ਪੰਜਾਬ ਦਾ ਸਹਿਕਾਰੀ ਸੈਕਟਰ ਹੋਰਨਾਂ ਸੂਬਿਆਂ ਵੱਲੋਂ ਲਾਗੂ ਬਿਹਤਰ ਅਭਿਆਸਾਂ ਨੂੰ ਅਪਣਾਏਗਾ: ਸੁਖਜਿੰਦਰ ਸਿੰਘ ਰੰਧਾਵਾ
ਸਹਿਕਾਰਤਾ ਮੰਤਰੀ ਵੱਲੋਂ ਸਹਿਕਾਰੀ ਸੰਸਥਾਵਾਂ ਦੇ ਉੱਚ ਪੱਧਰੀ ਕੰਪਿਊਟਰੀਕਰਨ ਦੇ ਅਧਿਐਨ ਲਈ ਉਤਰ ਪ੍ਰਦੇਸ਼ ਦਾ ਦੌਰਾ
ਚੰਡੀਗੜ/ਲਖਨਊ: 13 ਮਾਰਚ
ਉੱਤਰ ਪ੍ਰਦੇਸ਼ ਵਿੱਚ ਸਹਿਕਾਰੀ ਖੇਤਰ ਦੀਆਂ ਸੰਸਥਾਵਾਂ ਦੇ ਉੱਚ ਪੱਧਰੀ ਕੰਪਿਊਟਰੀਕਰਨ ਦਾ ਅਧਿਐਨ ਕਰਨ ਅਤੇ ਇਸਨੂੰ ਪੰਜਾਬ ਵਿੱਚ ਅਪਣਾਉਣ ਦੀ ਕੋਸ਼ਿਸ਼ ਵਿੱਚ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਲਖਨਊ ਵਿਖੇ ਯੂ.ਪੀ. ਕੋਆਪਰੇਟਿਵ ਬੈਂਕ ਦੇ ਮੁੱਖ ਦਫਤਰ ਦਾ ਦੌਰਾ ਕੀਤਾ।
ਇਸ ਮੌਕੇ ਉਨਾਂ ਨਾਲ ਰਜਿਸਟਰਾਰ, ਸਹਿਕਾਰੀ ਸਭਾਵਾਂ, ਵਿਕਾਸ ਗਰਗ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ ਡੀ ਹਰਗੁਣਜੀਤ ਕੌਰ ਤੇ ਏ ਐਮ ਡੀ ਜਗਦੀਸ ਸਿੰਘ ਸਿੱਧੂ ਅਤੇ ਜੀ.ਐਮ. (ਈਬੀ) ਪੰਜਾਬ ਸਰਕਲ ਸੁਰੇਸ਼ ਚੰਦਰ ਬਾਦਲ ਦੀ ਅਗਵਾਈ ਵਿੱਚ ਬੀ.ਐਸ.ਐਨ.ਐਲ. ਦੀ ਇਕ ਟੀਮ ਵੀ ਮੌਜੂਦ ਸੀ ਅਤੇ ਉਨਾਂ ਨੂੰ ਯੂ.ਪੀ. ਸਰਕਾਰ ਦੁਆਰਾ ਸਹਿਕਾਰੀ ਖੇਤਰ ਦੀਆਂ ਦੀਆਂ ਚੋਟੀ ਦੀਆਂ ਸੁਸਾਇਟੀਆਂ ਅਤੇ ਪ੍ਰਾਇਮਰੀ ਖੇਤੀਬਾੜੀ ਕਰਜ ਸਭਾਵਾਂ (ਪੀਏਸੀਐਸ) ਦੇ ਕੰਪਿਊਟਰੀਕਰਨ ਬਾਰੇ ਪੇਸ਼ਕਾਰੀ ਦਿੱਤੀ ਗਈ।
ਪੇਸ਼ਕਾਰੀ ਦੌਰਾਨ ਕੋਆਪਰੇਟਿਵਜ ਲਈ ਯੁਨੀਫਾਈਡ ਸੀ.ਬੀ.ਐਸ. ਉਤਪਾਦ ਜਿਸਨੂੰ ਯੂ.ਪੀ.ਸੀ.ਬੀ. ਵਿੱਚ ਅੰਸ਼ਿਕ ਤੌਰ ’ਤੇ ਲਾਗੂ ਕੀਤਾ ਗਿਆ, ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਬੀ.ਐਸ.ਐਨ.ਐਲ. ਨੇ ਯੁਨੀਫਾਈਡ ਕਮਿਊਨੀਕੇਸ਼ਨ ਪਲੇਟਫਾਰਮ ਦੀ ਪੇਸ਼ਕਸ਼ ਕੀਤੀ ਜਿਸ ਵਿੱਚ ਡੀ.ਸੀ. / ਡੀ.ਆਰ. / ਐਮ.ਪੀ.ਐਲ.ਐਸ ਸ਼ਾਮਲ ਹੈ।
ਸਹਿਕਾਰਤਾ ਮੰਤਰੀ ਨੇ ਬਾਰਾਬੰਕੀ ਵਿਖੇ ਜ਼ਿਲਾ ਸਹਿਕਾਰੀ ਬੈਂਕ ਲਿਮਟਡ ਦੇ ਨਾਲ-ਨਾਲ ਜਯੋਲੀ ਸਹਿਕਾਰੀ ਸੁਸਾਇਟੀ ਦਾ ਦੌਰਾ ਵੀ ਕੀਤਾ ਅਤੇ ਕਿਹਾ ਕਿ ਉਨਾਂ ਦੀ ਇਸ ਫੇਰੀ ਦਾ ਉਦੇਸ਼ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਸਹਿਕਾਰੀ ਖੇਤਰ ਨੂੰ ਆਧੁਨਿਕ ਬਣਾਉਣ ਲਈ ਲਾਗੂ ਕੀਤੇ ਜਾ ਰਹੇ ਉੱਤਮ ਅਭਿਆਸਾਂ ਨੂੰ ਪੰਜਾਬ ਵਿੱਚ ਅਪਣਾਉਣਾ ਹੈ।