ArticlePunjab

ਸਮੁੰਦਰ ਦੀ ਮਨੁੱਖਤਾ ਨੂੰ ਨਸੀਹਤ, ਸਮੁੰਦਰ ਦੇ ਕਿਨਾਰੇ ਬੈਠ ਕੇ ਸਮੁੰਦਰ ਨੂੰ ਸਮਝਣ ਦੀ ਕੋਸ਼ਿਸ਼

ਸਮੁੰਦਰ
ਸਮੁੰਦਰ ਦੇ ਕਿਨਾਰ ਬੈਠ ਕੇ ਸਮੁੰਦਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਸਮੁੰਦਰ ਨੇ ਇਕ ਗੱਲ ਦੱਸੀ ਕਿ ਉਸ ਨੇ ਆਪਣੇ ਆਪ ਨੂੰ ਖਾਰਾ ਇਸ ਲਈ ਬਣਾਇਆ ਹੈ ਕਿ ਉਸ ਦੇ ਅੰਦਰ ਜੀਵ-ਜੰਤੂਆਂ ਦੀ ਚਿੰਤਾ ਹੈ।

                                                                                                                                     ਨਰੇਸ਼ ਸ਼ਰਮਾ

ਮਨੁੱਖ ਜ਼ਿੰਦਗੀ ਭਰ ਸਿੱਖਦਾ ਰਹਿੰਦਾ ਹੈ। ਇਹ ਸਿੱਖਣ ਦੀ ਪ੍ਰਕਿਰਿਆ ਹੀ ਮਨੁੱਖ ਨੂੰ ਅਸਲ ਮਨੁੱਖ ਬਣਾਉਂਦੀ ਹੈ। ਫਿਰ ਚਾਹੇ ਤੁਸੀਂ ਕਿਤਾਬਾਂ ਪੜ੍ਹ ਕੇ ਸਿੱਖ ਰਹੇ ਹੋ ਜਾਂ ਫਿਰ ਨਵੇਂ ਸਥਾਨਾਂ ’ਤੇ ਜਾ ਕੇ ਪ੍ਰਕਿਰਤੀ ਦਾ ਆਨੰਦ ਮਾਣ ਕੇ ਸਿਖਦੇ ਹੋ। ਜਦੋਂ ਤੁਸੀਂ ਕੁਦਰਤ ਨੂੰ ਸਮਝਦੇ ਹੋ ਤਾਂ ਤੁਸੀਂ ਇਕ ਤਰ੍ਹਾਂ ਨਾਲ ਜ਼ਿੰਦਗੀ ਦੇ ਹਰ ਪਹਿਲੂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ। ਇਸ ਨਾਲ ਕੁਦਰਤ ਪ੍ਰਤੀ ਤੁਹਾਡਾ ਨਜ਼ਰੀਆ ਬਿਲਕੁਲ ਵੱਖਰਾ ਬਣ ਜਾਂਦਾ ਹੈ। ਜਦੋਂ ਉਸ ਨਜ਼ਰੀਏ ਨੂੰ ਜ਼ਿੰਦਗੀ ਦੇ ਵਿਭਿੰਨ ਪੱਖਾਂ ਨਾਲ ਜੋੜ ਕੇ ਤੁਸੀਂ ਸਮਝਦੇ ਹੋ ਤਾਂ ਇਸ ਨਾਲ ਤੁਹਾਡੀ ਪ੍ਰਕਿਰਤੀ­ ਸਮਾਜ ਤੇ ਆਪਣੇ ਪ੍ਰਤਿ ਭੂਮਿਕਾ ਵਿਚ ਵੀ ਨਿਖਾਰ ਆਉਂਦਾ ਹੈ। ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਦੇ ਸਟੱਡੀ ਟੂਰ ਦੇ ਦੌਰਾਨ ਸਮੁੰਦਰ ਦੇ ਵਿਚਕਾਰ 3 ਦਿਨ ਰੁਕਣ ਦਾ ਮੌਕਾ ਮਿਲਿਆ ਹਾਂ। ਸਮੁੰਦਰ ਦੇ ਵਿਸ਼ਾਲ ਫੈਲਾਅ ਅਤੇ ਉਸ ਵਿਚਲੀ ਜੀਵਨ ਦੀ ਵਚਿਤਰਤਾ ਮਨ ਅਤੇ ਸੋਚ ਨੂੰ ਹੋਰ ਵਿਸ਼ਾਲ ਬਣਾਉਂਦੀ ਹੈ।

ਸਮੁੰਦਰ ਦੇ ਕਿਨਾਰੇ  ਬੈਠ ਕੇ ਸਮੁੰਦਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਸਮੁੰਦਰ ਨੇ ਇਕ ਗੱਲ ਦੱਸੀ ਕਿ ਉਸ ਨੇ ਆਪਣੇ ਆਪ ਨੂੰ ਖਾਰਾ ਇਸ ਲਈ ਬਣਾਇਆ ਹੈ ਕਿ ਉਸ ਦੇ ਅੰਦਰ ਜੀਵ-ਜੰਤੂਆਂ ਦੀ ਚਿੰਤਾ ਹੈ। ਮੈਨੂੰ ਪਤਾ ਹੈ ਕਿ ਜੇਕਰ ਮੇਰਾ ਪਾਣੀ ਖਾਰਾ ਨਾ ਹੁੰਦਾ ਤਾਂ ਇਨਸਾਨ ਨੇ ਜਿਸ ਤਰ੍ਹਾਂ ਧਰਤੀ ਹੇਠਲੇ ਪਾਣੀ ਦੇ ਦੁਰਉਪਯੋਗ ’ਚ ਕੋਈ ਕਸਰ ਨਹੀਂ ਛੱਡੀ ਹੈ ਤਾਂ ਇਸ ਨੇ ਸਮੁੰਦਰ ਨੂੰ ਵੀ ਖਾਲੀ ਕਰਨ ’ਚ ਸਮਾਂ ਨਹੀਂ ਲਾਉਂਣਾ ਸੀ ਅਤੇ ਸਮੁੰਦਰ ਵਿਚੋਂ ਨਦੀਆਂ ਕੱਢ ਦੇਣੀਆਂ ਸਨ। ਇਸ ਨਾਲ ਮੇਰੇ ਬੱਚਿਆਂ ਨੂੰ ਖ਼ਤਰਾ ਪੈਦਾ ਹੋਣ ’ਚ ਦੇਰ ਨਾ ਲੱਗਦੀ। ਇਸ ਲਈ ਮੇਰਾ ਪਾਣੀ ਖੇਤੀ­ ਇਨਸਾਨ ਤੇ ਜਾਨਵਰਾਂ ਦੇ ਪੀਣ ਲਈ ਨਹੀਂ ਬਣਿਆ ਹੈ। 

