21 ਮਾਰਚ ਨੂੰ ਹੋਵੇਗਾ ‘ਆਪ’ ਦਾ ਕਿਸਾਨ ਮਹਾਸੰਮੇਲਨ, ਸਰਕਾਰ ਵੱਲੋਂ ਕੋਵਿੰਡ ਸਬੰਧੀ ਜਾਰੀ ਕੀਤੇ ਨਿਯਮਾਂ ਦੀ ਹੋਵੇਗੀ ਪਾਲਣਾ
ਚੰਡੀਗੜ੍ਹ, 19 ਮਾਰਚ 2021
ਕੋਵਿੰਡ ਉਤੇ ਪੰਜਾਬ ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਬਾਅਦ ਆਮ ਆਦਮੀ ਪਾਰਟੀ ਨੇ ਬਾਘਾ ਪੁਰਾਣਾ ਵਿੱਚ ਹੋਣ ਵਾਲੇ ਆਪਣੇ ਕਿਸਾਨ ਮਹਾਸੰਮੇਲਨ ਉਤੇ ਪੱਖ ਸਪੱਸ਼ਟ ਕੀਤਾ ਹੈ। ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ 21 ਮਾਰਚ ਨੂੰ ਬਾਘਾ ਪੁਰਾਣਾ ਵਿੱਚ ਤੈਅ ਪ੍ਰੋਗਰਾਮ ਅਨੁਸਾਰ ਕਿਸਾਨ ਮਹਾਸੰਮੇਲਨ ਹੋਵੇਗਾ। ਪਾਰਟੀ ਨੇ ਕਿਹਾ ਕਿ ਸੰਮੇਲਨ ਦੌਰਾਨ ਕੋਵਿੰਡ ਨੂੰ ਲੈ ਕੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਪਾਲਣਾ ਕੀਤੀ ਜਾਵੇਗੀ।
ਕਿਸਾਨ ਮਹਾਸੰਮੇਲਨ ਰਾਹੀਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਅਤੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਬਣਾਉਣ ਲਈ 21 ਮਾਰਚ ਨੂੰ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਘਾ ਪੁਰਾਣਾ ਪਹੁੰਚ ਰਹੇ ਹਨ। ਪਾਰਟੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ ਅਤੇ ਉਨ੍ਹਾਂ ਦੀ ਜ਼ਮੀਨ ਖੋਹਣ ਦੀ ਸਾਜਿਸ਼ ਰਚ ਰਹੀ ਹੈ। ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਹਮੇਸ਼ਾਂ ਕਿਸਾਨਾਂ ਨਾਲ ਖੜ੍ਹੀ ਰਹੀ ਹੈ। ਸੜਕ ਤੋਂ ਸੰਸਦ ਤੱਕ ‘ਆਪ’ ਨੇ ਕਿਸਾਨਾਂ ਦੀ ਆਵਾਜ਼ ਚੁੱਕੀ ਹੈ ਅਤੇ ਸੇਵਾਦਾਰ ਦੀ ਤਰ੍ਹਾਂ ਕਿਸਾਨਾਂ ਦੀ ਸੇਵਾ ਕੀਤੀ ਹੈ।