
ਦਸਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਖਾਲਸਾਈ ਜਾਹੋ ਜਲੋਲ ਨਾਲ ਅਨੰਦਪੁਰ ਸਾਹਿਬ ਵਿਖੇ ਹੋਈ ਸ਼ੁਰੂ
ਪੰਜਾਬ ਗਤਕਾ ਐਸੋਸੀਏਸ਼ਨ ਜੋ ਕਿ ਪਿਛਲੇ ਕੁਝ ਦਹਾਕਿਆਂ ਤੋਂ ਗਤਕੇ ਨੂੰ ਇੱਕ ਖੇਡ ਦੇ ਰੂਪ ਵਿੱਚ ਪ੍ਰਮੋਟ ਕਰਨ ਲਈ ਲਗਾਤਾਰ ਕਾਰਜ ਕਰ ਰਹੀ ਹੈ, ਉਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ ਵਿੱਚ ਦਸਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਸ਼ੁਰੂ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਗਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੇ ਵਿੱਚ ਪੰਜਾਬ ਭਰ ਦੇ ਸਾਰੇ ਜਿਲ੍ਹਿਆਂ ਤੋਂ 758 ਖਿਡਾਰੀ ਭਾਗ ਲੈ ਰਹੇ ਹਨ ਅਤੇ ਇਸ ਦੀ ਆਫਿਸ਼ੀਟਿੰਗ ਕਰਨ ਦੇ ਲਈ 30 ਮੈਂਬਰੀ ਟੀਮ ਲਗਾਈ ਗਈ ਹੈ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਕਰਕੇ ਕਰਵਾਈ ਗਈ ਇਹ ਚੈਂਪੀਅਨਸ਼ਿਪ ਆਉਣ ਵਾਲੇ ਸਮੇਂ ਵਿੱਚ ਗਤਕੇ ਦੇ ਲਈ ਨਵੇਂ ਮੀਲ ਪੱਥਰ ਰੱਖੇਗੀ।
ਜਲਦੀ ਹੀ ਗਤਕਾ ਏਸ਼ੀਆ ਕੱਪ ਕਰਵਾਇਆ ਜਾਵੇਗਾ- ਡਾ ਰਜਿੰਦਰ ਸਿੰਘ ਸੋਹਲ
ਇਸ ਮੌਕੇ ਉਦਘਾਟਨੀ ਸਮਾਰੋਹ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਏਸ਼ੀਆ ਗੱਤਕਾ ਫੈਡਰੇਸ਼ਨ ਦੇ ਮੀਤ ਪ੍ਰਧਾਨ ਡਾ. ਰਜਿੰਦਰ ਸਿੰਘ ਸੋਹਲ ਨੇ ਕਿਹਾ ਕਿ ਪੰਜਾਬ ਦੀ ਇਹ ਖੇਡ ਅੱਜ ਕੇਵਲ ਪੰਜਾਬ ਹੀ ਨਹੀਂ, ਭਾਰਤ ਹੀ ਨਹੀਂ ਸਗੋਂ ਵਿਸ਼ਵ ਪੱਧਰ ‘ਤੇ ਵੀ ਮਕਬੂਲ ਕੀਤੀ ਜਾ ਰਹੀ ਹੈ । ਉਹਨਾਂ ਨੇ ਖਿਡਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਬਹੁਤ ਹੀ ਜਲਦੀ ਇਸਦਾ ਏਸ਼ੀਆ ਕੱਪ ਵੀ ਕਰਵਾਇਆ ਜਾਏਗਾ ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਦਲਜੀਤ ਸਿੰਘ ਚੀਮਾਂ (ਸਾਬਕਾ ਮੰਤਰੀ ਪੰਜਾਬ) ਨੇ ਖਿਡਾਰੀਆਂ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਨਾਲ ਹੀ ਕਿਹਾ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਦੂਰ ਕਰਨ ਦੇ ਲਈ ਇਹ ਇੱਕ ਸਾਰਥਕ ਕਦਮ ਹੈ । ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਅਤੇ ਅਮਰਜੀਤ ਸਿੰਘ ਚਾਵਲਾ ਨੇ ਵਿਸ਼ੇਸ਼ ਰੂਪ ਦੇ ਵਿੱਚ ਸ਼ਿਰਕਤ ਕੀਤੀ । ਉਹਨਾਂ ਵੱਲੋਂ ਇਸ ਚੈਂਪੀਅਨਸ਼ਿਪ ਨੂੰ ਕਰਾਉਣ ਦੇ ਲਈ ਸਾਰੇ ਪ੍ਰਬੰਧਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਯੋਗਦਾਨ ਦਿੱਤਾ ਗਿਆ ਹੈ ।
ਇਸ ਮੌਕੇ ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ .ਗੁਰਦੀਪ ਸਿੰਘ ਕੰਗ ਦਾ ਅਤੇ ਸ. ਹਰਦੇਵ ਸਿੰਘ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਸ ਤਿੰਨ ਰੋਜ਼ਾ ਚੈਂਪੀਅਨਸ਼ਿਪ ਦੀ ਸਮਾਪਤੀ 24 ਅਗਸਤ ਨੂੰ ਹੋਵੇਗੀ ।ਜਿਸ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਸ. ਹਰਚਰਨ ਸਿੰਘ ਭੁੱਲਰ ਪ੍ਰਧਾਨ ਗਤਕਾ ਫੈਡਰੇਸ਼ਨ ਆਫ ਇੰਡੀਆ ਇਨਾਮਾਂ ਦੀ ਵੰਡ ਕਰਨ ਦੇ ਲਈ ਪਹੁੰਚਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਪਾਬਲਾ, ਗੁਰਪ੍ਰੀਤ ਸਿੰਘ, ਰਘਬੀਰ ਸਿੰਘ ਡੇਹਲੋਂ , ਰਾਜਵੀਰ ਸਿੰਘ ,ਹਰਮਨਜੋਤ ਸਿੰਘ , ਤਲਵਿੰਦਰ ਸਿੰਘ ਪਟਿਆਲਾ, ਸੁਖਦੀਪ ਸਿੰਘ ਲੁਧਿਆਣਾ, ਇੰਦਰਪ੍ਰੀਤ ਕੌਰ ਲੁਧਿਆਣਾ , ਸੰਦੀਪ ਸਿੰਘ ਲੁਧਿਆਣਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।