ਹਾਂ­ ਮੈਂ ਆਪਣੇ ਤੌਰ ’ਤੇ ਮਨੁੱਖ­ ਜੀਵ-ਜੰਤੂ ਅਤੇ ਬਨਾਸਪਤੀ ਦੇ ਪੀਣ ਲਈ ਪਾਣੀ ਦਾ ਪ੍ਰਬੰਧ ਜ਼ਰੂਰ ਕਰਦਾ ਹਾਂ। ਪਹਾੜਾਂ ਤੇ ਜ਼ਮੀਨ ਉੱਤੇ ਹੋਣ ਵਾਲੀ ਵਾਰਸ਼ ਮੇਰੀ ਹੀ ਕਰਾਮਾਤ ਹੈ। ਮੈਂ ਤੇ ਸੂਰਜ ਮਿਲਕੇ ਪ੍ਰਕਿਰਤੀ ਦਾ ਇਹ ਭਲਾ ਕਰਦੇ ਹਾਂ। ਪਰੰਤੂ ਮਨੁੱਖ ਦੀ ਨੀਤ ਤੇ ਸੋਚ ਦੇਖੋ। ਉਹ ਮੇਰੇ ਪਾਣੀ ਦੀਆਂ ਵੰਡੀਆਂ ਲਈ ਵੀ ਲੜ ਰਿਹਾ ਹੈ। ਮਨੁੱਖ ਜੀਵ ਅਤੇ ਬਨਸਪਤੀ ਦੀ ਸੋਡੀਅਮ ਦੀ ਲੋੜ ਵੀ ਮੈਂ ਹੀ ਪੂਰੀ ਕਰਦਾ ਹੈ। ਹੋਰ ਅਨੇਕ ਕੰਮਾਂ ਵਿਚ ਮੈਂ ਮਨੁੱਖ ਦੀ ਸੇਵਾ ’ਚ ਲਗਿਆ ਰਹਿੰਦਾ ਹਾਂ। ਪਰੰਤੂ ਮਨੁੱਖ ਇਨਾਂ ਸਵਾਰਥੀ ਅਤੇ ਲਾਲਚੀ ਹੈ ਕਿ ਉਹ ਆਪਣੇ ਫਾਇਦੇ ਲਈ ਆਪਣੀ ਸਾਰੀ ਪ੍ਰਦੂਸ਼ਨ ਫੈਲਾਉਣ ਵਾਲੀ ਇੰਡਸਟਰੀ ਮੇਰੇ ਕਿਨਾਰਿਆਂ ’ਤੇ ਲਾ ਰਖੀ ਹੈ। ਇਸ ਦਾ ਸਬਕ ਵੀ ਮੈਂ ਮਨੁੱਖ ਨੂੰ ਸਿਖਾਉਂਦਾ ਰਹਿੰਦਾ ਹਾਂ ਪਰ ਇਹ ਜੀਵ ਹੀ ਅਜਿਹਾ ਹੈ­ ਇਹ ਸਮਝਦਾ ਨਹੀਂ। 

ਸਮੁੰਦਰੀ
ਇਕ ਚੀਜ਼ ਸਮਝ ਪਈ ਕਿ ਅਸੀਂ ਅੰਨ੍ਹੇ ਵਾਹ ਪਾਣੀ ਦੀ ਦੁਰਵਰਤੋਂ ਕਰ ਰਹੇ ਹਾਂ¬ ਪਰ ਸਮੁੰਦਰੀ ਟਾਪੂ ’ਤੇ ਰਹਿੰਦੇ ਲੋਕ ਪੀਣ ਵਾਲੇ ਪਾਣੀ ਲਈ ਤਰਸਦੇ ਹਨ।

ਅਸੀਂ ਦੇਸ਼ ਦੁਨੀਆ ਘੁੰਮਦੇ ਹਾਂ। ਇਕ ਚੀਜ਼ ਸਮਝ ਪਈ ਕਿ ਅਸੀਂ ਅੰਨ੍ਹੇ ਵਾਹ ਪਾਣੀ ਦੀ ਦੁਰਵਰਤੋਂ ਕਰ ਰਹੇ ਹਾਂ­ ਪਰ ਸਮੁੰਦਰੀ ਟਾਪੂ ’ਤੇ ਰਹਿੰਦੇ ਲੋਕ ਪੀਣ ਵਾਲੇ ਪਾਣੀ ਲਈ ਤਰਸਦੇ ਹਨ। ਭਾਵੇਂ ਕੁਦਰਤ ਨੇ ਉਹਨਾਂ ਨੂੰ ਅਥਾਹ ਪਾਣੀ ਦੀ ਬਖਸ਼ਿਸ਼ ਕੀਤੀ ਹੈ­ ਪਰ ਉਹਨਾਂ ਨੂੰ ਬਾਰਿਸ਼ ਦਾ ਪਾਣੀ ਇਕੱਠਾ ਕਰਕੇ ਹੀ ਆਪਣਾ ਜੀਵਨ ਜੀਉਣਾ ਪੈਂਦਾ ਹੈ। ਦੂਜਾ ਪੱਖ ਇਹ ਵੀ ਹੈ ਕਿ ਸਮੁੰਦਰ ਹਜ਼ਾਰਾਂ ਜੀਵ ਜੰਤੂਆਂ ਦੀ ਪਨਾਹਗਾਰ ਹੈ। ਉਹਨਾਂ ਨੂੰ ਜੀਵਨ ਦਿੰਦਾ ਹੈ ਉਹਨਾਂ ਦੀ ਪਰਵਰਿਸ਼ ਕਰ ਰਿਹਾ ਹੈ। ਕੁਦਰਤ ਨੇ ਇਨਸਾਨ­ ਪੰਛੀਆਂ ਤੇ ਜਾਨਵਰਾਂ ਨੂੰ ਧਰਤੀ ਦਿੱਤੀ ਹੈ ਜਦੋਂ ਕਿ ਜਲ ਜੀਵਾਂ ਨੂੰ ਸਮੁੰਦਰ ਦਿੱਤਾ ਹੈ। ਅਸੀਂ ਆਪਣੀ ਧਰਤੀ ਦਾ ਗਲਾ ਘੋਟਣ ’ਚ ਲੱਗੇ ਹੋਏ ਹਾਂ­ ਜਦੋਂ ਕਿ ਸਮੁੰਦਰ ਆਪਣੇ ਜੀਵ ਜੰਤੂਆਂ ਦੀ ਰੱਖਿਆ ਕਰਦਾ ਹੈ।

ਸਮੁੰਦਰ ਧਰਤੀ ਨੂੰ ਕਹਿੰਦਾ ਹੈ ਕਿ ਮੇਰੀ ਦੁਨੀਆ ਵੱਖਰੀ ਹੈ। ਮੇਰੇ ਅੰਦਰ ਵੱਡੀਆਂ ਗਰਮ ਤੇ ਠੰਡੀਆਂ ਧਰਾਵਾਂ ਚੱਲਦੀਆਂ ਹਨ। ਮੇਰੇ ਜੀਵ ਜੰਤੂ ਬਿਨਾਂ ਕਿਸੇ ਡਰ ਤੋਂ ਜ਼ਿੰਦਗੀ ਬਤੀਤ ਕਰ ਰਹੇ ਹਨ। ਮੇਰਾ ਖਿਆਲ ਰੱਖਦੇ ਹਨ ਪਰ ਤੇਰਾ ਇਨਸਾਨ ਤੇਰਾ ਖਿਆਲ ਨਹੀਂ ਰੱਖ ਰਿਹਾ। ਮਨੁੱਖ ਆਪਸ ’ਚ ਲੜ ਰਿਹਾ ਹੈ­ ਕੁਦਰਤ ਦਾ ਨਾਸ਼ ਕਰ ਰਿਹਾ ਤੇ ਪਰਮਾਣੂ ਬੰਬਾਂ ਦੇ ਤਜਰਬੇ ਵੀ ਮੇਰੀ ਹਿੱਕ ’ਤੇ ਕਰਦਾ ਹੈ­ ਜਿਸ ਨਾਲ ਮੇਰੇ ਬੱਚਿਆਂ ਨੂੰ ਵੀ ਕਾਫ਼ੀ ਤਕਲੀਫ਼ ਹੁੰਦੀ ਹੈ। 

