
ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਦੇ ਵਿਹੜੇ ਵਿੱਚ ਤੀਆਂ ਦੀਆਂ ਰੌਣਕਾਂ ਨੇ ਬੱਦਲਾਂ ਨੂੰ ਵਰ੍ਹਨ ਲਈ ਕਰ ਦਿੱਤਾ ਮਜ਼ਬੂਰ:
ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਦੇ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਦੇ ਮੁਖੀ ਡਾ. ਨਵਦੀਪ ਕੌਰ ਦੀ ਰਹਿਨੁਮਾਈ ਅਤੇ ਸਮੂਹ ਸਟਾਫ਼ ਵਲੋਂ ਅੱਜ ਤੀਆਂ ਦੇ ਪ੍ਰੋਗਰਾਮ “ਸਾਵਣ ਨੂੰ ਅਲਵਿਦਾ : ਮੇਲਾ ਤੀਆਂ ਦਾ”_ ਨੂੰ ਬੜ੍ਹੇ ਹੀ ਸੁਚੱਜੇ ਢੰਗ ਨਾਲ ਸਫ਼ਲਤਾ ਪੂਰਵਕ ਪ੍ਰਵਾਨ ਚੜ੍ਹਾਇਆ। ਇਹ ਪ੍ਰੋਗਰਾਮ ਬਹੁਤ ਹੀ ਸਫਲਤਾ ਨਾਲ ਹੋਇਆ। ਵਿਭਾਗ ਵਿਖੇ ਐਮ.ਏ.ਆਨਰਜ਼ ਪੰਜਾਬੀ, ਅੰਗਰੇਜ਼ੀ ਅਤੇ ਅਰਥਸ਼ਾਸਟਰ ਦੇ ਵਿਦਿਆਰਥੀਆਂ ਵਲੋਂ ਵੱਖੋ-ਵੱਖਰੇ ਰੂਪ ਵਿੱਚ ਸਟੇਜ਼ ਉਪਰ ਡਾਂਸ, ਲੰਮੀ ਹੇਕ ਦੇ ਗੀਤ, ਮਾਹੀਏ ਦੇ ਟੱਪੇ ਅਤੇ ਰਵਾਇਤੀ ਗਿੱਧਾ ਪਾ ਕੇ ਧਮਾਲ ਪਾ ਦਿੱਤੀ।
ਵਰ੍ਹਦੇ ਮੀਂਹ ਵਿੱਚ ਵਿਦਿਆਰਥਣਾਂ ਨੇ ਗਿੱਧੇ ਦਾ ਪਿੜ੍ਹ ਮੱਲੀ ਰੱਖਿਆ ਅਤੇ ਲੋਕ ਬੋਲੀਆਂ ਰਾਹੀਂ ਆਪਣੇ ਦਿਲਾਂ ਦੇ ਭਾਵ ਬਿਆਨ ਕੀਤੇ। ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਹੀ ਨਹੀਂ ਸਗੋਂ ਵਿਭਾਗ ਦੇ ਮੇਲ ਵਿਦਿਆਰਥੀਆਂ ਵਲੋਂ ਵੀ ਇਸ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਜਿੰਮੇਵਾਰੀਆਂ ਨੂੰ ਇਕ ਜਿੰਮੇਵਾਰ ਵਿਦਿਆਰਥੀਆਂ ਵਾਂਗ ਨਿਭਾਇਆ ਗਿਆ।
ਸਮੁੂਹ ਸਟਾਫ਼ ਵਲੋਂ ਮੁੱਖ ਮਹਿਮਾਨ ਡਾ. ਰਾਜਵਿੰਦਰ ਕੌਰ, ਪ੍ਰਿੰਸੀਪਲ ਭਾਈ ਆਸਾ ਸਿੰਘ ਗਰਲਜ਼ ਕਾਲਜ, ਗੋਨਿਆਣਾ ਮੰਡੀ ਨੂੰ ਫੁੱਲਾਂ ਦੇ ਬੁੱਕੇ ਭੇਂਟ ਕਰਕੇ ਜੀਅ ਆਇਆਂ ਆਖਿਆ ਗਿਆ। ਪ੍ਰੋਗਰਾਮ ਦੇ ਆਖਿਰ ਵਿੱਚ ਡਾ. ਰਾਜਵਿੰਦਰ ਕੌਰ ਨੂੰ ਫੁਲਕਾਰੀ ਨਾਲ ਨਿਵਾਜਿਆ ਗਿਆ ਅਤੇ ਕਿਤਾਬਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਡਾ. ਰਾਜਵਿੰਦਰ ਵਲੋਂ ਕਿਹਾ ਗਿਆ ਹੈ ਕਿ ਅੱਜ ਬਹੁਤ ਹੀ ਸੁਭਾਗਾ ਦਿਨ ਚੜ੍ਹਿਆ ਹੈ ਕਿ ਰਿਜਨਲ ਸੈਂਟਰ ਦੇ ਵਿਹੜੇ ਤੀਆਂ ਵਿੱਚ ਆਉਣ ਦਾ ਸਬੱਬ ਬਣਿਆ। ਉਹਨਾਂ ਵਿਦਿਆਰਥੀਆਂ ਨੂੰ ਆਪਣੀਆਂ ਕੀਮਤੀ ਗੱਲਾਂ ਰਾਹੀਂ ਬਹੁਤ ਹੀ ਭਾਵਪੂਰਤ ਜਾਣਕਾਰੀ ਦਿੱਤੀ ਅਤੇ ਜਿਹੇ ਰਵਾਇਤੀ ਪ੍ਰੋਗਰਾਮਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।
ਐਜ਼ੂਕੇਸ਼ਨ ਵਿਭਾਗ ਦਾ ਸਮੂਹ ਮਹਿਲਾ ਸਟਾਫ਼ ਅਤੇ ਲਾਅ ਵਿਭਾਗ ਦੇ ਸਮੂਹ ਮਹਿਲਾ ਸਟਾਫ਼ ਮੈਂਬਰਜ਼ ਵੀ ਇਸ ਪ੍ਰੋਗਰਾਮ ਵਿੱਚ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਵਿਭਾਗ ਦੇ ਪਾਸ ਹੋ ਚੁੱਕੇ ਸਾਬਕਾ ਵਿਦਿਆਰਥੀਆਂ ਨੇ ਵੀ ਸ਼ਾਮਿਲ ਹੋ ਕੇ ਅਤੇ ਸਟੇਜ ਤੇ ਆਪਣੀ ਪ੍ਰਫਾਰਮੈਂਸ ਦੇ ਕੇ ਵਿਭਾਗ ਦਾ ਮਾਣ ਵਧਾਇਆ।
