Punjab

ਕੱਚੇ ਮੁਲਾਜ਼ਮ ਪੱਕੇ ਨਾ ਕਰਨ ਵਾਲੀ ਸਰਕਾਰ ਨੂੰ ਸਬਕ ਸਿਖਾਉਣ ਦਾ ਐਲਾਨ

ਦਲਜੀਤ ਕੌਰ ਭਵਾਨੀਗੜ੍ਹ
ਜਲੰਧਰ, 16 ਜਨਵਰੀ, 2022 : ‘ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ’ ਵੱਲੋਂ ਸਥ‍ਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਪ੍ਰਤੀਨਿੱਧ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਵਿੱਚ ਪੁੱਜੇ ਸਾਂਝੇ ਫਰੰਟ ਦੀਆਂ ਫੈਡਰੇਸ਼ਨਾਂ ਅਤੇ ਜਥੇਬੰਦੀਆਂ ਦੇ ਸਮੂਹ ਪ੍ਰਤੀਨਿੱਧਾਂ ਵੱਲੋਂ ਸਰਬ-ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ, ਮਾਣ-ਭੱਤਾ ਵਰਕਰਾਂ ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਨਾ ਕਰਨ, ਤਨਖਾਹ ਕਮਿਸ਼ਨ ਨੂੰ ਮੁਲਾਜ਼ਮਾਂ ਦੇ ਪੈਨਸ਼ਨਰਾਂ ਦੇ ਹਿੱਤਾਂ ਅਨੁਸਾਰ ਲਾਗੂ ਨਾ ਕਰਨ, ਮੁਲਾਜ਼ਮਾਂ ਦੇ ਭੱਤਿਆਂ ਅਤੇ ਏ.ਸੀ.ਪੀ. ਉੱਤੇ ਰੋਕ ਲਗਾਉਣ, ਮੁਲਾਜ਼ਮਾਂ ਦੇ ਪਰਖ ਕਾਲ ਸਮੇੰ ਦੌਰਾਨ ਦੇ ਬਾਕੀ ਜਾਰੀ ਨਾ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਾ ਦੇਣ ਵਾਲੀ ਕਾਂਗਰਸ ਸਰਕਾਰ ਦਾ ਵਿਧਾਨ ਸਭਾ ਚੌਣਾਂ ਦੌਰਾਨ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਇਸੇ ਤਰ੍ਹਾਂ ਫੈਸਲਾ ਕੀਤਾ ਗਿਆ ਕਿ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਦਿਆਂ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦਾ ਵੀ ਮੁਕੰਮਲ ਰੂਪ ਵਿੱਚ ਬਾਈਕਾਟ ਕੀਤਾ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਆਗੂਆਂ ਸਤੀਸ਼ ਰਾਣਾ, ਜਰਮਨਜੀਤ ਸਿੰਘ, ਰਣਜੀਤ ਸਿੰਘ ਰਾਣਵਾਂ, ਰਵਿੰਦਰ ਲੂਥਰਾ, ਬਾਜ਼ ਸਿੰਘ ਖਹਿਰਾ, ਸੁਖਜੀਤ ਸਿੰਘ, ਜਸਵੀਰ ਤਲਵਾੜਾ ਆਦਿ ਨੇ ਆਖਿਆ ਕਿ ਪਿਛਲੇ ਪੰਜ ਸਾਲ ਕਾਂਗਰਸ ਪਾਰਟੀ ਦੀ ਸਰਕਾਰ ਨੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ-ਭੱਤਾ ਵਰਕਰਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਲਗਾਤਾਰ ਟਾਲਾ ਵੱਟਿਆ ਹੈ ਜਿ ਕਾਰਨ ਕਾਂਗਰਸ ਸਰਕਾਰ ਪ੍ਰਤੀ ਵੱਡੇ ਪੱਧਰ ਤੇ ਰੋਸ ਦੀ ਲਹਿਰ ਹੈ। ਇਸ ਲਈ 26 ਜਨਵਰੀ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜਲੰਧਰ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪਟਿਆਲਾ ਵਿਖੇ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ। ਇਸੇ ਤਰਾਂ 1 ਫਰਵਰੀ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਹਲਕੇ ਵਿੱਚ ਝੰਡਾ ਮਾਰਚ ਕਰਕੇ ਸਰਕਾਰ ਦੇ ਵਾਅਦਿਆਂ ਦੀ ਪੋਲ ਖੋਲੀ ਜਾਵੇਗੀ।
ਆਗੂਆਂ ਨੇ ਆਖਿਆ ਕਿ ਅੱਜ ਵਿਧਾਨ ਸਭਾ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਵੱਲੋਂ ਵੀ ਮੁਲਾਜ਼ਮਾਂ, ਪੈਨਸ਼ਨਰਾਂ ਤੇ ਮਾਣ-ਭੱਤਾ ਵਰਕਰਾਂ ਦੇ ਮਸਲੇ ਹੱਲ ਕਰਨ ਲਈ ਕੋਈ ਠੋਸ ਪ੍ਰੋਗਰਾਮ ਪੇਸ਼ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਸਾਂਝੇ ਫਰੰਟ ਵੱਲੋਂ ਵੱਡੇ ਵਫ਼ਦ ਬਣਾ ਕੇ ਇਹਨਾਂ ਪਾਰਟੀਆਂ ਦੇ ਮੁੱਖ ਲੀਡਰਾਂ ਸਵਾਲ ਕੀਤੇ ਜਾਣਗੇ। ਇਸ ਤਹਿਤ 21 ਜਨਵਰੀ ਨੂੰ ਸੰਗਰੂਰ ਵਿਖੇ ਆਮ ਆਦਮੀ ਪਾਰਟੀ, 22 ਜਨਵਰੀ ਨੂੰ ਜਲੰਧਰ ਵਿਖੇ ਬਹੁਜਨ ਸਮਾਜ ਪਾਰਟੀ, 23 ਜਨਵਰੀ ਲੁਧਿਆਣਾ ਵਿਖੇ ਸੰਯੁਕਤ ਸਮਾਜ ਮੋਰਚਾ ਅਤੇ 24 ਜਨਵਰੀ ਨੂੰ ਲੰਬੀ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਮੁਲਾਜ਼ਮ ਮੰਗਾਂ ਸੰਬੰਧੀ ਸਵਾਲ ਪੁੱਛੇ ਜਾਣਗੇ।
ਸਾਂਝੇ ਫਰੰਟ ਦੇ ਆਗੂਆਂ ਹਰਦੀਪ ਟੋਡਰਪੁਰ, ਪਰਦੁਮਣ ਗੌਤਮ, ਤੀਰਥ ਬਾਸੀ, ਗੁਰਕਮਲ ਸਿੰਘ, ਅਵਤਾਰ ਸਿੰਘ ਪੰਧੇਰ, ਜਰਨੈਲ ਸਿੰਘ ਪੱਟੀ, ਰਣਵੀਰ ਸਿੰਘ ਢੰਡੇ, ਸਤਨਾਮ ਸਿੰਘ ਰੰਧਾਵਾ, ਸ਼ਿੰਗਾਰਾ ਸਿੰਘ ਐਲਾਨ ਕੀਤਾ ਗਿਆ ਕਿ ਕੇੰਦਰੀ ਟਰੇਡ ਯੂਨੀਅਨਾਂ ਵੱਲੋਂ 23-24 ਫਰਵਰੀ ਨੂੰ ਕੇੰਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਕੀਤੀ ਜਾ ਰਹੀ ਦੋ ਦਿਨਾਂ ਹੜਤਾਲ ਦਾ ਸਾਂਝੇ ਫਰੰਟ ਵੱਲੋਂ ਸਮਰਥਨ ਕੀਤਾ ਜਾਵੇਗਾ। ਇਸ ਮੌਕੇ ਤੇ ਸੁਰਿੰਦਰ ਪੁਆਰੀ, ਵਿਕਰਮ ਦੇਵ ਸਿੰਘ, ਸੁਖਵਿੰਦਰ ਚਾਹਲ, ਵਰਿੰਦਰ ਵਿੱਕੀ, ਦਵਿੰਦਰ ਭੱਟੀ, ਸੋਮ ਸਿੰਘ, ਬਲਵੀਰ ਸਿੰਘ ਚੀਮਾ ਆਦਿ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!