
ਅਕਾਲੀ ਦਲ ਵੱਲੋਂ ਲੁਧਿਆਣਾ ਪੱਛਮੀ ’ਚ ਵਿਸ਼ਾਲ ਰੋਡ ਸ਼ੋਅ
ਵਿਸ਼ਾਲ ਰੋਡ ਸ਼ੋਅ : ਵੱਡੀ ਗਿਣਤੀ ’ਚ ਸੜਕਾਂ ’ਤੇ ਆ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦਾ ਸਵਾਗਤ ਕੀਤਾ
ਲੁਧਿਆਣਾ, 16 ਜੂਨ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਲੁਧਿਆਣਾ ਪੱਛਮੀ ਵਿਚ ਪਾਰਟੀ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੇ ਹੱਕ ’ਚ ਵਿਸ਼ਾਲ ਰੋਡ ਸ਼ੋਅ ਕੀਤਾ ਜਿਸਨੂੰ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਲਾਮਿਸਾਲ ਹੁੰਗਾਰਾ ਮਿਲਿਆ।
ਰੋਡ ਸ਼ੋਅ, ਜਿਸਦੀ ਅਗਵਾਈ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ, ਦੌਰਾਨ ਦੁਕਾਨਦਾਰਾਂ ਨੇ ਭਾਰੀ ਬਰਸਾਤ ਦੇ ਬਾਵਜੂਦ ਦੁਕਾਨਾਂ ਤੋਂ ਬਾਹਰ ਆ ਕੇ ਅਕਾਲੀ ਦਲ ਦੇ ਕਾਫਲੇ ਦਾ ਸਵਾਗਤ ਕੀਤਾ। ਬਾਅਦ ਵਿਚ ਜਦੋਂ ਬਰਸਾਤ ਰੁਕ ਗਈ ਤਾਂ ਔਰਤਾਂ ਤੇ ਨੌਜਵਾਨਾਂ ਸਮੇਤ ਸਮਾਜ ਦੇ ਹੋਰ ਵਰਗਾਂ ਨੇ ਅਕਾਲੀ ਦਲ ਦੇ ਉਮੀਦਵਾਰ ਵਿਚ ਨਿੱਤਰ ਕੇ ਸਰਦਾਰ ਪਰਉਪਕਾਰ ਸਿੰਘ ਘੁੰਮਣ ਦੀ ਉਮੀਦਵਾਰੀ ਦੀ ਹਮਾਇਤ ਦਾ ਭਰੋਸਾ ਦੁਆਇਆ।
ਰੋਡ ਸ਼ੋਅ ਦੌਰਾਨ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ। ਨੌਜਵਾਨਾਂ ਨੇ ਅੱਗੇ ਹੋ ਕੇ ਅਕਾਲੀ ਦਲ ਦੇ ਪ੍ਰਧਾਨ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਉਹਨਾਂ ਨਾਲ ਸੈਲਫੀਆਂ ਖਿਚਵਾਈਆਂ। ਵੱਖ-ਵੱਖ ਵਪਾਰੀ ਐਸੋਸੀਏਸ਼ਨਾਂ ਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੇ ਕਾਫਲੇ ਨੂੰ ਰੋਕਿਆ। ਇਹਨਾਂ ਐਸੋਸੀਏਸ਼ਨਾਂ ਨੇ ਸਰਦਾਰ ਬਾਦਲ ਤੇ ਸਰਦਾਰ ਘੁੰਮਣ ਦਾ ਸਨਮਾਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰੋਡ ਸ਼ੋਅ ਨੂੰ ਮਿਲੇ ਲਾਮਿਸਾਲ ਹੁੰਗਾਰੇ ਤੋਂ ਪਤਾ ਚਲਦਾ ਹੈ ਕਿ ਲੁਧਿਆਣਾ ਦੇ ਲੋਕ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਗੁੰਡਾਗਰਦੀ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਉਹਨਾਂ ਦੇ ਮਸਲੇ ਹੱਲ ਕਰਨ ਵਿਚ ਨਾਕਾਮ ਰਹਿਣ ਤੋਂ ਅੱਕ ਗਏ ਹਨ। ਉਹਨਾਂ ਕਿਹਾ ਕਿ ਵਿਕਾਸ ਕਾਰਜ ਠੱਪ ਹੋ ਗਏ ਹਨ ਅਤੇ ਪਿਛਲੇ ਅੱਠ ਸਾਲਾਂ ਤੋਂ ਸ਼ਹਿਰ ਵਿਚ ਕੋਈ ਵੀ ਕੰਮਕਜ ਨਹੀਂ ਹੋ ਰਿਹਾ।
ਉਹਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਹਮੇਸ਼ਾ ਤੇਜ਼ ਰਫਤਾਰ ਵਿਕਾਸ ਲਈ ਜਾਣਿਆ ਜਾਂਦਾ ਰਿਹਾ ਹੈ। ਭਾਵੇਂ ਫਲਾਈ ਓਵਰ ਹੋਵੇ ਜਾਂ ਦੱਖਣੀ ਬਾਈਪਾਸ ਸਾਰੇ ਪ੍ਰਮੁੱਖ ਬੁਨਿਆਦੀ ਢਾਂਚੇ ਦੇ ਕੰਮ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ।
ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਆਪ ਸਰਕਾਰ ਕੋਲ ਕਾਰਗੁਜ਼ਾਰੀ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ ਹੈ ਅਤੇ ਉਹ ਲੁਧਿਆਣਾ ਵਿਚ ਬੁਨਿਆਦੀ ਢਾਂਚੇ ਦੇ ਇਕ ਵੀ ਪ੍ਰਾਜੈਕਟ ਦਾ ਸਿਹਰਾ ਨਹੀਂ ਲੈ ਸਕਦੀਆਂ। ਉਹਨਾਂ ਕਿਹਾ ਕਿ ਇਸੇ ਤਰੀਕੇ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਪਰਉਪਕਾਰ ਸਿੰਘ ਘੁੰਮਣ ਇਕ ਪ੍ਰਮੁੱਖ ਵਕੀਲ ਹਨ ਅਤੇ ਨਾਮੀ ਮਨੁੱਖੀ ਅਧਿਕਾਰ ਕਾਰਕੁੰਨ ਹਨ। ਉਹਨਾਂ ਕਿਹਾ ਕਿ ਸਰਦਾਰ ਘੁੰਮਣ ਨੇ ਵੱਖ-ਵੱਖ ਖੇਤਰਾਂ ਵਿਚ ਅਹਿਮਯੋਗਦਾਨ ਪਾਇਆ ਹੈ ਤੇ ਉਹ ਤੁਹਾਡੀਆਂ ਵੋਟਾਂ ਦੇ ਹੱਕਦਾਰ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਨੇ ਪੰਜਾਬ ਦੀ ਵਾਗਡੋਰ ਬਾਹਰਲਿਆਂ ਹੱਥ ਸੌਂਪ ਦਿੱਤੀ ਹੈ ਜੋ ਬਹੁਤ ਤਬਾਹਕੁੰਨ ਸਾਬਤ ਹੋ ਰਹੀ ਹੈ ਭਾਵੇਂ ਉਹ ਕਾਨੂੰਨ ਵਿਵਸਥਾ ਦੀ ਗੱਲ ਹੋਵੇ ਜਾਂ ਲਗਾਤਾਰ ਵੱਧ ਕਰਜ਼ੇ ਲੈ ਕੇ ਸੂਬੇ ਨੂੰ ਕੰਗਾਲ ਬਣਾਉਣਾ। ਉਹਨਾਂ ਕਿਹਾ ਕਿ ਆਉਂਦੀਆਂ ਜ਼ਿਮਨੀ ਚੋਣਾਂ ਵਿਚ ਆਪ ਦੀ ਹਾਰ ਨਾਲ ਲੋਕ ਪੱਖੀ ਅਕਾਲੀ ਦਲ ਸਰਕਾਰ ਦੀ ਵਾਪਸੀ ਦਾ ਰਾਹ ਪੱਧਰਾ ਹੋਵੇਗਾ ਜੋ ਸਰਵ ਪੱਖੀ ਵਿਕਾਸ, ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਲਈ ਜਾਣੀ ਜਾਂਦੀ ਹੈ।
ਇਹ ਵਿਸ਼ਾਲ ਰੋਡ ਸ਼ੋਅ ਜੋ ਜਵਾਹਰ ਨਗਰ ਕੈਂਪ ਤੋਂ ਸ਼ੁਰੂ ਹੋਇਆ, ਭਰਾਤ ਨਗਰ ਸਿੰਘ ਚੌਕ, ਮਾਲ ਰੋਡ, ਫੁਆਰਾ ਚੌਕ, ਮਹਾਰਾਣੀ ਝਾਂਸੀ ਚੌਕ, ਘੁਮਾਰ ਮੰਡੀ ਤੋਂ ਹੁੰਦਾ ਹੋਇਆ ਆਰਤੀ ਚੌਕ ਵਿਖੇ ਖਤਮ ਹੋਇਆ।