
‘ਯੁੱਧ ਨਸ਼ਿਆਂ ਵਿਰੁੱਧ’: ਹੁਣ ਤੱਕ 2,851 ਐਨਡੀਪੀਐਸ ਮਾਮਲੇ ਦਰਜ, 4,765 ਨਸ਼ਾ ਤਸਕਰ ਗ੍ਰਿਫ਼ਤਾਰ, 5.93 ਕਰੋੜ ਰੁਪਏ ਦੀ ਡਰੱਗ ਮਨੀ, 191 ਕਿੱਲੋਗਰਾਮ ਹੈਰੋਇਨ ਜ਼ਬਤ ਅਤੇ 55 ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹਿਆ
ਨਸ਼ਿਆਂ ਵਿਰੁੱਧ ਆਪ ਦੀ ਜੰਗ ਹਰ ਪਿੰਡ, ਮੁਹੱਲੇ ਅਤੇ ਸ਼ਹਿਰ ਤੱਕ ਪਹੁੰਚੇਗੀ: ਹਰਪਾਲ ਸਿੰਘ ਚੀਮਾ
‘ਆਪ’ ਦੀ ਨਸ਼ਾ ਵਿਰੋਧੀ ਮੁਹਿੰਮ ਸ਼ਹਿਰਾਂ ‘ਚ ਪਹਿਲਾਂ ਹੀ ਚੱਲ ਰਹੀ ਹੈ, ਮਈ ‘ਚ ਨਸ਼ਾ ਖ਼ਤਮ ਕਰਨ ਦੀ ਲੜਾਈ ‘ਚ ਪਿੰਡ ਵੀ ਹੋਣਗੇ ਸ਼ਾਮਲ-ਚੀਮਾ
ਚੰਡੀਗੜ੍ਹ, 3 ਅਪ੍ਰੈਲ
ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਪਿਛਲੀਆਂ ਸਰਕਾਰਾਂ ਦੌਰਾਨ ਸੂਬੇ ਨੂੰ ਪ੍ਰਭਾਵਿਤ ਕਰਨ ਵਾਲੇ ਨਸ਼ਿਆਂ ਦੇ ਖ਼ਤਰੇ ਵਿਰੁੱਧ ਫੈਸਲਾਕੁੰਨ ਲੜਾਈ ਲੜ ਰਹੀ ਹੈ।
ਆਪ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੀਨੀਅਰ ਬੁਲਾਰੇ ਨੀਲ ਗਰਗ ਦੇ ਨਾਲ ਅੱਜ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਵਿੱਚ ਮੁੱਖ ਪ੍ਰਾਪਤੀਆਂ ਸਾਂਝੀਆਂ ਕੀਤੀਆਂ।
ਨਸ਼ਾ ਤਸਕਰਾਂ ਵਿਰੁੱਧ ਸੂਬੇ ਦੀ ਸਖ਼ਤ ਕਾਰਵਾਈ ਨੂੰ ਉਜਾਗਰ ਕਰਦੇ ਹੋਏ, ਮੰਤਰੀ ਚੀਮਾ ਨੇ ਦੱਸਿਆ ਕਿ ਐਨਡੀਪੀਐਸ ਐਕਟ ਤਹਿਤ ਪੰਜਾਬ ਭਰ ਵਿੱਚ 2,851 ਮਾਮਲੇ ਦਰਜ ਕੀਤੇ ਗਏ ਹਨ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ 4,765 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਸਰਕਾਰ ਨੇ ਨਸ਼ਿਆਂ ਦੇ ਪੈਸੇ ਦੀ ਵਰਤੋਂ ਕਰਕੇ ਬਣਾਈਆਂ ਗਈਆਂ 55 ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹ ਦਿੱਤਾ ਹੈ ਅਤੇ ਨਸ਼ਾ ਤਸਕਰੀ ਨਾਲ ਸੰਬੰਧਿਤ ਨਾਜਾਇਜ਼ ਜਾਇਦਾਦਾਂ ਜ਼ਬਤ ਕੀਤੀਆਂ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ “ਪੰਜਾਬ ਸਰਕਾਰ ਨੇ 191 ਕਿੱਲੋ ਹੈਰੋਇਨ, 2670 ਕਿੱਲੋ ਭੁੱਕੀ ਅਤੇ 92 ਕਿੱਲੋ ਅਫ਼ੀਮ ਜ਼ਬਤ ਕਰਨ ਦੇ ਨਾਲ 5.93 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਇਹ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਲਈ ਇੱਕ ਸਪੱਸ਼ਟ ਸੰਦੇਸ਼ ਹੈ ਕਿ ਉਨ੍ਹਾਂ ਦੇ ਦਿਨ ਹੁਣ ਗਿਣਤੀ ਦੇ ਹਨ,”।
ਨਸ਼ਾ ਮੁਕਤ ਪੰਜਾਬ ਲਈ ‘ਆਪ’ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ, ਚੀਮਾ ਨੇ ਕਿਹਾ ਕਿ ਪਾਰਟੀ ਨਾ ਸਿਰਫ਼ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ, ਸਗੋਂ ਇਸ ਲੜਾਈ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਵੀ ਲਾਮਬੰਦ ਕਰ ਰਹੀ ਹੈ। 1 ਅਪ੍ਰੈਲ ਨੂੰ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਲੁਧਿਆਣਾ ਵਿੱਚ ਇੱਕ ਵਿਸ਼ਾਲ ਨਸ਼ਾ ਵਿਰੋਧੀ ਲਹਿਰ ਸ਼ੁਰੂ ਕੀਤੀ ਹੈ, ਜਿੱਥੇ ਹਜ਼ਾਰਾਂ ਪਾਰਟੀ ਵਰਕਰਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਨਸ਼ਿਆਂ ਦਾ ਸੇਵਨ ਨਾ ਕਰਨ ਅਤੇ ਨਾ ਹੀ ਇਨ੍ਹਾਂ ਨੂੰ ਫੈਲਣ ਦੇਣ ਦੀ ਸਹੁੰ ਚੁੱਕੀ।
ਚੀਮਾ ਨੇ ਕਿਹਾ “ਸੂਬਾ ਪ੍ਰਧਾਨ ਤੋਂ ਲੈ ਕੇ ਬਲਾਕ ਪੱਧਰ ਦੇ ਵਰਕਰਾਂ ਤੱਕ, ਸਾਰੇ ਆਪ ਅਹੁਦੇਦਾਰਾਂ ਨੇ ਸਹੁੰ ਚੁੱਕੀ ਹੈ ਕਿ- ‘ਮੈਂ ਨਾ ਤਾਂ ਨਸ਼ਿਆਂ ਦੀ ਵਰਤੋਂ ਕਰਾਂਗਾ ਅਤੇ ਨਾ ਹੀ ਕਿਸੇ ਹੋਰ ਨੂੰ ਇਨ੍ਹਾਂ ਦੀ ਵਰਤੋਂ ਕਰਨ ਦੇਵਾਂਗਾ। ਜੇਕਰ ਮੈਨੂੰ ਨਸ਼ਿਆਂ ਨਾਲ ਸਬੰਧਿਤ ਕੋਈ ਗਤੀਵਿਧੀ ਮਿਲਦੀ ਹੈ, ਤਾਂ ਮੈਂ ਤੁਰੰਤ ਪੰਜਾਬ ਪੁਲਿਸ ਅਤੇ ਸਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰਾਂਗਾ।’ ਇਹ ਮੁਹਿੰਮ ਹਰ ਪਿੰਡ, ਮੁਹੱਲੇ ਅਤੇ ਸ਼ਹਿਰ ਵਿੱਚ ਪਹੁੰਚੇਗੀ,”।
