Punjab

ਵਿੱਦਿਅਕ ਸੰਸਥਾਵਾਂ ਬੰਦ ਰੱਖਣ ਖ਼ਿਲਾਫ਼ ਰੋਸ਼ ਹਫਤਾ ਮਨਾਉਣ ਦਾ ਫੈਸਲਾ

ਪੰਜਾਬ ਦੀਆਂ 9 ਵਿਦਿਆਰਥੀ ਜਥੇਬੰਦੀਆਂ ਵੱਲੋਂ ਸਕੂਲ ਕਾਲਜ ਯੂਨੀਵਰਸਿਟੀਆਂ ਬੰਦ ਕਰਨ ਦੇ ਫੁਰਮਾਨ ਖਿਲਾਫ ਅਧਿਆਪਕ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਰੋਸ ਹਫਤਾ ਮਨਾਉਂਦੇ ਹੋਏ 8 ਅਪ੍ਰੈਲ ਨੂੰ ਵਿਦਿਆਰਥੀ ਵਿਰੋਧੀ ਫੁਰਮਾਨਾਂ ਦੀਆਂ ਕਾਪੀਆਂ ਸਾੜਨ ਦਾ ਕੀਤਾ ਐਲਾਨ

 

2 ਅਪ੍ਰੈਲ: ਬਨਾਸਰ ਬਾਗ਼ ਸੰਗਰੂਰ ਵਿਖੇ ਇਕੱਠੀਆਂ ਹੋਈਆਂ ਪੰਜਾਬ ਦੀਆਂ 9 ਵਿਦਿਆਰਥੀ ਜਥੇਬੰਦੀਆਂ ਵੱਲੋਂ ਅਧਿਆਪਕ ਜਥੇਬੰਦੀਆਂ ਨਾਲ ਰਲ ਕੇ ਪੰਜਾਬ ਸਰਕਾਰ ਦੁਆਰਾ ਕਰੋਨਾ ਦੌਰਾਨ ਪਾਬੰਦੀਆਂ ਵਧਾਉਂਦੇ ਹੋਏ ਵਿੱਦਿਅਕ ਸੰਸਥਾਵਾਂ 10 ਅਪ੍ਰੈਲ ਤੱਕ ਬੰਦ ਰੱਖਣ ਦੇ ਖਿਲਾਫ਼ ਇੱਕ ਰੋਸ ਹਫਤਾ ਮਨਾਉਣ ਦਾ ਤੈਅ ਕੀਤਾ ਗਿਆ। ਜਿਕਰਯੋਗ ਹੈ ਕਿ ਬੀਤੇ ਦਿਨੀਂ ਇਹਨਾਂ 9 ਵਿਦਿਆਰਥੀ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਡੀ.ਸੀ. ਤੇ ਤਹਿਸੀਲ ਦਫਤਰਾਂ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਵਿੱਦਿਅਕ ਸੰਸਥਾਵਾਂ ਦੁਬਾਰਾ ਖੋਲ਼ਣ ਨੂੰ ਲੈ ਕੇ ਮੰਗ ਪੱਤਰ ਦਿੱਤੇ ਗਏ ਸਨ।

 

ਇਸ ਮੌਕੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਰੋਨਾ ਬਹਾਨੇ ਵਿੱਦਿਅਕ ਸੰਸਥਾਵਾਂ ਬੰਦ ਕਰਨਾ ਜਾਰੀ ਰੱਖ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰਿਆਂ ਤੇ ਨਵੀਂ ਸਿੱਖਿਆ ਨੀਤੀ ਲਾਗੂ ਕਰਨਾ ਚਾਹੁੰਦੀ ਹੈ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ, ਜਿਸਨੂੰ ਪੰਜਾਬ ਦੇ ਵਿਦਿਆਰਥੀ ਤੇ ਅਧਿਆਪਕ ਬਰਦਾਸ਼ਤ ਨਹੀਂ ਕਰਨਗੇ।

 

