ਸੁਖਬੀਰ ਬਾਦਲ ਕਿਸੇ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਿਉਂ ਨਹੀਂ ਕਰਦੇ: ਅਟਵਾਲ
ਅਕਾਲੀ ਦਲ ਤੇ ਕਾਂਗਰਸ ਦਲਿਤਾਂ ਦੇ ਹਿਤੈਸ਼ੀ ਨਹੀਂ: ਅਟਵਾਲ
ਚੰਡੀਗੜ੍ਹ , 17 ਅਪ੍ਰੈਲ()- ਭਾਰਤੀ ਜਨਤਾ ਪਾਰਟੀ ਐਸ.ਸੀ ਮੋਰਚੇ ਪੰਜਾਬ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਬਣਨ ‘ਤੇ ਸੂਬੇ ਦਾ ਉਪ ਮੁੱਖ ਮੰਤਰੀ ਦਲਿਤ ਭਾਈਚਾਰੇ ਵਿੱਚੋਂ ਬਣਾਉਣ ਦੇ ਫੈਸਲੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਦੋਵੇਂ ਦਲਿਤਾਂ ਨੂੰ ਹੁਣ ਤੱਕ ਵਰਤਦੇ ਰਹੇ ਹਨ ਤੇ ਹੁਣ ਵੀ ਸੁਖਬੀਰ ਬਾਦਲ ਦਲਿਤ ਵੋਟਰਾਂ ਨੂੰ ਭਰਮਾਉਣ ਲਈ ਦਲਿਤ ਉਪ ਮੁੱਖ ਮੰਤਰੀ ਬਣਾਉਣ ਦੀਆਂ ਗੱਲਾਂ ਕਰ ਰਿਹਾ ਹੈ। ਅਟਵਾਲ ਨੇ ਕਿਹਾ ਕਿ ਪਿਛਲੇ 25 ਸਾਲਾਂ ਵਿਚ 15 ਸਾਲ ਅਕਾਲੀ ਦਲ ਦਾ ਪੰਜਾਬ ਵਿਚ ਰਾਜ ਰਿਹਾ ਜੇਕਰ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣਾ ਸੀ ਤਾਂ ਸੁਖਬੀਰ ਬਾਦਲ ਨੇ ਉਦੋਂ ਦਲਿਤਾਂ ਨੂੰ ਮਾਣ ਸਨਮਾਨ ਕਿਉਂ ਨਹੀਂ ਦਿੱਤਾ । ਕਾਂਗਰਸ ਵੀ ਪਿਛਲੇ 9 ਸਾਲਾਂ ਤੋਂ ਸੱਤਾ ਵਿੱਚ ਹੈ ਉਸਨੇ ਵੀ ਦਲਿਤ ਭਾਈਚਾਰੇ ਨੂੰ ਸਰਕਾਰ ਵਿੱਚ ਬਣਦਾ ਮਾਣ-ਸਤਿਕਾਰ ਕਿਉਂ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ , ਆਪ ਅਤੇ ਅਕਾਲੀ ਦਲ ਦੀ ਦਲਿਤਾਂ ਪ੍ਰਤੀ ਨੀਤ ਖੋਟੀ ਹੈ। ਇਹ ਪਾਰਟੀਆਂ ਸੱਤਾ ਹਥਿਆਉਣ ਲਈ ਹਰ ਵਾਰ ਦਲਿਤਾਂ ਨੂੰ ਕੋਈ ਨਾ ਕੋਈ ਝੂਠਾ ਲਾਰਾ ਲਾ ਕੇ ਵਰਗਲਾ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਜੇਕਰ ਸਹੀ ਅਰਥਾਂ ਵਿਚ ਦਲਿਤਾਂ ਦਾ ਹਿਤੈਸ਼ੀ ਹੈ ਉਹ ਦਲਿਤ ਭਾਈਚਾਰੇ ਦੇ ਕਿਸੇ ਆਗੂ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਦਲਿਤਾਂ ਦੀ ਹਿਤੈਸ਼ੀ ਕੇਵਲ ਭਾਰਤੀ ਜਨਤਾ ਪਾਰਟੀ ਹੈ ਜਿਸ ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜੇਕਰ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਉਨ੍ਹਾਂ ਦਾ ਮੁੱਖ ਮੰਤਰੀ ਚਿਹਰਾ ਦਲਿਤ ਭਾਈਚਾਰੇ ਵਿੱਚ ਹੋਵੇਗਾ ਜਦ ਕਿ ਬਾਕੀ ਪਾਰਟੀਆਂ ਕੇਵਲ ਸੱਤਾ ਹਾਸਲ ਕਰਨ ਲਈ ਦਲਿਤਾਂ ਨੂੰ ਵਰਤਣ ਲਈ ਇਹ ਸਬਜ਼ਬਾਗ ਵਿਖਾ ਰਹੀਆਂ ਹਨ। ਅਟਵਾਲ ਨੇ ਕਿਹਾ ਕਿ ਦਲਿਤ ਭਾਈਚਾਰੇ ਦੇ ਹਿੱਤ ਕੇਵਲ ਭਾਜਪਾ ਦੇ ਹੱਥਾਂ ਵਿੱਚ ਸੁਰੱਖਿਅਤ ਹਨ। ਭਾਜਪਾ ਦਲਿਤਾਂ ਨੂੰ ਮਾਨ ਸਨਮਾਨ ਦੇਣ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਦਲਿਤ ਭਾਈਚਾਰੇ ਨੂੰ ਇਕਜੁੱਟ ਹੋਵੇ ਭਾਜਪਾ ਦਾ ਸਾਥ ਦੇਣਾ ਚਾਹੀਦਾ ਹੈ।