
-ਸਪੱਸ਼ਟ ਕੀਤਾ ਕਿ ਪੰਜਾਬ ਦੇ ਹੱਕਾਂ ਨਾਲ ਖੜ੍ਹੇ ਹਾਂ, ਪਰ ਮਨੁੱਖਤਾ ਦੇ ਅਧਾਰ ਤੇ ਪੀਣ ਦਾ ਪਾਣੀ ਦੇਣਾ ਗੁਨਾਹ ਨਹੀਂ
ਚੰਡੀਗੜ੍ਹ, 1 ਮਈ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਅੱਜ ਜਦੋਂ ਕੌਮਾਂਤਰੀ ਸਰਹੱਦ ਤੇ ਜੰਗ ਵਰਗੇ ਹਾਲਾਤ ਬਣੇ ਹੋਏ ਹਨ ਅਜਿਹੇ ਮੌਕੇ ਪੰਜਾਬ ਸਰਕਾਰ ਸੂਬੇ ਦੀ ਫੋਰਸ ਨੂੰ ਧਰਨਿਆਂ ਪ੍ਰਦਰਸ਼ਨਾਂ ਵਿੱਚ ਉਲਝਾ ਕੇ ਸੂਬੇ ਨੂੰ ਅਸਥਿਰ ਕਰ ਰਹੀ ਹੈ।ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਹਰਿਆਣਾ ਚੋਣਾਂ ਸਮੇਂ ਕਹਿ ਕੇ ਆਏ ਸਨ ਕਿ ਦਿੱਲੀ ਅਤੇ ਹਰਿਆਣੇ ਨੂੰ ਪਾਣੀ ਦਿੱਤਾ ਜਾਵੇਗਾ ਅਤੇ ਸੁਪਰੀਮ ਕੋਰਟ ਵਿੱਚ ਵੀ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅਸੀਂ ਤਾਂ SYL ਨਹਿਰ ਬਣਾਉਣ ਲਈ ਤਿਆਰ ਹਾਂ, ਪਰ ਪੰਜਾਬ ਦੇ ਕਿਸਾਨ ਬਣਾਉਣ ਨਹੀਂ ਦੇ ਰਹੇ।
ਉਨ੍ਹਾਂ ਨੇ ਕਿਹਾ ਕਿ ਅਸਲ ਵਿੱਚ ਇਹ ਆਪ ਆਗੂਆਂ ਦਾ ਦੋਹਰਾ ਚਰਿੱਤਰ ਹੈ ਕਿਉਂਕਿ ਇਹ ਧਰਨੇ ਪ੍ਰਦਰਸ਼ਨਾਂ ਦੇ ਬਹਾਨੇ ਦਿੱਲੀ ਵਿੱਚ ਹੋਏ 2000 ਕਰੋੜ ਦੇ ਕਲਾਸ ਰੂਮ ਘੁਟਾਲੇ ਵਿੱਚ ਸ਼ਾਮਿਲ ਆਪਣੇ ਆਗੂਆਂ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਦੇ ਗੁਨਾਹਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਦਿੱਲੀ ਮਾਡਲ ਦਾ ਢਿੰਡੋਰਾ ਆਪ ਪਾਰਟੀ ਪਿੱਟਦੀ ਸੀ ਉਸਦੀ ਪੋਲ ਦਿੱਲੀ ਦੇ ਲੋਕਾਂ ਨੇ ਖੋਲ੍ਹ ਦਿੱਤੀ ਸੀ ਅਤੇ ਹੁਣ ਉਥੇ ਇੰਨ੍ਹਾਂ ਦੇ ਕਾਰਜਕਾਲ ਵਿਚ ਸਰਕਾਰੀ ਪੈਸੇ ਦੀ ਹੋਈ ਲੁੱਟ ਦੀ ਪੋਲ ਵੀ ਖੁੱਲਣ ਲੱਗੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਤਬਾਹ ਕਰਕੇ ਹੁਣ ਇਹ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਵੀ ਤਬਾਹ ਕਰਨ ਲਈ ਲੱਗੇ ਹੋਏ ਹਨ।
ਪਾਣੀਆਂ ਦੇ ਮੁੱਦੇ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਪੰਜਾਬ ਦੇ ਹਿੱਤਾਂ ਨਾਲ ਡੱਟ ਕੇ ਖੜ੍ਹੇ ਹਾਂ ਅਤੇ ਸਾਡਾ ਸਟੈਂਡ ਸਾਫ ਹੈ ਕਿ ਪੰਜਾਬ ਕੋਲ ਕਿਸੇ ਵੀ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਪਰ ਮਨੁੱਖਤਾ ਦੇ ਅਧਾਰ ਤੇ ਪੀਣ ਦਾ ਪਾਣੀ ਦੇਣ ਵਿਚ ਘਟੀਆ ਰਾਜਨੀਤੀ ਕਰਨਾ ਆਮ ਆਦਮੀ ਪਾਰਟੀ ਨੂੰ ਤਾਂ ਸ਼ੋਭਾ ਦੇ ਸਕਦਾ ਹੈ ਪਰ ਇਹ ਪੰਜਾਬੀਅਤ ਦੇ ਸੁਭਾਅ ਅਤੇ ਅਸੂਲਾਂ ਦੇ ਇਹ ਖ਼ਿਲਾਫ਼ ਹੈ l
ਉਨ੍ਹਾਂ ਨੇ ਕਿਹਾ ਕਿ ਆਪ ਆਗੂਆਂ ਨੂੰ ਆਪਣਾ ਦੋਹਰਾ ਕਿਰਦਾਰ ਛੱਡਣਾ ਚਾਹੀਦਾ ਹੈ ਅਤੇ ਹਰਿਆਣਾ ਚੋਣਾਂ ਵੇਲੇ ਕੀਤੀਆਂ ਗਲਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਇੰਨ੍ਹਾਂ ਨੂੰ ਸਮਝ ਚੁੱਕੇ ਹਨ ਅਤੇ ਜਾਣ ਚੁੱਕੇ ਹਨ ਕਿ ਇਹ ਸਰਕਾਰ ਪੰਜਾਬ ਦੀ ਬਰਬਾਦੀ ਕਰ ਰਹੀ ਹੈ।