ਦੱਖਣ ਸਾਡੇ ਦੇਸ਼ ਦੀ ਅਜਿਹੀ ਧਰਤੀ ਹੈ ਜਿੱਥੇ ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈਂਦੀਆਂ ਹਨ। ਸਭਿਆਚਰ ਪਖੋਂ ਇਹ ਧਰਤੀ ਬਹੁਤ ਅਮੀਰ ਹੈ। ਕਲਾ­ ਸਾਹਿਤ ਤੇ ਵਿਗਿਆਨ ਦੇ ਖੇਤਰ ਵਿਚ ਇਥੋਂ ਦੇ ਲੋਕਾਂ ਦੀ ਬਹਤੁ ਵੱਡੀ ਦੇਣ ਹੈ। ਇਥੋਂ ਦੇ ਲੋਕ ਬੜੇ ਹੀ ਸ਼ਾਂਤ ਪ੍ਰੀਆ ਹਨ। ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਕਮੇਟੀ ਦੇ ਸਟੱਡੀ ਟੂਰ ਦੇ ਦੌਰਾਨ ਸਾਨੂੰ ਦੱਖਣ ਜਾਣ ਦਾ ਮੌਕਾ ਮਿਲਿਆ ਤੇ ਉਥੋਂ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ ਹੈ। ਸਟੱਡੀ ਟੂਰ ਦੀ ਅਸੀਂ ਤਿੰਨ ਹਿੱਸਿਆਂ ਵਿਚ ਚਰਚਾ ਕਰਾਂਗੇ। 

ਲਕਸ਼ਦੀਪ ਨੂੰ ਲੈ ਕੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਸਾਨੂੰ ਬੰਗਾਰਮ ਆਈਲੈਂਡ ’ਤੇ ਜਾਣ ਦਾ ਮੌਕਾ ਮਿਲਿਆ। ਬੰਗਾਰਮ ਆਈਲੈਂਡ ਬਿਲਕੁਲ ਸਮੁੰਦਰ ਦੇ ਵਿਚਕਾਰ ਹੈ ਜੋ ਕਿ ਚਾਰੇ ਪਾਸੇ ਤੋਂ ਸਮੁੰਦਰ ਦੇ ਵਿਚ ਘਿਰਿਆ ਹੋਇਆ ਹੈ। ਅਸੀਂ ਉਥੋਂ ਦੇ ਲੋਕਾਂ ਦੀ ਗੱਲ ਕਰਾਂਗੇ ਕਿ ਉਨ੍ਹਾਂ ਦਾ ਕੀ ਰਹਿਣ ਸਹਿਣ ਹੈ ? ਪੰਜਾਬ ਨਾਲੋਂ ਕੀ ਫਰਕ ਹੈ? ਕਿਹੜੀਆਂ ਭਿੰਨਤਾਵਾਂ ਹਨ ਜੋ ਸਾਨੂੰ ਕਲਚਰਲ ਤੌਰ ’ਤੇ ਇਕ ਦੂਜੇ ਤੋਂ ਵੱਖਰੀਆਂ ਕਰਦੀਆਂ ਹਨ?ਕਿਹੜੀਆਂ ਚੀਜ਼ਾਂ ਹਨ ਜੋ ਸਾਨੂੰ ਆਪਸ ਵਿਚ ਜੋੜਦੀਆਂ ਹਨ? ਰੰਗ ਨਸਲ ਦੇ ਤੌਰ ’ਤੇ ਸਾਡੇ ਤੇ ਉਹਨਾਂ ’ਚ ਜ਼ਿਆਦਾ ਫਰਕ ਨਹੀਂ­ ਆਪਸ ’ਚ ਕੋਈ ਭੇਦ ਨਹੀਂ।

ਬੰਗਾਰਮ ਟਾਪੂ ਜੋ ਅਰਬ ਦੀ ਖਾੜੀ ਦੇ ਵਿਚ ਘਿਰਿਆ ਹੋਇਆ

ਚਲੋ ਹੁਣ ਗੱਲ ਕਰਦੇ ਹਾਂ ਬੰਗਾਰਮ ਟਾਪੂ ਦੀ­ , ਬੰਗਾਰਮ ਟਾਪੂ ਜੋ ਕੋਈ ਇਕ ਛੋਟਾ ਜਿਹਾ ਟਾਪੂ ਹੈ ਇਹ ਅਰਬ ਦੀ ਖਾੜੀ ਦੇ ਵਿਚ ਘਿਰਿਆ ਹੋਇਆ ਹੈ। ਅਗਰ ਪੂਰੇ ਟਾਪੂ ਦਾ ਚੱਕਰ ਲਗਾਉਣਾ ਹੋਵੇ ਤਾਂ ਇਸ ਦਾ ਘੇਰਾ ਛੇ ਕਿਲੋਮੀਟਰ ਦੇ ਕਰੀਬ ਬਣਦਾ ਹੈ। ਇਸ ਟਾਪੂ ਤੇ ਸਿਰਫ਼ 40 ਪਰਿਵਾਰ ਰਹਿੰਦੇ ਹਨ ਇਥੋਂ ਦੀ ਜਨਸੰਖਿਆ 100 ਤੋਂ ਵੀ ਘੱਟ ਹੈ। ਇਥੇ ਸਿਰਫ਼ ਤੇ ਸਿਰਫ਼ ਨਾਰੀਅਲ ਦੇ ਦਰਖ਼ਤ ਹਨ ਜੋ ਉਥੋਂ ਦੇ ਲੋਕਾਂ ਦਾ ਮੁੱਖ ਕੀਤਾ ਹੈ। ਇਸ ਤੋਂ ਇਲਾਵਾ ਇਥੇ ਕੁਝ ਲੋਕਾਂ ਕੋਲ ਬਕਰੀਆਂ ਹਨ। ਟਾਪੂ ਤੇ ਤੁਹਾਨੂੰ ਕੋਈ ਸੱਪ­ ਮੱਖੀ ਤੇ ਹੋਰ ਜੀਵ ਜੰਤੂ ਨਹੀਂ ਮਿਲਦਾ ਹੈ। ਸਿਰਫ਼ ਤੇ ਸਿਰਫ਼ ਸਮੁੰਦਰੀ ਜੀਵ ਹੀ ਨਜ਼ਰ ਆਉਂਦੇ ਹਨ। ਪਾਣੀ ਦੀ ਕਮੀ ਹੈ­ ਬਰਸਾਤ ਦੇ ਪਾਣੀ ਨੂੰ ਇਕੱਠਾ ਕੀਤਾ ਜਾਂਦਾ ਹੈ ਤੇ ਉਸ ਨੂੰ ਆਰ ਓ ਸਿਸਟਮ ਰਾਹੀਂ ਸਾਫ਼ ਕਰਕੇ ਪੀਣ ਯੋਗ ਬਣਾਇਆ ਜਾਂਦਾ ਹੈ।

