
Cheema Urges Protestors to Avoid Disrupting Punjab’s Trade Routes, Focus on Opposing Centre's Anti-Farmers Policies
ਚੰਡੀਗੜ੍ਹ, 19 ਮਾਰਚ : ਆਮ ਆਦਮੀ ਪਾਰਟੀ (ਆਪ) ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਲਈ ਪਾਰਟੀ ਦੇ ਅਟੁੱਟ ਸਮਰਥਨ ਨੂੰ ਦੁਹਰਾਇਆ ਅਤੇ ਉਨ੍ਹਾਂ ਨੂੰ ਪੰਜਾਬ ਦੇ ਵਪਾਰ ਅਤੇ ਉਦਯੋਗਿਕ ਖੇਤਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ਤੋਂ ਬਚਣ ਦੀ ਅਪੀਲ ਕੀਤੀ। ਹਾਈਵੇਅ ਬੰਦ ਹੋਣ ਕਾਰਨ ਹੋਏ ਵਿਘਨਾਂ ਨੂੰ ਸੰਬੋਧਿਤ ਕਰਦੇ ਹੋਏ, ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਚੱਲ ਰਿਹਾ ਸੰਘਰਸ਼ ਪੰਜਾਬ ਦੀਆਂ ਆਰਥਿਕ ਜੀਵਨ ਰੇਖਾਵਾਂ ਦੀ ਕੀਮਤ ‘ਤੇ ਨਹੀਂ ਆਉਣਾ ਚਾਹੀਦਾ।
“ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੁਆਰਾ ਲਗਾਏ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਦੌਰਾਨ, ‘ਆਪ’ ਕਿਸਾਨਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਸੀ। ਪੰਜਾਬ ਦੇ ਲੋਕਾਂ ਅਤੇ ਸਾਡੀ ਸਰਕਾਰ ਨੇ ਉਸ ਸਮੇਂ ਦੌਰਾਨ ਕਿਸਾਨਾਂ ਦਾ ਦਿਲੋਂ ਸਮਰਥਨ ਕੀਤਾ। ਅੱਜ ਵੀ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਵੱਲ ਸੰਬੰਧਿਤ ਹਨ, ਅਤੇ ਉਨ੍ਹਾਂ ਦੀ ਲੜਾਈ ਉਸ ਪੱਧਰ ‘ਤੇ ਜਾਰੀ ਰਹਿਣੀ ਚਾਹੀਦੀ ਹੈ। ਚੀਮਾ ਨੇ ਕਿਹਾ ਸ਼ੰਭੂ ਅਤੇ ਖਨੌਰੀ ਵਰਗੀਆਂ ਪੰਜਾਬ ਦੀਆਂ ਸਰਹੱਦਾਂ ਨੂੰ ਰੋਕਣ ਨਾਲ ਸੂਬੇ ਦੀ ਆਰਥਿਕਤਾ ਅਤੇ ਵਪਾਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ,”।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਇਸ ਸਮੇਂ ਨਸ਼ਿਆਂ ਵਿਰੁੱਧ ਇੱਕ ਨਾਜ਼ੁਕ ਲੜਾਈ ਲੜ ਰਿਹਾ ਹੈ, ਅਤੇ ਇਸ ਲੜਾਈ ਨੂੰ ਜਿੱਤਣ ਲਈ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਜ਼ਰੂਰੀ ਹੈ।ਚੀਮਾ ਨੇ ਅੱਗੇ ਕਿਹਾ “ਜੇਕਰ ਉਦਯੋਗ ਠੱਪ ਹੋ ਜਾਂਦੇ ਹਨ ਅਤੇ ਵਪਾਰ ਤੇ ਵਿਘਨ ਪੈਂਦਾ ਹੈ, ਤਾਂ ਅਸੀਂ ਆਪਣੇ ਨੌਜਵਾਨਾਂ ਲਈ ਨੌਕਰੀਆਂ ਕਿਵੇਂ ਪੈਦਾ ਕਰਾਂਗੇ? ਰੁਜ਼ਗਾਰ ਤੋਂ ਬਿਨਾਂ, ਅਸੀਂ ਉਨ੍ਹਾਂ ਨੂੰ ਨਸ਼ਿਆਂ ਦੇ ਚੁੰਗਲ ਵਿੱਚੋਂ ਨਹੀਂ ਕੱਢ ਸਕਦੇ। ਵਪਾਰ ਅਤੇ ਉਦਯੋਗ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ, ਅਤੇ ਬੰਦ ਹਾਈਵੇਅ ਦੋਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ,”।
ਚੀਮਾ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਉਨ੍ਹਾਂ ਦੀ ਹਮਾਇਤ ਲਈ ਵਚਨਬੱਧ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ‘ਆਪ’ ਦੇ ਮੰਤਰੀ ਕਿਸਾਨਾਂ ਦੀਆਂ ਚਿੰਤਾਵਾਂ ਕੇਂਦਰ ਸਰਕਾਰ ਅੱਗੇ ਰੱਖਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, “ਅਸੀਂ ਕਿਸਾਨ ਆਗੂਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਪੰਜਾਬ ਨੂੰ ਅੱਗੇ ਵਧਣ ਦਿੰਦੇ ਹੋਏ ਕੇਂਦਰ ਸਰਕਾਰ ਵਿਰੁੱਧ ਆਪਣੇ ਸੰਘਰਸ਼ ਨੂੰ ਕੇਂਦਰਿਤ ਕਰਨ। ਅਸੀਂ ਹਮੇਸ਼ਾ ਵਾਂਗ ਅੱਜ ਵੀ ਕਿਸਾਨਾਂ ਦੇ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਨਾਲ ਮਿਲ ਕੇ ਸੰਘਰਸ਼ ਜਾਰੀ ਰੱਖਾਂਗੇ।”