ਚੱਲ ਰਹੇ ਵਾਢੀ ਦੇ ਸੀਜ਼ਨ ਦੇ ਚਲਦੇ ਅਰਵਿੰਦ ਕੇਜਰੀਵਾਲ ਨੇ ਪੇਂਡੂ ਮੁਹਿੰਮ ਨੂੰ ਇੱਕ ਮਹੀਨੇ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ, ਜੋ ਹੁਣ ਮਈ ਵਿੱਚ ਸ਼ੁਰੂ ਹੋਵੇਗੀ। ਹਾਲਾਂਕਿ, ਸ਼ਹਿਰੀ ਮੁਹਿੰਮ ਪਹਿਲਾਂ ਹੀ ਚੱਲ ਰਹੀ ਹੈ, ਜਿਸ ਵਿੱਚ ਲੁਧਿਆਣਾ ਵਰਗੇ ਸ਼ਹਿਰਾਂ ਵਿੱਚ ਵਿਸ਼ਾਲ ਜਾਗਰੂਕਤਾ ਰੈਲੀਆਂ ਹੋ ਰਹੀਆਂ ਹਨ।
ਚੀਮਾ ਨੇ ਕਿਹਾ “ਲੁਧਿਆਣਾ ਰੈਲੀ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ, ਜਿਸ ਵਿੱਚ ਐਨਸੀਸੀ, ਐਨਐਸਐਸ, ਖੇਡ ਅਕੈਡਮੀਆਂ ਅਤੇ ਵਿੱਦਿਅਕ ਸੰਸਥਾਵਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਲਹਿਰ ਨੇ ਨੌਜਵਾਨਾਂ ਵਿੱਚ ਨਵੀਂ ਊਰਜਾ ਭਰੀ ਹੈ, ਜੋ ਪੰਜਾਬ ਨੂੰ ਇਸ ਖ਼ਤਰੇ ਤੋਂ ਮੁਕਤ ਕਰਨ ਲਈ ਦ੍ਰਿੜ੍ਹ ਹਨ,”।
ਮਈ ਦੇ ਪਹਿਲੇ ਹਫ਼ਤੇ ਤੋਂ, ਮੁਹਿੰਮ ਪਿੰਡਾਂ ਵਿੱਚ ਫੈਲ ਜਾਵੇਗੀ, ਜਿਸ ਵਿੱਚ ਪਾਰਟੀ ਵਰਕਰ, ਪੁਲਿਸ ਅਧਿਕਾਰੀ, ਸਿਵਲ ਪ੍ਰਸ਼ਾਸਨ, ਵਿਦਿਆਰਥੀ ਅਤੇ ਭਾਈਚਾਰਕ ਆਗੂ ਸ਼ਾਮਲ ਹੋਣਗੇ। ਚੀਮਾ ਨੇ ਕਿਹਾ “ਇਸ ਨੂੰ ਇੱਕ ਜਨ ਲਹਿਰ ਵਿੱਚ ਬਦਲ ਦਿੱਤਾ ਜਾਵੇਗਾ, ਜਿਸ ਨਾਲ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ ਜਿੱਥੇ ਨਸ਼ਾਖੋਰੀ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ,”।
ਹਰਪਾਲ ਸਿੰਘ ਚੀਮਾ ਨੇ ਭਰੋਸਾ ਦਿੱਤਾ ਕਿ ‘ਆਪ’ ਦੀਆਂ ਗਰੰਟੀਆਂ ਹਮੇਸ਼ਾ ਪੂਰੀਆਂ ਹੁੰਦੀਆਂ ਹਨ ਅਤੇ ਨਸ਼ਿਆਂ ਵਿਰੁੱਧ ਇਹ ਲੜਾਈ ਕੋਈ ਅਪਵਾਦ ਨਹੀਂ ਹੋਵੇਗੀ। “ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਇਹ ਮੁਹਿੰਮ ਰੋਜ਼ਾਨਾ ਤੇਜ਼ੀ ਫੜ ਰਹੀ ਹੈ, ਅਤੇ ਜਲਦੀ ਹੀ, ਪੰਜਾਬ ਦਾ ਹਰ ਨਾਗਰਿਕ ਸੂਬੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਲਈ ਇਸ ਇਤਿਹਾਸਕ ਲਹਿਰ ਦਾ ਹਿੱਸਾ ਬਣੇਗਾ।”