
ਪ੍ਰਧਾਨ ਮੰਤਰੀ ਮੋਦੀ ਵੱਲੋਂ ਅਮਰੀਕਾ ਅੱਗੇ ਕਿਸਾਨਾਂ ਦੇ ਹੱਕ ਵਿੱਚ ਲਏ ਸਟੈਂਡ ਲਈ ਅੱਜ ਉਹਨਾਂ ਦੇ ਨਾਲ ਖੜਨ ਦਾ ਵੇਲਾ -ਸੁਨੀਲ ਜਾਖੜ
ਚੰਡੀਗੜ ,17 ਅਗਸਤ ; ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅਮਰੀਕਾ ਦੇ ਦਬਾਅ ਦੇ ਅੱਗੇ ਨਾ ਝੁੱਕਦਿਆਂ ਕਿਸਾਨਾਂ ਦੇ ਹੱਕ ਵਿੱਚ ਲਏ ਸਟੈਂਡ ਲਈ ਅੱਜ ਸਭ ਧਿਰਾਂ ਨੂੰ ਸਿਆਸਤ ਛੱਡ ਕੇ ਦੇਸ਼ ਹਿੱਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਖੜਨਾ ਦਾ ਸੱਦਾ ਦਿੱਤਾ ਹੈ।
ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਦੁਨੀਆਂ ਦੇ ਥਾਣੇਦਾਰ ਬਣੇ ਅਮਰੀਕਾ ਵੱਲੋਂ ਲਗਾਤਾਰ ਭਾਰਤ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਅਮਰੀਕਾ ਦੀ ਖੇਤੀ ਉਪਜ ਨੂੰ ਭਾਰਤ ਦੇ ਬਜਾਰਾ ਵਿੱਚ ਆਉਣ ਦੀ ਆਗਿਆ ਦਿੱਤੀ ਜਾਵੇ। ਇਸ ਲਈ ਅਮਰੀਕਾ ਵੱਲੋਂ ਭਾਰਤ ਤੇ ਸਖਤ ਟੈਰੀਫ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ ਪਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਦੇ ਹਨ ਕਿ ਜੇਕਰ ਅਮਰੀਕਾ ਦੇ ਖੇਤੀ ਉਪਜ ਭਾਰਤ ਵਿੱਚ ਵਿਕਣ ਲੱਗੇਗੀ ਤਾਂ ਭਾਰਤ ਦਾ ਕਿਸਾਨ ਤਬਾਹ ਹੋ ਜਾਵੇਗਾ। ਇਸ ਲਈ ਉਹਨਾਂ ਨੇ ਅਮਰੀਕਾ ਦੇ ਦਬਾਅ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ।
ਉਹਨਾਂ ਆਖਿਆ ਕਿ ਅੱਜ ਜਦੋਂ ਦੁਨੀਆਂ ਦੇ ਸਾਰੇ ਵੱਡੇ ਮੁਲਕ ਅਮਰੀਕਾ ਅੱਗੇ ਗੋਡੇ ਟੇਕ ਚੁੱਕੇ ਹਨ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਅਤੇ ਅਮਰੀਕਾ ਲਈ ਭਾਰਤ ਦੇ ਬਾਜ਼ਾਰ ਖੋਲਣ ਤੋਂ ਇਨਕਾਰ ਕਰ ਦਿੱਤਾ । ਉਹਨਾਂ ਨੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਵੇਲਾ ਦੇਸ਼ ਹਿੱਤ ਲਈ ਆਪਣੇ ਪ੍ਰਧਾਨ ਮੰਤਰੀ ਨਾਲ ਡੱਟ ਕੇ ਖੜ੍ਹੇ ਹੋਣ ਦਾ ਤਾਕਿ ਪ੍ਰਧਾਨਮੰਤਰੀ ਕਿਸਾਨਾਂ ਦੇ ਹੱਕਾ ਲਈ ਹੋਰ ਮਜ਼ਬੂਤੀ ਨਾਲ ਲੜ ਸਕਣ l