ਚਾਰੇ ਤਰਫ਼ਬੰਗਾਰਮ ਟਾਪੂ ਪਾਣੀ ’ਚ ਘਿਰਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਉਥੋਂ ਦੇ ਲੋਕਾਂ ਨੂੰ ਬਰਸਾਤ ਦੇ ਪਾਣੀ ’ਤੇ ਨਿਰਭਰ ਰਹਿਣਾ ਪੈਂਦਾ ਹੈ। ਇਸ ਤੋਂ ਇਲਾਵਾ ਜੋ ਨਹਾਉਣ ਲਈ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਹੈ­ ਉਹ ਵੀ ਉਥੇ ਇਕ ਝੀਲ ਬਣੀ ਹੈ। ਉਸ ਦੇ ਪਾਣੀ ਨੂੰ ਸਾਫ਼ ਕਰਕੇ ਨਹਾਉਣ ਲਈ ਵਰਤਿਆ ਜਾਂਦਾ ਹੈ। ਇਥੇ ਸਫ਼ਾਈ ਕਾਫ਼ੀ ਹੈ ਕਿਉਂਕਿ ਇਹ ਟਾਪੂ ਸਰਕਾਰ ਦੇ ਅਧੀਨ ਹੈ। ਇਸ ਟਾਪੂ ’ਤੇ ਤੁਹਾਨੂੰ ਕੋਈ ਛੇਲੇ ਕੁਲਚੇ ਵੇਚਦਾ ਨਹੀਂ ਮਿਲੇਗਾ। ਇਸ ਤੋਂ ਇਲਾਵਾ ਇਥੇ ਤੁਹਾਨੂੰ ਕੋਈ ਹੋਰ ਸਮਾਨ ਵੇਚਦਾ ਨਜ਼ਰ ਨਹੀਂ ਆਏਗਾ­ ਨਾ ਕੋਈ ਚਿਪਸ ਦਾ ਪੈਕਟ ਮਿਲੇਗਾ। ਨਾ ਕੁਝ ਹੋਰ। ਇਸ ਥਾਂ ’ਤੇ ਸਰਕਾਰ ਵੱਲੋਂ ਹੀ ਸਭ ਕੁਝ ਸਪਲਾਈ ਕੀਤਾ ਜਾਂਦਾ ਹੈ। ਜੋ ਵੀ ਟੂਰਿਸਟ ਇਥੇ ਜਾਂਦਾ ਹੈ ਤਾਂ ਉਸ ਨੂੰ ਸਵੇਰ­ ਦੁਪਹਿਰ ਤੇ ਰਾਤ ਦਾ ਖਾਣਾ ਤੋਂ ਇਲਾਵਾ ਚਾਹ ਆਦਿ ਉਥੇ ਹੀ ਮੁਹਈਆ ਕਰਵਾਈ ਜਾਂਦੀ ਹੈ ਜੋ ਕਿ ਤੁਹਾਡੇ ਖਰਚੇ ਵਿਚ ਸ਼ਾਮਿਲ ਹੁੰਦਾ ਹੈ। ਇਸ ਲਈ ਉਥੇ ਲਕਸ਼ਦੀਪ ਸਰਕਾਰ ਵਲੋਂ ਜੋ ਬੰਗਾਰਮ ਟਾਪੂ ’ਤੇ ਰਿਜ਼ੋਰਟ ਖੋਲਿਆ ਗਿਆ ਹੈ। ਉਸ ਤੋਂ ਖਾਣ ਪੀਣ ਦਾ ਸਮਾਨ ਹੀ ਮਿਲਦਾ ਹੈ। ਇਹ ਟਾਪੂ ਤੇ ਤੁਹਾਨੂੰ ਸਮੁੰਦਰੀ ਜੀਵ ਹੀ ਨਜ਼ਰ ਆਉਂਦੇ ਹਨ। ਇਸ ਬੰਗਾਰਮ ਟਾਪੂ ਦੇ ਨਾਲ ਦੋ ਹੋਰ ਟਾਪੂ ਹਨ। ਇਕ ਦਾ ਨਾਂ ਪਰਾਲੀ ਟਾਪੂ ਹੈ­ ਦੂਜੇ ਦਾ ਨਾਂ ਤਿੰਨਾਂਕਾਰਾ ਟਾਪੂ ਹੈ।

ਪਰਾਲੀ ’ਤੇ ਤਿੰਨਾਂਕਾਰਾ ਆਈਲੈਂਡ ਦਾ ਤਜ਼ਰਬਾ

ਪਰਾਲੀ ਟਾਪੂ ਅਤੇ ਤਿੰਨਾਂਕਾਰਾ ਟਾਪੂ ’ਤੇ ਕੋਈ ਨਹੀਂ ਰਹਿੰਦਾ ਹੈ। ਇਸ ਸਮੇਂ ਉਥੇ ਨਾਰੀਅਲ ਦੇ ਦਰਖ਼ਤ ਹੀ ਹਨ। ਗੁਜਰਾਤ ਦੀ ਕੰਪਨੀ ਵਲੋਂ ਤਿੰਨਾਂਕਾਰਾ ਟਾਂਪੂ ’ਤੇ ਇਕ ਹੋਟਲ ਬਣਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਇਸ ਟਾਪੂ ਨੂੰ ਵਿਕਸਿਤ ਕਰਨ ਲੱਗੀ ਹੋਈ ਹੈ। ਮਾਲਦੀਪ ਨਾਲ ਵਿਵਾਦ ਪੈਦਾ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਾਰਮ ਟਾਪੂ ’ਤੇ ਗਏ ਸੀ ਅਤੇ ਉਥੇ ਰਾਤ ਰੁਕੇ ਸੀ ਅਤੇ ਉਹ ਇਹਨਾਂ ਟਾਪੂਆਂ ਨੂੰ ਵਿਕਸਿਤ ਕਰਨ ਵਿਚ ਲੱਗੇ ਹੋਏ ਹਨ ਤਾਂ ਕਿ ਲੋਕ ਮਾਲਦੀਪ ਦੀ ਜਗ੍ਹਾ ਇਹਨਾਂ ਟਾਪੂਆਂ ’ਤੇ ਜਾਣ ਅਤੇ ਇੱਥੇ ਟੂਰਿਜਮ ਦਾ ਵਾਧਾ ਹੋਵੇ। ਇਸ ਲਈ ਬੰਗਾਰਾਮ ਟਾਪੂ ਦੇ ਨਾਲ-ਨਾਲ ਤਿੰਨਾਂਕਾਰਾ ਟਾਪੂ ਨੂੰ ਵੀ ਹੁਣ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਟਾਪੂ ’ਤੇ ਜੋ ਲੋਕ ਕੰਮ ਕਰਦੇ ਹਨ ਉਹ ਬੰਗਾਰਮ ਟਾਪੂ ’ਤੇ ਆਉਂਦੇ ਹਨ।

 ਸਭ ਤੋਂ ਪਹਿਲਾ ਉਹਨਾਂ ਨੂੰ ਅਗਾਤੀ ਟਾਪੂ ’ਤੇ ਜਾਣਾ ਪੈਂਦਾ ਹੈ ਜੋ ਕਿ ਕਾਫ਼ੀ ਵਿਕਸਿਤ ਹੈ। ਇਥੇ ਡਿਪਟੀ ਕਮਿਸ਼ਨਰ ਦਾ ਦਫ਼ਤਰ ਹੈ ਅਤੇ ਹੋਰ ਸਰਕਾਰੀ ਦਫ਼ਤਰ ਮੌਜਦੂ ਹਨ। ਇਸ ਨੂੰ ਲਕਸ਼ਦੀਪ ਸਰਕਾਰ ਵਲੋਂ ਵਿਕਸਿਤ ਕੀਤਾ ਗਿਆ ਹੈ। ਜ਼ਿਆਦਾਤਰ ਜੋ ਲੋਕ ਹਨ ਉਹ ਅਗਾਤੀ ਤੋਂ ਹੀ ਬੰਗਾਰਮ ਟਾਪੂ ’ਤੇ ਕੰਮ ਕਰਨ ਜਾਂਦੇ ਹਨ। ਇਹਨਾਂ ਨੂੰ ਲਕਸ਼ਦੀਪ ਸਰਕਾਰ ਵਲੋਂ ਤਨਖ਼ਾਹ ਦਿੱਤੀ ਜਾਂਦੀ ਹੈ। ਜ਼ਿਆਦਾਤਰ ਕਰਮਚਾਰੀਆਂ ਨੂੰ ਠੇਕੇ ’ਤੇ ਰੱਖਿਆ ਗਿਆ ਹੈ ਜੋ ਕਿ ਉਥੇ ਜਾ ਕੇ ਕੰਮ ਕਰਦੇ ਹਨ। ਬੰਗਾਰਮ ਟਾਪੂ ’ਤੇ ਨਾ ਕੋਈ ਸਕੂਲ ਹੈ ਤੇ ਨਾ ਹੀ ਕੋਈ ਹਸਪਤਾਲ ਹੈ ਕਿਉਂਕਿ ਇਥੇ ਦੀ ਜਨਸੰਖਿਆ ਬਹੁਤ ਘੱਟ ਹੈ। ਇਥੇ 100% ਮੁਸਲਿਮ ਜਨਸੰਖਿਆ ਹੈ।

ਟਾਪੂ ਤੇ ਸਮੁੰਦਰ ਦਾ ਪਾਣੀ ਕਾਫ਼ੀ ਸਾਫ਼ ਹੈ। ਪਰਾਲੀ ਟਾਪੂ ਦੀ ਗੱਲ ਕਰੀਏ ਤਾਂ ਟਾਪੂ ਦੇ ਨਾਲ ਹੀ ਨੀਲਾ ਸਮੁੰਦਰ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਟਾਪੂ ਤੇ ਵੱਡੇ-ਵੱਡੇ ਕੱਛੂ ਰਹਿੰਦੇ ਹਨ।

ਇਹ ਦੱਸਿਆ ਜਾਂਦਾ ਹੈ ਕਿ ਜਿੱਥੇ ਪਾਣੀ ਹਰਾ ਦਿਖਾਈ ਦਿੰਦਾ ਹੈ ਉਥੇ ਸਮੁੰਦਰ ਦਾ ਪਾਣੀ ਘੱਟ ਹੁੰਦਾ ਹੈ। ਜਿੱਥੇ ਨੀਲਾ ਸਮੁੰਦਰ ਹੋ ਜਾਂਦਾ ਹੈ ਤਾਂ ਉਸ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਬਹੁਤ ਗਹਿਰਾ ਸਮੁੰਦਰ ਹੈ।ਬੰਗਾਰਮ ਆਈਲੈਂਡ ’ਤੇ ਸੈਂਡ ਟੇਬਲ ਵੀ ਬਣੀ ਹੋਈ ਹੈ ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੋਲ ਟੋਪੀ ਪਾ ਕੇ ਫੋਟੋਆਂ ਕਰਵਾਈਆਂ ਗਈਆਂ ਸਨ। ਇਥੇ ਸ਼ਾਮ ਨੂੰ ਸਮੁੰਦਰ ਦਾ ਪਾਣੀ ਘਟ ਜਾਂਦਾ ਹੈ ਤੇ ਤੁਸੀਂ ਜਾ ਕੇ ਫੋਟੋਆਂ ਕਰਵਾ ਸਕਦੇ ਹੋ। ਪਰ ਇਸ ਰੇਤ ਦੇ ਨਾਲ ਹੀ ਨੀਲਾ ਸਮੁੰਦਰ ਸ਼ੁਰੂ ਹੋ ਜਾਂਦਾ ਹੈ ਜੋ ਅੱਗੇ ਕਾਫ਼ੀ ਗਹਿਰਾ ਹੈ। ਟਾਪੂ ’ਤੇ ਸ਼ਾਮ ਨੂੰ ਸਮੁੰਦਰ ਪਿੱਛੇ ਚਲਾ ਜਾਂਦਾ ਹੈ ਜਿਸ ਨੂੰ (Low Tide) ਕਿਹਾ ਜਾਂਦਾ ਹੈ। ਜਦੋਂ ਸਮੁੰਦਰ ਪਿੱਛੇ ਚਲਾ ਜਾਂਦਾ ਹੈ ਤਾਂ ਇਕ ਕਿਲੋਮੀਟਰ ਤੱਕ ਪਾਣੀ ਪਿੱਛੇ ਚਲਾ ਜਾਂਦਾ ਹੈ ਤੇ ਜਮੀਨ ਨਜ਼ਰ ਆਉਣ ਲੱਗ ਜਾਂਦੀ ਹੈ। ਇਸ ਦੌਰਾਨ ਲੋਕ ਇਸ ਦੇ ਆਲੇ ਦੁਆਲੇ ਸੈਰ ਕਰਦੇ ਹਨ­ ਜੋ ਉਥੇ ਘੁੰਮਣ ਜਾਂਦੇ ਹਨ। ਫਿਰ ਰਾਤ ਨੂੰ (High Tide) ਸ਼ੁਰੂ ਹੋ ਜਾਂਦੀ ਹੈ। ਜਿਸ ਨਾਲ ਸਮੁੰਦਰ ਦਾ ਪਾਣੀ ਫਿਰ ਵੱਧਣਾ ਸ਼ੁਰੂ ਹੋ ਜਾਂਦਾ ਹੈ ਜਿਸ ਸਮੇਂ ਚੰਦਰਮਾ ਅਸਮਾਨ ਦੇ ਵਿਚ ਆਉਂਦਾ ਹੈ ਤਾਂ ਸਮੁੰਦਰ ਦਾ ਪਾਣੀ ਪਿੱਛੇ ਨੂੰ ਜਾਣਾ ਸ਼ੁਰੂ ਹੋ ਜਾਂਦਾ ਹੈ।

 ਜਿਵੇਂ-ਜਿਵੇਂ ਚੰਦਰਮਾ ਆਸਮਾਨ ਦੇ ਵਿਚਕਾਰ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਪਾਣੀ ਦੀਆਂ ਲਹਿਰਾਂ ਜ਼ੋਰ ਨਾਲ ਚਲਦੀਆਂ ਹਨ ਅਤੇ ਰਾਤ ਨੂੰ ਪਾਣੀ ਦੀਆਂ ਜ਼ੋਰਦਾਰ ਲਹਿਰਾ ਤੂਫ਼ਾਨ ਦਾ ਰੂਪ ਧਾਰ ਲਂੈਦੀਆਂ ਹਨ। ਇਸ ਤਰ੍ਹਾਂ ਸਮੁੰਦਰ ਦੇ ਅੰਦਰ ਇਸ ਤਰ੍ਹਾਂ ਦੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਕਦੇ ਸਮੁੰਦਰ ਪਿੱਛੇ ਚਲਾ ਜਾਂਦਾ ਹੈ ਤੇ ਫਿਰ ਕੁਝ ਸਮਂੇ ਬਾਅਦ ਸਮੁੰਦਰ ਵਾਪਸ ਆ ਜਾਂਦਾ ਹੈ। ਸਮੁੰਦਰ ਦੇ ਕੰਡਿਆਂ ਤੱਕ ਮਾਰ ਕਰਦਾ ਹੈ। 

ਸਰਕਾਰ ਵਲੋਂ ਹਾਲਾਂਕਿ ਤਿੰਨਾਂਕਾਰਾ ਟਾਪੂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਪਰ ਇਸ ਸਮੇਂ ਜੋ ਉਥੇ ਕਰਮਚਾਰੀ ਕੰਮ ਕਰਦੇ ਹਨ ਉਹ ਵੀ ਬੰਗਾਰਮ ਟਾਪੂ ’ਤੇ ਜਾ ਕੇ ਰਾਤ ਨੂੰ ਰੁਕਦੇ ਹਨ ਕਿਉਂਕਿ ਤਿੰਨਾਂਕਾਰ ਟਾਪੂ ’ਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਨਹੀਂ ਹੈ­ ਤੇ ਨਾ ਖਾਣ-ਪੀਣ ਦੀ ਵਿਵਸਥਾ ਹੈ। ਬੰਗਾਰਮ ਟਾਪੂ ’ਤੇ ਬਿਜਲੀ ਦੇ ਲਈ ਜਨਰੇਟਰ ਲਗਾਏ ਗਏ ਹਨ। ਉਹਨਾਂ ਜਨਰੇਟਰ ਦੇ ਰਾਹੀਂ ਬਿਜਲੀ ਉਥੇ ਆਉਂਦੀ ਹੈ। ਤਿੰਨਾਂਕਾਰ ਆਈਲੈਂਡ ਆਉਣ ਵਾਲੇ ਸਮੇਂ ਦੇ ਵਿਚ ਵਿਕਸਿਤ ਹੋ ਜਾਵੇਗਾ ਜਿਸ ਨਾਲ ਸੈਲਾਨੀਆਂ ਦੀ ਸੰਖਿਆ ਉੁਥੇ ਹੋਰ ਵੱਧ ਜਾਵੇਗੀ। ਇਹ ਟਾਪੂ ਬੰਗਾਰਮ ਟਾਪੂ ਤੋਂ ਛੋਟਾ ਹੈ। ਬੰਗਾਰਮ ਟਾਪੂ ’ਤੇ ਇਕ ਹੈਲੀਪੈਡ ਵੀ ਬਣਿਆ ਹੋਇਆ ਹੈ।

