Punjab

ਨਿਰੋਲ ਮੈਰਿਟ ਤੇ ਪਾਰਦਰਸ਼ੀ ਢੰਗ ਨਾਲ ਆਨਲਾਈਨ ਪ੍ਰਣਾਲੀ ਰਾਹੀਂ ਹੀ ਹੋਣਗੀਆਂ ਅਧਿਆਪਕਾਂ ਦੀਆਂ ਬਦਲੀਆਂ

ਅਫ਼ਵਾਹਾਂ ਤੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਆਨਲਾਇਨ ਬਦਲੀ ਅਪਲਾਈ ਕਰਨ ਵਾਲੇ ਅਧਿਆਪਕ: ਸਕੂਲ ਸਿੱਖਿਆ ਮੰਤਰੀ 

ਸਕੂਲ ਸਿੱਖਿਆ ਵਿਭਾਗ ਨੇ ਬਦਲੀਆਂ ਸਬੰਧੀ ਸਥਾਪਤ ਕੰਟਰੋਲ ਰੂਮ ਦੇ ਨੰਬਰ ਕੀਤੇ ਜਾਰੀ

ਚੰਡੀਗੜ੍ਹ, 1 ਮਾਰਚ:

ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਤਬਾਦਲਾ ਨੀਤੀ-2019 ਅਨੁਸਾਰ ਆਨਲਾਈਨ ਬਦਲੀਆਂ ਕਰਨ ਦੀ ਪ੍ਰਕਿਰਿਆ ਨੂੰ ਨਿਰੋਲ ਮੈਰਿਟ ਅਤੇ ਪਾਰਦਰਸ਼ੀ ਢੰਗ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਦਰੁਸਤ ਅਤੇ ਚੌਕਸ ਪ੍ਰਬੰਧ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸਮੇਂ ਸਕੂਲਾਂ ਦੇ ਡੀਡੀਓ ਤੇ ਸਕੂਲ ਮੁਖੀ ਦਰਖ਼ਾਸਤਕਰਤਾਵਾਂ ਦੀਆਂ ਬਦਲੀਆਂ ਲਈ ਆਨਲਾਈਨ ਅਰਜ਼ੀਆਂ ਦੀ ਵੈਰੀਫਿਕੇਸ਼ਨ ਕਰ ਰਹੇ ਹਨ ਅਤੇ ਦਰਖ਼ਾਸਤਕਰਤਾਵਾਂ ਨੂੰ ਸਟੇਸ਼ਨਾਂ ਦੀ ਆਪਸ਼ਨ ਦੇਣ ਲਈ ਵੀ ਪੋਰਟਲ `ਤੇ ਹੀ ਸਟੇਸ਼ਨ ਦਿਖਾਏ ਜਾ ਰਹੇ ਹਨ। 

ਕੈਬਨਿਟ ਮੰਤਰੀ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਨਵੇਂ ਅਧਿਆਪਕਾਂ ਨੂੰ ਬਾਰਡਰ ਏਰੀਆ ਵਿਚ ਨਿਯੁਕਤ ਕੀਤਾ ਜਾਣਾ ਹੈ, ਇਸ ਲਈ ਸਰਹੱਦੀ ਜ਼ਿਲ੍ਹਿਆਂ ਦੇ ਸੀਨੀਅਰ ਅਧਿਆਪਕਾਂ ਨੂੰ ਸਟੇਸ਼ਨਾਂ ਦੀ ਪੇਸ਼ਕਸ਼ ਕਰਨ ਲਈ ਬਦਲੀਆਂ ਤਹਿਤ ਸਟੇਸ਼ਨ ਚੁਣਨ ਦੀ ਸੁਵਿਧਾ ਦੇ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਹ ਬਦਲੀਆਂ ਵਿਭਾਗ ਵੱਲੋਂ ਨਿਰਧਾਰਤ ਮਾਪਦੰਡਾਂ, ਮੈਰਿਟ ਅਤੇ ਅਧਿਆਪਕ ਤਬਾਦਲਾ ਨੀਤੀ-2019 ਅਨੁਸਾਰ ਹੀ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਲਈ ਅਧਿਆਪਕ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਜੇਕਰ ਕਿਸੇ ਦਰਖ਼ਾਸਤਕਰਤਾ ਨੂੰ ਕਿਸੇ ਕਿਸਮ ਦੀ ਸਮੱਸਿਆ ਆ ਰਹੀ ਹੈ ਤਾਂ ਇਸ ਲਈ ਵਿਭਾਗ ਵੱਲੋਂ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਗਿਆ ਹੈ।

ਸਿੰਗਲਾ ਨੇ ਦੱਸਿਆ ਕਿ ਬਦਲੀਆਂ ਲਈ ਆਨਲਾਇਨ ਅਪਲਾਈ ਕਰਨ ਵਾਲੇ ਅਧਿਆਪਕ ਆਪਣੀ ਕੋਈ ਵੀ ਸਮੱਸਿਆ ਜਾਂ ਸ਼ਿਕਾਇਤ ਕੰਟਰੋਲ ਰੂਮ `ਤੇ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਸੁਵਿਧਾ ਲਈ ਹਰਪਾਲ ਸਿੰਘ ਸੰਪਰਕ ਨੰਬਰ 82840000767, ਗੁਰਿੰਦਰ ਸਿੰਘ 9815171310 ਅਤੇ ਸੁਖਜਿੰਦਰ ਸਿੰਘ 9888917455 ਦੀ ਡਿਊਟੀ ਵਿਸ਼ੇਸ਼ ਤੌਰ `ਤੇ ਇਸ ਕੰਮ ਲਈ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਧਿਆਪਕ ਜ਼ਿਲ੍ਹੇ ਦੇ ਨੋਡਲ ਅਫ਼ਸਰ ਨਾਲ ਵੀ ਸੰਪਰਕ ਕਰ ਸਕਦੇ ਹਨ।

