਤ ਨੂੰ ਭਵਿੱਖ ਵਿੱਚ ਇਸ ਤਰ੍ਹਾਂ ਗਲਤ ਨਜ਼ਰੀਏ ਨਾਲ ਦਿਖਾਉਣ ਦੀ ਕੋਸ਼ਿਸ਼ ਹੁੰਦੀ ਰਹੇਗੀ।