ਮਾਲਦੀਪ ਨਾਲ ਪੈਦਾ ਹੋਏ ਟਕਰਾਅ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਰਮ ਆਈਲੈਂਡ ਨੂੰ ਵਿਕਸਤ ਕਰਨ ਦਾ ਫੈਸਲਾ ਲਿਆ ਹੈ। ਲੋਕਾਂ ਨੂੰ ਇਸ ਆਈਲੈਂਡ ਵੱਲ ਵੱਧ ਆਕਿ੍ਰਸਤ ਕਰਨ ਲਈ­ ਇਸ ਟਾਪੂ ਨੂੰ ਵਿਕਸਤ ਕਰਨ ਲਈ ਲਕਸ਼ਦੀਪ ਸਰਕਾਰ ਦੁਆਰ ਕੇਂਦਰ ਦੇ ਸਹਿਯੋਗ ਨਾਲ ਇਥੇ ਹੋਰ ਕਮਰੇ ਅਤੇ ਇਕ ਵੱਡਾ ਹਾਲ ਬਣਾਇਆ ਜਾ ਰਿਹਾ ਹੈ। ਇਥੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੰਮ ਜੋਰਾਂ ’ਤੇ ਚੱਲ ਰਿਹਾ ਹੈ। ਨਵੰਬਰ ਤੱਕ ਇਥੇ ਕੰਮ ਪੂਰਾ ਹੋਣਾ ਹੈ। ਪੱਛਮੀ ਬੰਗਾਲ ਤੋਂ ਆਈ ਲੇਬਰ ਇਥੇ ਕੰਮ ਕਰ ਰਹੀ ਹੈ। ਇਥੇ ਮਜ਼ਦੂਰ ਜ਼ਿਆਦਾਤਰ ਰਾਤ ਨੂੰ ਕੰਮ ਕਰਦੇ ਹਨ ਕਿਉਂਕਿ ਸਵੇਰ ਸਮੇਂ ਗਰਮੀ ਕਾਫ਼ੀ ਹੁੰਦੀ ਹੈ। ਨਵੰਬਰ 2024 ਤੱਕ ਇਸ ਟਾਪੂ ਨੂੰ ਹੋਰ ਵਿਕਸਿਤ ਕਰ ਦਿੱਤਾ ਜਾਵੇਗਾ। ਇਸ ਟਾਪੂ ’ਤੇ ਜਾਣ ਲਈ ਲਕਸ਼ਦੀਪ ਸਰਕਾਰ ਵਲੋਂ ਪਰਮਿਟ ਜਾਰੀ ਕੀਤਾ ਜਾਂਦਾ ਹੈ। ਜਿਸ ਦੇ ਬਾਅਦ ਹੀ ਤੁਸੀ ਇਥੇ ਜਾ ਸਕਦੇ ਹੋ। ਬੰਗਾਰਮ ਆਈਲੈਂਡ ’ਤੇ ਜਾਣ ਲਈ ਤੁਸੀਂ (online) ਬੁਕਿਗ ਕਰਵਾ ਸਕਦੇ ਹੋ ਤਾਂ ਤੁਹਾਨੂੰ ਪਰਮਿਟ ਮਿਲ ਜਾਂਦਾ ਹੈ। 

ਬੰਗਾਰਮ ਟਾਪੂ ’ਤੇ ਤੁਸੀਂ ਸਕੂਬਾ ਡਾਈਵਿੰਗ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਨਾਲ ਲੱਗਦੇ ਟਾਪੂਆਂ ’ਤੇ ਵੀ ਜਾ ਸਕਦੇ ਹੋ ਉਸ ਲਈ ਤੁਹਾਨੂੰ ਵੱਖਰੇ ਪੈਸੇ ਦੇਣੇ ਪੈਂਦੇ ਹਨ। ਇਹਨਾਂ ਟਾਪੂਆਂ ’ਤੇ ਜ਼ਿਆਦਾ ਟਾਈਮ ਤੁਸੀਂ ਰੁਕ ਨਹੀਂ ਸਕਦੇ। ਬਸ ਤੁਹਾਨੂੰ ਦੋ ਘੰਟੇ ਦੇ ਅੰਦਰ-ਅੰਦਰ ਵਾਪਸ ਬੰਗਾਰਮ ਟਾਪੂ ’ਤੇ ਆਉਣਾ ਹੁੰਦਾ ਹੈ। ਇਹਨਾਂ ਟਾਪੂਆਂ ’ਤੇ ਜਾਣ ਲਈ 1500 ਰੁਪਏ ਲੱਗਦੇ ਹਨ। ਇਥੇ ਸਭ ਕੁਝ ਸਰਕਾਰੀ ਹੈ। ਜਦੋਂ ਤੁਸੀਂ ਵਾਪਸ ਆਉਂਦੇ ਹੋ ਤਾਂ ਹੀ ਤੁਹਾਨੂੰ ਸਾਰੇ ਪੈਸੇ ਚੁਕਾਉਣੇ ਹੁੰਦੇ ਹਨ।

ਬੰਗਾਰਮ ਟਾਪੂ ’ਤੇ ਤੁਸੀਂ ਸਕੂਬਾ ਡਾਈਵਿੰਗ ਕਰ ਸਕਦੇ ਹੋ।

 ਬੰਗਾਰਮ ਟਾਪੂ ’ਤੇ ਜੋ ਤੁਸੀਂ ਕਮਰਾ ਲੈਂਦੇ ਹੋ ਉਸ ਵਿਚ ਭੋਜਨ ਸ਼ਾਮਿਲ ਹੁੰਦਾ ਹੈ। ਬੰਗਾਰਮ ਰਿਜ਼ੋਰਟ ’ਚ ਸਵੇਰੇ 7 ਵਜੇ ਚਾਹ ਤੇ ਬਿਸਕੁਟ ਮਿਲਦੇ ਹਨ­ ਫਿਰ 8 ਵਜੇ ਬਰੇਕ ਫਾਸਟ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ ਦੁਪਹਿਰ ਨੂੰ 1 ਵਜੇ ਦੁਪਹਿਰ ਦਾ ਖਾਣਾ ਮਿਲਦਾ ਹੈ। ਚਾਰ ਵਜੇ ਫਿਰ ਬਿਸਕੁਟ ਤੇ ਚਾਹ ਮਿਲਦੀ ਹੈ। ਇਸ ਤੋਂ ਇਲਾਵਾ ਫਿਰ ਸ਼ਾਮ ਨੂੰ 8 ਵਜੇ ਰਾਤ ਦਾ ਖਾਣਾ ਲੱਗ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਉਥੇ ਖਾਣਿਆਂ ਦਾ ਵੀ ਭਰਪੂਰ ਆਨੰਦ ਮਾਣਦੇ ਹੋ। ਇਹ ਸਾਰੀ ਵਿਵਸਥਾ ਉਥੋਂ ਦੀ ਸਰਕਾਰ ਵਲੋਂ ਕੀਤੀ ਗਈ ਹੈ। ਕਮਰੇ ਬਿਲਕੁਲ ਸਮੁੰਦਰ ਦੇ ਸਾਹਮਣੇ ਹਨ। ਤੁਸੀਂ ਉਥੋਂ ਬੈਠ ਕੇ ਸਮੁੰਦਰ ਦਾ ਨਜ਼ਾਰਾ ਦੇਖ ਸਕਦੇ ਹੋ।

ਇਸ ਤੌਂ ਇਲਾਵਾ ਇਲੈਕਟਰਿਕ ਵਾਹਨ ਦੀ ਉਥੇ ਚਲਦੇ ਹਨ ਜਿਸ ਰਾਹੀਂ ਤੁਹਾਨੂੰ ਰਿਜ਼ੋਰਟ ਤੋਂ ਕਮਰਿਆਂ ਤੱਕ ਲਜਾਇਆ ਜਾਂਦਾ ਹੈ। ਤੁਸੀਂ ਪੈਦਲ ਵੀ ਆ ਸਕਦੇ ਹੋ ਪਰ ਉਹਨਾਂ ਵਲੋਂ ਉਥੇ ਵਿਵਸਥਾ ਕੀਤੀ ਗਈ ਹੈ। ਜਦੋਂ ਤੁਸੀਂ ਬੰਗਾਰਮ ਟਾਪੂ ਦੇ ਪਹੁੰਚਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਮੂੰਹ ਸਾਫ਼ ਕਰਨ ਲਈ ਠੰਡੇ ਤੌਲੀਏ ਦਿੱਤੇ ਜਾਂਦੇ ਹਨ ਤੇ ਫਿਰ ਜੂਸ ਪਿਲਾਇਆ ਜਾਂਦਾ ਹੈ। ਫਿਰ ਇਲੈਕਟਰਿਕ ਗੱਡੀਆਂ ਰਾਹੀਂ ਸਮਾਨ ਤੁਹਾਡੇ ਕਮਰੇ ਵਿਚ ਭੇਜਿਆ ਜਾਂਦਾ ਹੈ। ਪੰੰਜਾਬੀ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਦਾ ਸਟੱਡੀ ਟੂਰ ਆਪਣੇ ਆਪ ਦੇ ਵਿਚ ਇਕ ਅਹਿਮ ਯਾਤਰਾ ਸਫ਼ਲ ਹੋਇਆ।

ਬੰਗਾਰਮ ਟਾਪੂ ਤੋਂ ਅਗਲਾ ਸਫ਼ਰ

ਬੰਗਾਰਮ ਟਾਪੂ ’ਤੇ ਰੁਕਣ ਤੋਂ ਬਾਅਦ ਫਿਰ ਅਸੀਂ ਕੇਰਲਾ ਦੇ ਤਿਰੂਵਨੰਤਪੁਰਮ ਸ਼ਹਿਰ ਪਹੁੰਚਦੇ ਹਾਂ। ਰਾਤ ਰੁਕਣ ਤੋਂ ਬਾਅਦ ਸਭ ਤੋਂ ਪਹਿਲਾ ਅਸੀਂ ਤਿਰੂਵਨੰਤਪੁਰਮ ਵਿਧਾਨ ਸਭਾ ਦੇਖਦੇ ਹਾਂ। ਇਹ ਤਿਰੂਵਨੰਤਪੁਰਮ ਵਿਖੇ ਸਥਿਤ ਕੇਰਲਾ ਵਿਧਾਨ ਸਭਾ ਦੀਆਂ 8 ਮੰਜ਼ਿਲਾਂ ਹਨ ਅਤੇ 8 ਹੀ ਦਰਵਾਜੇ ਹਨ। ਕੇਰਲ ’ਚ ਸੀ.ਪੀ.ਆਈ. (ਐਮ) ਦੀ ਸਰਕਾਰ ਹੈ। ਇਸ ਵਿਧਾਨ ਸਭਾ ਦੇ ਅੰਦਰ ਇਕ ਕਾਫ਼ੀ ਵੱਡਾ ਆਡੀਟੋਰੀਅਮ ਵੀ ਬਣਾਇਆ ਗਿਆ ਹੈ। ਜਿਥੇ ਵਿਧਾਇਕਾਂ ਦੀਆਂ ਵੱਖ ਕਮੇਟੀਆਂ ਦੀਆਂ ਮੀਟਿੰਗ ਹੁੰਦੀਆਂ ਹਨ। ਇਸ ਤੋਂ ਇਲਾਵਾ ਸੱਭਿਆਚਾਰ ਪ੍ਰੋਗਰਾਮ ਵੀ ਹੁੰਦੇ ਹਨ। ਬਹੁਤ ਹੀ ਖ਼ੂਬਸੂਰਤ ਵਿਧਾਨ ਸਭਾ ਬਣਾਈ ਗਈ ਹੈ। 

ਇਸ ਦੌਰਾਨ ਕੇਰਲ ਵਿਧਾਨ ਸਭਾ ਦੇ ਸਪੀਕਰ A .N. Shamseer ਨੂੰ ਮਿਲਣ ਅਤੇ ਉਹਨਾਂ ਨਾਲ ਚਰਚਾ ਕਰਨ ਦਾ ਮੌਕਾ ਮਿਲਿਆ।

ਵਿਧਾਨ ਸਭਾ ਦੇ ਸਪੀਕਰ A.N. Shamseer ਨਾਲ ਚਰਚਾ ਕਰਨ ਦੌਰਾਨ ਇਹ ਪਤਾ ਲਗਿਆ ਕਿ ਕੇਰਲਾ ਦੀ ਹਾਲਤ ਵੀ ਪੰਜਾਬੀ ਵਰਗੀ ਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਸਾਡਾ ਵੀ ਪੈਸਾ ਰੋਕ ਰੱਖਿਆ ਹੈ ਤੇ ਕੇਂਦਰ ਸਾਡੇ ਨਾਲ ਪੱਖਪਾਤ ਕਰ ਰਿਹਾ ਹੈ। ਕੇਂਦਰ ਗ਼ੈਰ ਭਾਜਪਾ ਸਰਕਾਰ ਨਾਲ ਜਿਵੇਂ ਪੱਖਪਾਤ ਕਰਦਾ ਹੈ। ਉਸ ਤਰ੍ਹਾਂ ਕੇਰਲ ਨਾਲ ਕਰ ਰਿਹਾ ਹੈ। ਇਸ ਲਈ ਕੇਰਲ ਸਰਕਾਰ ਨੂੰ ਸੁਪਰੀਮ ਕੋਰਟ ਜਾਣਾ ਪਿਆ ਹੈ। ਕੇਰਲਾ ਦੀ ਆਮਦਨ ਦਾ ਮੁੱਖ ਸਾਧਨ ਸ਼ਰਾਬ ਤੇ ਟੂਰਿਜ਼ਮ ਹੈ। ਪ੍ਰਧਾਨ ਮੰਤਰੀ ਕੇਰਲ ’ਚ ਕਈ ਐਲਾਨ ਕਰਕੇ ਗਏ ਸੀ ਉਹ ਵੀ ਪੂਰੇ ਨਹੀਂ ਹੋਏ ਹਨ। ਕੇਰਲਾ ਸਰਕਾਰ ਨੂੰ ਵੀ ਮਾਰਕੀਟ ਤੋਂ ਕਰਜਾ ਲੈਣਾ ਪੈ ਰਿਹਾ ਹੈ। 

