
ਸੁਨੀਲ ਜਾਖੜ ਵੱਲੋਂ ਜੀਐਸਟੀ ਦੀਆਂ ਦਰਾਂ ਵਿਚ ਕਟੌਤੀ ਦਾ ਸਵਾਗਤ
ਚੰਡੀਗੜ੍ਹ, 5 ਸਤੰਬਰ ; ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਜੀਐਸਟੀ ਸੁਧਾਰਾਂ ਨੂੰ ਕਿਸਾਨਾਂ ਅਤੇ ਆਮ ਲੋਕਾਂ ਲਈ ਤੋਹਫ਼ਾ ਕਰਾਰ ਦਿੱਤਾ ਹੈ।
ਅੱਜ਼ ਇੱਥੋਂ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਜੀਐਸਟੀ ਕੌਂਸਲ ਵੱਲੋਂ ਖੇਤੀਬਾੜੀ ਖੇਤਰ ਨੂੰ ਵੀ ਵੱਡੀ ਰਾਹਤ ਦਿੱਤੀ ਗਈ ਹੈ, ਜਿਸਦੀ ਇਸ ਸਮੇਂ ਬਹੁਤ ਜਰੂਰਤ ਸੀ। ਹੁਣ ਟਰੈਕਟਰਾਂ, ਖੇਤੀਬਾੜੀ ਮਸ਼ੀਨਰੀ, ਹਾਰਵੇਸਟਰ, ਥ੍ਰੈਸ਼ਰ ਤੇ ਹੋਰ ਖੇਤੀ ਯੰਤਰਾਂ ‘ਤੇ ਟੈਕਸ ਦਰਾਂ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਇਸ ਨਾਲ ਕਿਸਾਨਾਂ ਦੇ ਖਰਚੇ ਘਟਣਗੇ, ਖੇਤੀਬਾੜੀ ਉਤਪਾਦਨ ਸਸਤਾ ਹੋਵੇਗਾ ਅਤੇ ਪੰਜਾਬ ਦੀ ਕਿਸਾਨ-ਅਧਾਰਿਤ ਅਰਥਵਿਵਸਥਾ ਨੂੰ ਨਵੀਂ ਤਾਕਤ ਮਿਲੇਗੀ।
ਸੁਨੀਲ ਜਾਖੜ ਨੇ ਕਿਹਾ ਕਿ ਨਵੇਂ ਸੁਧਾਰਾਂ ਹੇਠ 28% ਅਤੇ 12% ਦੇ ਸਲੈਬ ਖਤਮ ਕਰ ਦਿੱਤੇ ਗਏ ਹਨ। ਹੁਣ ਸਿਰਫ਼ ਦੋ ਸਲੈਬ – 5% ਅਤੇ 18% ਹੀ ਬਚਣਗੇ। ਦੁੱਧ, ਆਟੇ ਵਰਗੀਆਂ ਜ਼ਰੂਰੀ ਵਸਤਾਂ ਤੇ ਜੀਐਸਟੀ ਪੂਰੀ ਤਰਾਂ ਨਾਲ ਖਤਮ ਕਰ ਦਿੱਤਾ ਗਿਆ ਹੈ, ਜਦਕਿ ਆਮ ਵਰਤੋਂ ਵਾਲੀਆਂ ਕਈ ਵਸਤਾਂ ‘ਤੇ ਟੈਕਸ 5% ਤੱਕ ਘਟਾ ਦਿੱਤਾ ਗਿਆ ਹੈ। ਜੀਵਨ ਬੀਮਾ ਅਤੇ ਸਿਹਤ ਬੀਮਾ ‘ਤੇ ਵੀ ਜੀਐਸਟੀ ਖਤਮ ਕਰਨਾ ਲੋਕਾਂ ਦੀ ਸੁਰੱਖਿਆ ਵੱਲ ਇਤਿਹਾਸਕ ਕਦਮ ਹੈ।
ਉਨ੍ਹਾਂ ਕਿਹਾ ਕਿ ਇਹ ਫੈਸਲਾ ਨਾ ਸਿਰਫ਼ ਕਿਸਾਨਾਂ ਅਤੇ ਖੇਤੀਬਾੜੀ ਅਧਾਰਿਤ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ, ਬਲਕਿ ਆਮ ਜਨਤਾ ਅਤੇ ਛੋਟੇ ਵਪਾਰੀਆਂ ਲਈ ਵੀ ਵੱਡੀ ਰਾਹਤ ਸਾਬਤ ਹੋਵੇਗਾ।
ਸੁਨੀਲ ਜਾਖੜ ਨੇ ਖ਼ਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖ਼ਜ਼ਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਦਾ ਇਸ ਫੈਸਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸੁਧਾਰ ਹਰ ਨਾਗਰਿਕ ਦੀ ਜ਼ਿੰਦਗੀ ਸੁਧਾਰਨ ਵੱਲ ਕੇਂਦਰ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹਨ।