Punjab

ਵਿਸ਼ਵ ਬੈਂਕ ਅਤੇ ਏਸ਼ੀਅਨ ਬੈਂਕ ਵੱਲੋਂ ਅੰਮ੍ਰਿਤਸਰ ਅਤੇ ਲੁਧਿਆਣਾ ਨੂੰ ਨਹਿਰੀ ਪਾਣੀ ‘ਤੇ ਅਧਾਰਿਤ ਜਲ ਸਪਲਾਈ ਸਕੀਮਾਂ ਵਾਸਤੇ 300 ਮਿਲੀਅਨ ਡਾਲਰ ਦੇ ਕਰਜੇ ਨੂੰ ਮਨਜੂਰੀ 

ਮੁੱਖ ਮੰਤਰੀ ਨੇ ਵਿਸ਼ਵ ਬੈਂਕ ਅਤੇ ਏ.ਆਈ.ਆਈ.ਬੀ. ਦੇ ਕਰਜੇ ਲਈ ਕੇਂਦਰ ਕੋਲ ਜੋਰਦਾਰ ਪੈਰਵੀ ਕੀਤੀ
ਚੰਡੀਗੜ੍ਹ, 2 ਅਪ੍ਰੈਲ
ਵਿਸ਼ਵ ਬੈਂਕ ਅਤੇ ਏਸ਼ੀਅਨ ਇਨਫਰਾਸਟਰੱਕਚਰ ਇਨਵੈਸਟਮੈਂਟ ਬੈਂਕ (ਏ.ਆਈ.ਆਈ.ਬੀ.) ਨੇ ਪੰਜਾਬ ਮਿਊਂਸਪਲ ਸੇਵਾਵਾਂ ਸੁਧਾਰ ਪ੍ਰਾਜੈਕਟ ਤਹਿਤ ਨਹਿਰੀ ਪਾਣੀ ਉਤੇ ਅਧਾਰਿਤ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਲਈ 300 ਮਿਲੀਅਨ ਅਮਰੀਕੀ ਡਾਲਰ ਦੇ ਕਰਜੇ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਪ੍ਰਾਜੈਕਟ ਦਾ ਉਦੇਸ਼ ਪੀਣ ਵਾਲੇ ਗੁਣਵੱਤਾ ਭਰਪੂਰ ਪਾਣੀ ਦੀ 24 ਘੰਟੇ ਸਪਲਾਈ ਨੂੰ ਯਕੀਨੀ ਬਣਾਉਣ ਅਤੇ ਪਵਿੱਤਰ ਨਗਰੀ ਅੰਮ੍ਰਿਤਸਰ ਅਤੇ ਉਦਯੋਗਿਕ ਹੱਬ ਲੁਧਿਆਣਾ ਲਈ ਪਾਣੀ ਦੇ ਨੁਕਸਾਨ ਨੂੰ ਘਟਾਉਣਾ ਹੈ।
ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਵ ਬੈਂਕ ਅਤੇ ਏ.ਆਈ.ਆਈ.ਬੀ. ਦਾ ਕਰਜਾ ਹਾਸਲ ਕਰਨ ਲਈ ਕੇਂਦਰ ਸਰਕਾਰ ਕੋਲ ਜੋਰਦਾਰ ਢੰਗ ਨਾਲ ਪੈਰਵੀ ਕੀਤੀ ਸੀ ਤਾਂ ਕਿ ਇਨ੍ਹਾਂ ਸ਼ਹਿਰਾਂ ਦੇ ਨਾਗਰਿਕਾਂ ਲਈ ਪੀਣ ਵਾਲਾ ਸਾਫ ਪਾਣੀ ਯਕੀਨੀ ਬਣਾਇਆ ਜਾ ਸਕੇ। ਨਹਿਰੀ ਪਾਣੀ ਦੀ ਸਪਲਾਈ ਵਾਲੇ ਦੋ ਹੋਰ ਪ੍ਰਾਜੈਕਟ ਜਲੰਧਰ ਅਤੇ ਪਟਿਆਲਾ ਵਿਚ ਪਹਿਲਾ ਹੀ ਕਾਰਜ ਅਧੀਨ ਹਨ।
ਜਿਕਰਯੋਗ ਹੈ ਕਿ ਇਸ ਵੇਲੇ ਅੰਮ੍ਰਿਤਸਰ ਅਤੇ ਲੁਧਿਆਣਾ ਨੂੰ ਟਿਊਬਵੈਲਾਂ ਰਾਹੀਂ ਧਰਤੀ ਹੇਠਲੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪਰੋਟ ਮੁਤਾਬਕ ਜ਼ਮੀਨ ਹੇਠਲੇ ਪਾਣੀ ਦੀ ਬਹੁਤ ਜਿਆਦਾ ਵਰਤੋਂ ਕੀਤੀ ਜਾ ਚੁੱਕੀ ਹੈ ਅਤੇ ਪੀਣ ਵਾਲੇ ਪਾਣੀ ਦਾ ਮਿਆਰ ਵਿਗੜ ਗਿਆ ਹੈ ਜਿਸ ਕਰਕੇ ਸਿਹਤ ਉਤੇ ਪ੍ਰਭਾਵ ਪੈ ਰਿਹਾ ਹੈ। ਇਸ ਕਰਕੇ ਪਾਣੀ ਦੀ ਸਪਲਾਈ ਜ਼ਮੀਨੀ ਹੇਠਲੇ ਪਾਣੀ ਦੀ ਬਜਾਏ ਨਹਿਰੀ ਪਾਣੀ ਤੋਂ ਕਰਨ ਨੂੰ ਤਜਵੀਜ਼ਤ ਕੀਤਾ ਗਿਆ ਤਾਂ ਕਿ ਸ਼ਹਿਰੀ ਇਲਾਕਿਆਂ ਵਿਚ ਪੀਣ ਵਾਲੇ ਸਾਫ ਪਾਣੀ ਦੀ ਨਿਰਵਿਘਨ ਸਪਲਾਈ ਨਿਸ਼ਚਤ ਕੀਤੀ ਜਾ ਸਕੇ।
ਅੰਮ੍ਰਿਤਸਰ ਅਤੇ ਲੁਧਿਆਣਾ ਵਿਖੇ ਨਹਿਰੀ ਪਾਣੀ ਉਤੇ ਅਧਾਰਿਤ ਜਲ ਸਪਲਾਈ ਪ੍ਰਾਜੈਕਟ ਲਈ 300 ਮਿਲੀਅਨ ਅਮਰੀਕੀ ਡਾਲਰ ਦੇ ਕੁੱਲ ਅਨੁਮਾਨਿਤ ਪ੍ਰਾਜੈਕਟ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸਮੁੱਚੇ ਪ੍ਰਾਜੈਕਟ ਲਈ ਆਈ.ਬੀ.ਆਰ.ਡੀ (ਵਿਸ਼ਵ ਬੈਂਕ) ਵੱਲੋਂ 105 ਮਿਲੀਅਨ ਅਮਰੀਕੀ ਡਾਲਰ ਦਾ ਕਰਜਾ, ਏ.ਆਈ.ਆਈ.ਬੀ. ਵੱਲੋਂ ਵੀ 105 ਮਿਲੀਅਨ ਅਮਰੀਕੀ ਡਾਲਰ ਦਾ ਕਰਜਾ ਜਦਕਿ ਪੰਜਾਬ ਸਰਕਾਰ ਦੇ 90 ਮਿਲੀਅਨ ਅਮਰੀਕੀ ਡਾਲਰ ਦੇ ਫੰਡ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਅੰਮ੍ਰਿਤਸਰ ਦੇ ਪ੍ਰਾਜੈਕਟ ਲਈ ਪਾਣੀ ਲੈਣ ਦਾ ਸਰੋਤ ਅੱਪਰ ਬਾਰੀ ਦੋਆਬ ਨਹਿਰ ਹੋਵੇਗੀ ਜਿਸ ਦੇ ਤਹਿਤ ਨਹਿਰੀ ਪਾਣੀ ਨੂੰ ਸਾਫ ਕਰਨ ਲਈ ਜਿਲ੍ਹੇ ਦੇ ਪਿੰਡ ਵੱਲ੍ਹਾ ਵਿਚ 440 ਮਿਲੀਅਨ ਲੀਟਰ ਪਾਣੀ ਪ੍ਰਤੀ ਦਿਨ ਸੋਧਣ ਦੀ ਸਮਰੱਥਾ ਵਾਲਾ ਜਲ ਸੋਧ ਪਲਾਂਟ ਸਥਾਪਤ ਕੀਤਾ ਜਾਵੇਗਾ। ਇਸ ਪਾਣੀ ਨੂੰ ਸੋਧਣ ਤੋਂ ਬਾਅਦ ਇਸ ਨੂੰ ਓਵਰ ਹੈੱਡ ਸਰਵਿਸਜ਼ ਰਿਜ਼ਰਵਰਜ਼ (ਓ.ਐਚ.ਐਸ.ਆਰ.) ਵਿਚ ਪਾ ਦਿੱਤਾ ਜਾਵੇਗਾ ਜੋ ਅੱਗੇ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਸਪਲਾਈ ਲਈ ਵਰਤਿਆ ਜਾਇਆ ਕਰੇਗਾ।
ਇਸ ਬਾਰੇ ਬੁਨਿਆਦੀ ਢਾਂਚਾ ਅਜਿਹੇ ਢੰਗ ਨਾਲ ਉਲੀਕਿਆ ਗਿਆ ਹੈ ਤਾਂ ਕਿ 30 ਸਾਲਾਂ ਲਈ ਪਾਣੀ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਇਸ ਨਾਲ ਅੰਮ੍ਰਿਤਸਰ ਲਈ 2025 ਤੱਕ 14.51 ਲੱਖ ਅਤੇ 2055 ਤੱਕ 22.11 ਲੱਖ ਦੀ ਅਨੁਮਾਨਿਤ ਵਸੋਂ ਦੇ ਤਹਿਤ ਨਾਗਰਿਕਾਂ ਨੂੰ ਲਾਭ ਮਿਲਦਾ ਰਹੇਗਾ।