ਓਹਨਾਂ ਕਿਹਾ ਕਿ 9 ਵਿਦਿਆਰਥੀ ਜਥੇਬੰਦੀਆਂ ਵੱਲੋਂ ਅਧਿਆਪਕ ਜਥੇਬੰਦੀਆਂ ਨਾਲ ਅੱਜ ਤਾਲਮੇਲ ਕਰਕੇ ਪੰਜਾਬ ਸਰਕਾਰ ਦੇ ਇਸ ਵਤੀਰੇ ਖਿਲਾਫ ਸ਼ਹੀਦ ਭਗਤ ਦੇ ਅਸੰਬਲੀ ਬੰਬ ਐਕਸ਼ਨ ਨੂੰ ਸਮਰਪਿਤ 8 ਅਪ੍ਰੈਲ ਤੱਕ ਰੋਸ ਹਫਤਾ ਮਨਾਉਂਦੇ ਹੋਏ ਇਸ ਦਿਨ ਕਈ ਕੇਂਦਰਾਂ ‘ਤੇ ਮਾਰਚ ਕਰਦੇ ਹੋਏ ਲੌਕਡਾਊਨ ਲਗਾਉਣ ਦੇ ਫੁਰਮਾਨ ਅਤੇ ਨਵੀਂ ਸਿੱਖਿਆ ਨੀਤੀ ਦੀਆਂ ਕਾਪੀਆਂ ਸਾੜਨ ਦਾ ਤੈਅ ਕੀਤਾ ਹੈ। ਕਿਉਂਕਿ 8 ਅਪ੍ਰੈਲ ਨੂੰ ਹੀ ਸ਼ਹੀਦ ਭਗਤ ਸਿੰਘ ਤੇ ਬੀ.ਕੇ. ਦੱਤ ਨੇ ਅਸੰਬਲੀ ਵਿੱਚ ਖਾਲੀ ਥਾਂ ‘ਤੇ ਬੰਬ ਸੁੱਟ ਕੇ ਬੋਲ਼ੀ ਅੰਗਰੇਜ਼ ਸਰਕਾਰ ਦੇ ਕੰਨਾਂ ਅਵਾਜ ਪਾਈ ਸੀ। ਸੋ ਹੁਣ ਵੀ ਵਿਦਿਆਰਥੀਆਂ-ਅਧਿਆਪਕਾਂ- ਮਾਪਿਆਂ ਦੀ ਅਵਾਜ ਨੂੰ ਅੰਨੀ-ਬੋਲ਼ੀ ਹੋਈ ਮੋਤੀਆਂ ਵਾਲੀ ਕੈਪਟਨ ਸਰਕਾਰ ਨੂੰ ਸੁਨਾਉਣ ਲਈ ਇਹ ਰੋਸ ਹਫਤਾ ਰੱਖਿਆ ਗਿਆ ਹੈ।

 

ਇਸ ਮੀਟਿੰਗ ਵਿੱਚ ਪੀ.ਆਰ.ਐੱਸ.ਯੂ. ਤੋਂ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ, ਪੀ.ਐੱਸ.ਯੂ. (ਲਲਕਾਰ) ਤੋਂ ਸੂਬਾ ਆਗੂ ਸ੍ਰਿਸ਼ਟੀ, ਪੀ.ਐੱਸ.ਯੂ. (ਸ਼. ਰੰਧਾਵਾ) ਤੋਂ ਹੁਸ਼ਿਆਰ ਸਲੇਮਗੜ, ਪੀ.ਐੱਸ.ਯੂ. ਸੂਬਾ ਸਕੱਤਰ ਅਮਨਦੀਪ, ਡੀ.ਐੱਸ.ਓ. ਪ੍ਰਧਾਨ ਬਲਕਾਰ, ਪੀ.ਐੱਸ.ਐੱਫ. ਤੋਂ ਗਗਨਦੀਪ, ਏ.ਆਈ.ਐੱਸ.ਐੱਫ. ਤੋਂ ਸੂਬਾ ਸਕੱਤਰ ਵਰਿੰਦਰ, ਐੱਸ.ਐੱਫ.ਆਈ. ਤੋਂ ਅਮ੍ਰਿਤ ਅਤੇ ਅਧਿਆਪਕ ਜਥੇਬੰਦੀਆਂ ਤੋਂ ਡੈਮੋਕਰੈਟਿਕ ਟੀਚਰਜ਼ ਫਰੰਟ (ਪੰਜਾਬ) ਦੇ ਸੂਬਾਈ ਪ੍ਰਧਾਨ ਵਿਕਰਮ ਦੇਵ ਸਿੰਘ ਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਡੀ.ਟੀ.ਐਫ. ਤੋਂ ਸੂਬਾ ਆਗੂ ਬਲਵੀਰ ਚੰਦ ਲੌਂਗੋਵਾਲ, ਜੀ.ਟੀ.ਯੂ. ਤੋਂ ਗੁਰਜੀਤ ਸਿੰਘ, ਕਰਨੈਲ ਸਿੰਘ ਆਦਿ ਹਾਜਰ ਸਨ।

 

ਆਗੂਆਂ ਨੇ ਪੰਜਾਬ ਦੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਹੋਰ ਜਮਹੂਰੀਅਤ ਪਸੰਦ ਲੋਕਾਂ ਤੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ।

Related Articles

Leave a Reply

Your email address will not be published. Required fields are marked *

Back to top button
error: Sorry Content is protected !!