
ਭਿਆਨਕ ਹੜ੍ਹ ਤੋਂ ਬਾਅਦ ਪੰਜਾਬ ਨੂੰ ਵਾਪਸ ਪਟੜੀ ’ਤੇ ਲਿਆਉਣ ਲਈ ਮਾਨ ਸਰਕਾਰ ਨੇ ਚਲਾਈ ਨਵੀਂ ਮੁਹਿੰਮ
ਚੰਡੀਗੜ੍ਹ, 13 ਸਤੰਬਰ 2025 : ਪੰਜਾਬ ਨੂੰ ਦੁਬਾਰਾ ਪਟੜੀ ’ਤੇ ਲਿਆਉਣ ਲਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਨੇ ਇੱਕ ਵੱਡੀ ਮੁਹਿੰਮ ਛੇੜ ਦਿੱਤੀ ਹੈ। ਹੜ੍ਹ ਦਾ ਪਾਣੀ ਕਈ ਇਲਾਕਿਆਂ ਤੋਂ ਉਤਰ ਚੁਕਿਆ ਹੈ, ਪਰ ਪਿੰਡ-ਪਿੰਡ ਵਿੱਚ ਅਜੇ ਵੀ ਰੇਤ, ਗੰਦਗੀ ਅਤੇ ਮਲਬਾ ਫੈਲਿਆ ਹੋਇਆ ਹੈ। ਜਨ-ਜੀਵਨ ਨੂੰ ਪਹਿਲਾਂ ਵਾਂਗ ਕਰਨ ਲਈ ਅਤੇ ਬੀਮਾਰੀਆਂ ਤੋਂ ਬਚਾਅ ਲਈ ਸਰਕਾਰ ਨੇ ਸਫਾਈ ਤੋਂ ਲੈ ਕੇ ਸਿਹਤ ਅਤੇ ਕਿਸਾਨਾਂ ਦੀ ਮਦਦ ਤੱਕ ਦਾ ਵਿਆਪਕ ਪਲਾਨ ਬਣਾਇਆ ਹੈ।
ਮਾਨ ਸਰਕਾਰ ਨੇ ਕਿਹਾ ਹੈ ਕਿ 2300 ਤੋਂ ਜ਼ਿਆਦਾ ਪਿੰਡ ਅਤੇ ਵਾਰਡ ਵਿੱਚ ਸਫਾਈ ਦੀ ਮਹਾ-ਮੁਹਿੰਮ ਚਲੇਗੀ। ਹਰ ਪਿੰਡ ਵਿੱਚ ਜੇਸੀਬੀ, ਟਰੈਕਟਰ-ਟਰਾਲੀ ਅਤੇ ਮਜ਼ਦੂਰਾਂ ਦੀਆਂ ਟੀਮਾਂ ਭੇਜੀਆਂ ਜਾ ਰਹੀਆਂ ਹਨ। ਇਹ ਟੀਮਾਂ ਮਲਬਾ ਅਤੇ ਰੇਤ ਹਟਾਉਣਗੀਆਂ, ਮਰੇ ਹੋਏ ਜਾਨਵਰਾਂ ਨੂੰ ਨਸ਼ਟ ਕਰਨਗੀਆਂ ਅਤੇ ਇਸ ਤੋਂ ਬਾਅਦ ਹਰ ਪਿੰਡ ਵਿੱਚ ਫਾਗਿੰਗ ਹੋਵੇਗੀ ਤਾਂ ਜੋ ਕੋਈ ਬੀਮਾਰੀ ਨਾ ਫੈਲੇ। ਇਸ ਕੰਮ ਲਈ ₹100 ਕਰੋੜ ਦਾ ਫੰਡ ਰੱਖਿਆ ਗਿਆ ਹੈ। ਹਰ ਪਿੰਡ ਨੂੰ ਤੁਰੰਤ ₹1 ਲੱਖ ਦਿੱਤੇ ਗਏ ਹਨ ਅਤੇ ਜ਼ਰੂਰਤ ਪੈਣ ’ਤੇ ਵਾਧੂ ਪੈਸੇ ਵੀ ਮਿਲਣਗੇ। ਸਰਕਾਰ ਦਾ ਟੀਚਾ ਹੈ ਕਿ 24 ਸਤੰਬਰ ਤੱਕ ਪਿੰਡਾਂ ਤੋਂ ਮਲਬਾ ਹਟ ਜਾਵੇ, 15 ਅਕਤੂਬਰ ਤੱਕ ਸਮਾਜਿਕ ਥਾਵਾਂ ਦੀ ਮੁਰੰਮਤ ਪੂਰੀ ਹੋ ਜਾਵੇ ਅਤੇ 22 ਅਕਤੂਬਰ ਤੱਕ ਤਲਾਬਾਂ ਦੀ ਸਫਾਈ ਹੋ ਜਾਵੇ।
ਸਿਹਤ ਸੇਵਾਵਾਂ ਨੂੰ ਵੀ ਪਹਿਲ ਦਿੱਤੀ ਜਾ ਰਹੀ ਹੈ। ਹੜ੍ਹ ਪ੍ਰਭਾਵਿਤ 2303 ਪਿੰਡਾਂ ਵਿੱਚ ਮੈਡਿਕਲ ਕੈਂਪ ਲਗਾਏ ਜਾਣਗੇ। ਜਿਨਾਂ 596 ਪਿੰਡਾਂ ਵਿੱਚ ਪਹਿਲਾਂ ਤੋਂ ਆਮ ਆਦਮੀ ਕਲਿਨਿਕ ਹਨ, ਉੱਥੇ ਇਹ ਕੈਂਪ ਚਲਣਗੇ। ਬਾਕੀ 1707 ਪਿੰਡਾਂ ਵਿੱਚ ਸਕੂਲ, ਧਰਮਸ਼ਾਲਾ, ਅੰਗਨਵਾੜੀ ਜਾਂ ਪੰਚਾਇਤ ਭਵਨ ਵਿੱਚ ਕੈਂਪ ਲਗਣਗੇ। ਹਰ ਕੈਂਪ ਵਿੱਚ ਡਾਕਟਰ, ਮੈਡਿਕਲ ਸਟਾਫ ਅਤੇ ਦਵਾਈਆਂ ਮੌਜੂਦ ਹੋਣਗੀਆਂ। ਇਸ ਤੋਂ ਇਲਾਵਾ 550 ਐਂਬੁਲੈਂਸ ਵੀ ਤੈਨਾਤ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਲੋਕਾਂ ਨੂੰ ਤੁਰੰਤ ਇਲਾਜ ਮਿਲ ਸਕੇ।
ਪਸ਼ੂਧਨ ਨੂੰ ਬਚਾਉਣ ਲਈ ਵੀ ਸਰਕਾਰ ਨੇ ਮੋਰਚਾ ਸੰਭਾਲਿਆ ਹੈ। ਰਿਪੋਰਟ ਦੇ ਮੁਤਾਬਿਕ 713 ਪਿੰਡਾਂ ਵਿੱਚ ਲਗਭਗ 2.5 ਲੱਖ ਪਸ਼ੂ ਪ੍ਰਭਾਵਿਤ ਹੋਏ ਹਨ। ਇਸ ਲਈ ਵੈਟਨਰੀ ਡਾਕਟਰਾਂ ਦੀਆਂ ਟੀਮਾਂ ਪਿੰਡਾਂ ਵਿੱਚ ਪਹੁੰਚ ਗਈਆਂ ਹਨ। ਖਰਾਬ ਚਾਰਾ ਹਟਾਇਆ ਜਾ ਰਿਹਾ ਹੈ, ਕਿਸਾਨਾਂ ਨੂੰ ਪੋਟਾਸ਼ੀਅਮ ਪਰਮੈਗਨੇਟ ਦਿੱਤਾ ਜਾ ਰਿਹਾ ਹੈ ਅਤੇ 30 ਸਤੰਬਰ ਤੱਕ ਸਾਰੇ ਪ੍ਰਭਾਵਿਤ ਪਸ਼ੂਆਂ ਦਾ ਟੀਕਾਕਰਣ ਪੂਰਾ ਕੀਤਾ ਜਾਵੇਗਾ।
ਕਿਸਾਨਾਂ ਦੀ ਸਭ ਤੋਂ ਵੱਡੀ ਚਿੰਤਾ ਫਸਲ ਵੇਚਣ ਦੀ ਹੈ। ਮਾਨ ਸਰਕਾਰ ਨੇ ਇਸ ਵਾਰ ਖਰੀਦ ਜਲਦੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। 16 ਸਤੰਬਰ ਤੋਂ ਮੰਡੀਆਂ ਵਿੱਚ ਖਰੀਦ ਸ਼ੁਰੂ ਹੋਵੇਗੀ। ਜਿਹਨਾਂ ਮੰਡੀਆਂ ਨੂੰ ਹੜ੍ਹ ਤੋਂ ਨੁਕਸਾਨ ਹੋਇਆ ਹੈ, ਉੱਥੇ ਤੇਜ਼ੀ ਨਾਲ ਸਫਾਈ ਅਤੇ ਮੁਰੰਮਤ ਹੋ ਰਹੀ ਹੈ, ਤਾਂ ਜੋ 19 ਸਤੰਬਰ ਤੱਕ ਸਾਰੀਆਂ ਮੰਡੀਆਂ ਕਿਸਾਨਾਂ ਦੀ ਫਸਲ ਖਰੀਦਣ ਲਈ ਤਿਆਰ ਹੋ ਜਾਣ।
ਮਾਨ ਸਰਕਾਰ ਦਾ ਕਹਿਣਾ ਹੈ ਕਿ ਇਹ ਸਿਰਫ ਰਾਹਤ ਦਾ ਕੰਮ ਨਹੀਂ, ਸਗੋਂ ਪੰਜਾਬ ਨੂੰ ਦੁਬਾਰਾ ਖੜਾ ਕਰਨ ਦਾ ਸੰਕਲਪ ਹੈ। ਸਰਕਾਰ ਨੇ ਲੋਕਾਂ ਤੋਂ ਵੀ ਅਪੀਲ ਕੀਤੀ ਹੈ ਕਿ ਐਨਜੀਓ, ਯੂਥ ਕਲੱਬ ਅਤੇ ਸਮਾਜਸੇਵੀ ਸੰਸਥਾਵਾਂ ਇਸ ਕੰਮ ਵਿੱਚ ਹੱਥ ਵਟਾਉਣ। ਪੰਜਾਬ ਨੇ ਹਰ ਸੰਕਟ ਵਿੱਚ ਮਿਲ ਕੇ ਲੜਾਈ ਲੜੀ ਹੈ, ਇਸ ਸਮੇਂ ਸੰਕਟ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਜਦੋਂ ਸਰਕਾਰ ਆਪਣੇ ਲੋਕਾਂ ਨਾਲ ਖੜੀ ਹੋ—ਤਦ ਹਰ ਪੰਜਾਬੀ ਦਿਲ ਤੋਂ ਕਹਿ ਉੱਠਦਾ ਹੈ, ’ਏ ਮਾਨ ਸਰਕਾਰ ਸਾਡੇ ਨਾਲ ਖੜੀ’