ਸਕੂਲ ਸਿੱਖਿਆ ਮੰਤਰੀ ਵੱਲੋਂ ਜਾਰੀ ਹਦਾਇਤਾਂ ਤੋਂ ਬਾਅਦ ਸਿੱਖਿਆ ਵਿਭਾਗ ਨੇ ਆਸਾਮੀਆਂ ਆਨਲਾਇਨ ਪੋਰਟਲ `ਤੇ ਵਿਖਾਈ ਦੇਣ ਸਬੰਧੀ ਸਪੱਸ਼ਟੀਕਰਨ ਵੀ ਜਾਰੀ ਕੀਤਾ ਗਿਆ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਮਿਡਲ ਸਕੂਲਾਂ ਦਾ ਸੰਚਾਲਨ ਨੇੜੇ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਕੋਲ ਹੁੰਦਾ ਹੈ ਇਸ ਲਈ ਵਿਦਿਆਰਥੀਆਂ ਦੀ ਗਿਣਤੀ ਅਤੇ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਿਡਲ ਸਕੂਲ ਦੀਆਂ ਸਾਰੀਆਂ ਮਨਜੂਰਸੁਦਾ ਅਸਾਮੀਆਂ ਨੂੰ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸ਼ਾਮਲ ਕਰਕੇ ਦਿਖਾਇਆ ਗਿਆ ਹੈ।

ਵਿਭਾਗ ਦੇ ਨਵੇਂ ਨਿਯਮਾਂ ਅਨੁਸਾਰ ਸਕੂਲਾਂ ਵਿਚ ਅੰਗਰੇਜ਼ੀ ਵਿਸ਼ੇ ਦੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਹੈ। ਨਿਯਮਾਂ ਅਨੁਸਾਰ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਦੇ ਸਕੂਲ ਵਿਚ ਬਣਦੇ ਪੀਰੀਅਡਾਂ ਅਨੁਸਾਰ ਮਨਜੂਰਸੁਦਾ ਅਸਾਮੀਆਂ ਦਿੱਤੀਆਂ ਗਈਆਂ ਹਨ। ਪੁਰਾਣੇ ਨਿਯਮਾਂ ਅਨੁਸਾਰ ਜੇਕਰ ਸਕੂਲ ਵਿਚ ਕਿਸੇ ਸਮਾਜਿਕ ਸਿੱਖਿਆ ਦੀ ਅਸਾਮੀ `ਤੇ ਅੰਗਰੇਜ਼ੀ ਦਾ ਅਧਿਆਪਕ ਕੰਮ ਕਰ ਰਿਹਾ ਹੈ ਤਾਂ ਉਸ ਸਕੂਲ ਵਿਚ ਅੰਗਰੇਜ਼ੀ ਦੀ ਅਸਾਮੀ ਨਹੀਂ ਦਿੱਤੀ ਗਈ ਸੀ ਪਰ ਵਿਭਾਗ ਵੱਲੋਂ 27 ਫਰਵਰੀ ਨੂੰ ਸਕੂਲਾਂ ਵਿਚ ਲੋੜ ਅਨੁਸਾਰ ਅੰਗਰੇਜ਼ੀ ਵਿਸ਼ੇ ਦੀਆਂ ਅਸਾਮੀਆਂ ਦਿੱਤੀਆਂ ਗਈਆਂ ਹਨ ਅਤੇ ਅਧਿਆਪਕ ਪੋਰਟਲ `ਤੇ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। 

ਆਪਸੀ ਬਦਲੀਆਂ ਸਬੰਧੀ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਆਪਸੀ ਬਦਲੀਆਂ ਦੀਆਂ ਪ੍ਰਤੀ ਬੇਨਤੀਆਂ ਬਦਲੀਆਂ ਦੇ ਗੇੜ ਮੁਕੰਮਲ ਹੋਣ ਉਪਰੰਤ ਵਿਚਾਰੀਆਂ ਜਾਣਗੀਆਂ। ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਵਿਭਾਗ ਵੱਲੋਂ 31 ਮਾਰਚ 2021 ਤੱਕ ਸੇਵਾ ਮੁਕਤ ਹੋ ਰਹੇ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਵੀ ਬਦਲੀਆਂ ਦੇ ਸ਼ਟੇਸ਼ਨਾਂ ਵਿਚ ਸ਼ਾਮਲ ਕਰ ਲਿਆ ਹੈ ਪਰ ਜੇਕਰ ਉਹ ਅਸਾਮੀ ਸਰਪਲੱਸ ਹੈ ਤਾਂ ਉਹ ਅਸਾਮੀ ਦਿਖਾਈ ਨਹੀਂ ਗਈ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!