ਸੁਨੀਲ ਜਾਖੜ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਨੀਤੀ ਦੇ ਮੁੱਦੇ ਤੇ ਮਗਰਮੱਛ ਦੇ ਹੰਝੂ ਬਹਾਉਣ ਵਾਲੀਆਂ ਪਾਰਟੀਆਂ ਨੇ ਅਸਲ ਵਿੱਚ ਸਰਕਾਰ ਤੇ ਦਬਾਓ ਬਣਾਉਣ ਲਈ ਕੁਝ ਨਹੀਂ ਕੀਤਾ। ਇਹ ਕੇਵਲ ਭਾਰਤੀ ਜਨਤਾ ਪਾਰਟੀ ਹੀ ਸੀ ਜਿਸਨੇ ਕਿਸਾਨਾਂ ਦੀ ਜਮੀਨ ਬਚਾਉਣ ਲਈ ਹਰ ਹੀਲਾ ਵਰਤਿਆ ਅਤੇ ਇੱਕ ਲੋਕ ਰਾਏ ਵਿਕਸਿਤ ਕੀਤੀ। ਭਾਰਤੀ ਜਨਤਾ ਪਾਰਟੀ ਦੇ ਦਬਾਅ ਕਾਰਨ ਅਤੇ ਪੰਜਾਬ ਦੇ ਲੋਕਾਂ ਦੇ ਤਿੱਖੇ ਵਿਰੋਧ ਕਾਰਨ ਹੀ ਸਰਕਾਰ ਨੂੰ ਇਹ ਪੋਲਸੀ ਵਾਪਸ ਲੈਣੀ ਪਈ ਹੈ। ਉਨਾਂ ਆਖਿਆ ਕਿ ਇਸ ਸਾਰੇ ਸੰਦਰਭ ਵਿੱਚ ਪੰਜਾਬ ਦੇ ਲੋਕ ਬਿਹਤਰ ਤਰੀਕੇ ਨਾਲ ਸਮਝ ਚੁੱਕੇ ਹਨ ਕਿ ਕਿਸਾਨਾਂ ਦੇ ਨਾਂ ਤੇ ਰਾਜਨੀਤੀ ਕੌਣ ਕਰਦਾ ਹੈ ਅਤੇ ਔਖੇ ਵੇਲੇ ਕਿਸਾਨਾਂ ਦੇ ਨਾਲ ਅਸਲ ਵਿੱਚ ਖੜਦਾ ਕੌਣ ਹੈ ।
ਸੁਨੀਲ ਜਾਖੜ ਨੇ ਆਖਿਆ ਕਿ ਇਹ ਵੇਲਾ ਪਹਿਚਾਨ ਕਰਨ ਦਾ ਹੈ। ਸਾਨੂੰ ਉਹਨਾਂ ਲੋਕਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ ਜੋ ਕਿਸਾਨਾਂ ਦੇ ਨਾਂ ਦੀ ਰਾਜਨੀਤੀ ਤਾਂ ਕਰਦੇ ਹਨ ਪਰ ਕਿਸਾਨਾਂ ਲਈ ਖੁਦ ਕੁਝ ਨਹੀਂ ਕਰਦੇ । ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਹੈ ਜਿਸਨੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਲੈਂਡ ਪੂਲਿੰਗ ਨੀਤੀ ਤੇ ਸਖਤ ਰੁੱਖ ਅਪਣਾਇਆ ਅਤੇ ਕਿਸਾਨਾਂ ਨਾਲ ਡੱਟ ਕੇ ਖੜੀ ਅਤੇ ਦੂਜੇ ਪਾਸੇ ਕੌਮੀ ਪੱਧਰ ਤੇ ਸਾਡੇ ਪ੍ਰਧਾਨ ਮੰਤਰੀ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਅਮਰੀਕਾ ਨਾਲ ਵੀ ਅੜ ਗਏ ਹਨ। ਉਹਨਾਂ ਨੇ ਅਪੀਲ ਕੀਤੀ ਕਿ ਸਾਨੂੰ ਇਸ ਮੌਕੇ ਆਪਣੇ ਪ੍ਰਧਾਨ ਮੰਤਰੀ ਦਾ ਸਾਥ ਦੇਣਾ ਚਾਹੀਦਾ ਹੈ।।