ਇਸ ਵੇਲੇ ਅੰਮ੍ਰਿਤਸਰ ਲਈ ਨਹਿਰੀ ਪਾਣੀ ਉਤੇ ਅਧਾਰਿਤ ਜਲ ਸਪਲਾਈ ਪ੍ਰਾਜੈਕਟ 784.33 ਕਰੋੜ ਰੁਪਏ ਦੀ ਰਾਸ਼ੀ ਨਾਲ ਮੈਸਰਜ਼ ਲਾਰਸਨ ਐਂਡ ਟੂਬਰੋ ਲਿਮਟਡ ਨੂੰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਲੁਧਿਆਣਾ ਪ੍ਰਾਜੈਕਟ ਲਈ ਪਾਣੀ ਦੀ ਸਪਲਾਈ ਦਾ ਸਰੋਤ ਸਰਹਿੰਦ ਨਹਿਰ ਹੋਵੇਗੀ ਅਤੇ ਨਹਿਰੀ ਪਾਣੀ ਨੂੰ ਸੋਧਣ ਲਈ 580 ਮਿਲੀਅਨ ਲਿਟਰ ਪ੍ਰਤੀ ਦਿਨ ਸੋਧਣ ਦੀ ਸਮਰੱਥਾ ਵਾਲਾ ਜਲ ਸੋਧ ਪਲਾਂਟ ਵੀ ਉਸਾਰਿਆ ਜਾਵੇਗਾ। ਇਸ ਪਾਣੀ ਨੂੰ ਸੋਧਣ ਤੋਂ ਬਾਅਦ ਇਸ ਨੂੰ ਓਵਰ ਹੈੱਡ ਸਰਵਿਸਜ਼ ਰਿਜ਼ਰਵਰਜ਼ (ਓ.ਐਚ.ਐਸ.ਆਰ.) ਵਿਚ ਪਾ ਦਿੱਤਾ ਜਾਵੇਗਾ ਜੋ ਅੱਗੇ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਸਪਲਾਈ ਲਈ ਵਰਤਿਆ ਜਾਇਆ ਕਰੇਗਾ।
ਇਸ ਬਾਰੇ ਬੁਨਿਆਦੀ ਢਾਂਚਾ ਅਜਿਹੇ ਢੰਗ ਨਾਲ ਉਲੀਕਿਆ ਗਿਆ ਹੈ ਤਾਂ ਕਿ 30 ਸਾਲਾਂ ਲਈ ਪਾਣੀ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਇਸ ਨਾਲ ਲੁਧਿਆਣਾ ਲਈ 2025 ਤੱਕ 20.76 ਲੱਖ ਅਤੇ 2055 ਲਈ 29.35 ਲੱਖ ਤੱਕ ਦੀ ਅਨੁਮਾਨਿਤ ਵਸੋਂ ਦੇ ਤਹਿਤ ਨਾਗਰਿਕਾਂ ਨੂੰ ਲਾਭ ਮਿਲਦਾ ਰਹੇਗਾ।
ਲੁਧਿਆਣਾ ਪ੍ਰਾਜੈਕਟ ਦੀ ਅਨੁਮਿਨਤ ਨਿਰਮਾਣ ਕੀਮਤ 1093.92 ਕਰੋੜ ਰੁਪਏ ਹੈ ਅਤੇ ਇਸ ਨੂੰ 36 ਮਹੀਨਿਆਂ ਦੇ ਸਮੇਂ ਵਿਚ ਪੂਰਾ ਕੀਤਾ ਜਾਣਾ ਹੈ। ਇਸ ਨੂੰ 10 ਸਾਲਾਂ ਲਈ ਚਲਾਉਣ ਅਤੇ ਸਾਂਭ-ਸੰਭਾਲ ਲਈ ਅਨੁਮਾਨਿਤ ਕੀਮਤ 270.73 ਕਰੋੜ ਰੁਪਏ ਹੈ। ਇਸ ਪ੍ਰਾਜੈਕਟ ਉਪਰ ਕੁੱਲ 1364.65 ਕਰੋੜ ਰੁਪਏ ਦੀ ਲਾਗਤ ਆਵੇਗੀ।
ਇਸ ਵੇਲੇ ਲੁਧਿਆਣਾ ਲਈ ਨਹਿਰੀ ਅਧਾਰਿਤ ਜਲ ਸਪਲਾਈ ਪ੍ਰਾਜੈਕਟ ਬੇਨਤੀ ਦੇ ਪ੍ਰਸਤਾਵ ਦੇ ਅੰਤਿਮ ਪੜਾਅ ਅਧੀਨ ਹੈ ਜਿਸ ਨੂੰ ਛੇਤੀ ਹੀ ਜਾਰੀ ਕਰ ਦਿੱਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
error: Sorry Content is protected !!