ਦੱਸਿਆ ਗਿਆ ਕਿ ਕੇਰਲਾ ਦੇ ਸਪੀਕਰ ਨੇ ਵਿਰੋਧੀਆਂ ਨੂੰ ਬੇਲ ਤੱਕ ਆਉਣ ਦੀ ਆਗਿਆ ਦਿੱਤੀ ਹੈ। ਉਹ ਸਪੀਕਰ ਦੇ ਟੇਬਲ ਕੋਲ ਆ ਸਕਦੇ ਹਨ ਪਰ ਸਿਰਫ਼ 2 ਪੋੜੀਆਂ ਹੀ ਚੜ੍ਹ ਸਕਦੇ ਹਨ। ਵਿਧਾਨ ਸਭਾ ਦੇ ਅੰਦਰ ਕਿਸੇ ਨੂੰ ਫੋਟੋ ਖਿੱਚਣ ਦੀ ਆਗਿਆ ਨਹੀਂ ਹੈ।

 ਕੇਰਲ ਚ 18 ਮਈ 2011 ਤੋਂ 20 ਮਈ 2016 ਤੱਕ  ਰਹੀ ਯੂਨਾਈਟਿਡ ਡੈਮੋਕਰੇਟਿਕ ਫਰੰਟ ਦੀ ਸਰਕਾਰ ਵਿਚ ਖੇਤੀਬਾੜੀ ਰਾਜ ਮੰਤਰੀ  ਰਹੇ ਕੇ.ਪੀ. ਮੋਹਨਨ ਅਤੇ ਹੋਰ ਕੇਰਲ ਦੇ ਸੀਨੀਅਰ ਆਗੂਆਂ ਨਾਲ ਮਿਲਣ ਦਾ ਮੌਕਾ ਮਿਲਿਆ , ਉਹ ਕਿਸੇ ਕਮੇਟੀ ਦੀ ਬੈਠਕ ਚ ਹਿੱਸਾ ਲੈਣ ਆਏ ਹੋਏ ਸੀ । ਉਨ੍ਹਾਂ ਦੱਸਿਆ ਕਿ ਹਰ ਬੁੱਧਵਾਰ ਕਮੇਟੀਆ ਦੀ ਬੈਠਕ ਹੁੰਦੀ ਹੈ ।  

Kerala ex minister

 ਕੇਰਲ  ਵਿਧਾਨ ਸਭਾ ਚ ਯੂਨਾਈਟਿਡ ਡੈਮੋਕਰੇਟਿਕ ਫਰੰਟ ਦੀ ਸਰਕਾਰ ਵਿਚ ਖੇਤੀਬਾੜੀ ਰਾਜ ਮੰਤਰੀ  ਰਹੇ ਕੇ.ਪੀ. ਮੋਹਨਨ ਅਤੇ ਹੋਰ ਕੇਰਲ ਦੇ ਸੀਨੀਅਰ ਆਗੂਆਂ ਨਾਲ ਮਿਲਣ ਦਾ ਮੌਕਾ ਮਿਲਿਆ  

ਵਿਧਾਨ ਸਭਾ ਦੇਖਣ ਬਾਅਦ ਕੰਨਿਆ ਕੁਮਾਰੀ (ਤਾਮਿਲਨਾਡੂ) ਦੀ ਯਾਤਰਾ ਸ਼ੁਰੂ ਹੁੰਦੀ ਹੈ। ਢਾਈ ਘੰਟੇ ਦੇ ਵਿਚ ਅਸੀਂ ਕੰਨਿਆ ਕੁਮਾਰੀ ਪਹੁੰਚ ਜਾਂਦੇ ਹਾਂ। ਇਸ ਯਾਤਰਾ ਦੌਰਾਨ ਕੰਨਿਆ ਕੁਮਾਰੀ ਦੇ ਆਸ-ਪਾਸ ਪੌਣ ਚੱਕੀਆਂ ਦੀ ਭਰਮਾਰ ਦੇਖਣ ਨੂੰ ਮਿਲਦੀ ਹੈ। ਜਿਥੋਂ ਤੱਕ ਨਜ਼ਰ ਜਾਂਦੀ ਹੈ ਉਥੋਂ ਤੱਕ ਤੁਹਾਨੂੰ ਪੌਣ ਚੱਕੀਆਂ ਨਜ਼ਰ ਆਉਂਦੀਆਂ ਹਨ। ਇਹਨਾਂ ਰਾਹੀਂ ਬਿਜਲੀ ਦਾ ਉਤਪਾਦਨ ਹੁੰਦਾ ਹੈ। ਸਮੁੰਦਰ ਦੀ ਹਵਾ ਨਾਲ ਇਹ ਚੱਕੀਆਂ ਚੱਲਦੀਆਂ ਹਨ ਅਤੇ ਬਿਜਲੀ ਪੈਦਾ ਕਰਦੀਆਂ ਹਨ।

ਕੰਨਿਆ ਕੁਮਾਰੀ ਦੇ ਆਸ-ਪਾਸ ਪੌਣ ਚੱਕੀਆਂ ਦੀ ਭਰਮਾਰ , ਸਮੁੰਦਰ ਦੀ ਹਵਾ ਨਾਲ ਇਹ ਚੱਕੀਆਂ ਚੱਲਦੀਆਂ ਹਨ ਅਤੇ ਬਿਜਲੀ ਪੈਦਾ ਕਰਦੀਆਂ ਹਨ।

ਕੰਨਿਆ ਕੁਮਾਰੀ ਤਾਮਿਲਨਾਡੂ ਵਿਚ ਸਥਿਤ ਹੈ­ ਜਿੱਥੇ ਵਿਵੇਕਾਨੰਦ ਰੋਕ ਬਣੀ ਹੋਈ ਹੈ ਕਿਹਾ ਜਾਂਦਾ ਹੈ ਕਿ ਵਿਵੇਕਾਨੰਦ ਤੈਰ ਕੇ ਹੀ ਇਸ ਚਟਾਨ ’ਤੇ ਗਏ ਸੀ­ ਜਿੱਥੇ ਉਹਨਾਂ ਨੇ ਮਾਤਾ ਕੰਨਿਆ ਕੁਮਾਰੀ ਦੀ ਪੂਜਾ ਕੀਤੀ ਸੀ। ਇਸ ਚਟਾਨ ਦੇ ਉੱਤੇ ਵਿਵੇਕਾਨੰਦ ਦਾ ਮੈਡੀਟੇਸ਼ਨ ਰੂਮ ਬਣਿਆ ਹੋਇਆ ਹੈ ਜਿੱਥੇ ਉਹਨਾਂ ਨੇ ਸਾਧਨਾ ਕੀਤੀ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਜਿਸ ਕਿਸੇ ਵਿਅਕਤੀ ਦਾ ਵਿਆਹ ਨਹੀਂ ਹੁੰਦਾ ਤਾਂ ਉਹ ਮਾਤਾ ਕੰਨਿਆ ਕੁਮਰੀ ਦੇ ਮੰਦਿਰ ’ਚ ਜਾ ਕੇ ਮੁਰਾਦ ਮੰਗਦਾ ਹੈ ਤਾਂ ਉਸ ਦਾ ਵਿਆਹ ਹੋ ਜਾਂਦਾ ਹੈ। ਸਾਡੇ ਕਈ ਸਾਥੀਆਂ ਨੇ ਵੀ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ ਉਨ੍ਹਾਂ ਨੇ ਵੀ ਮੁਰਾਦ ਮੰਗੀ ਹੈ।

ਸਮੁੰਦਰ ਦੇ ਵਿਚਕਾਰ ਵਿਵੇਕਾਨੰਦ ਚਟਾਨ ਬਣੀ ਹੋਈ ਹੈ ਜਿਥੇ ਤੁਹਾਨੂੰ ਸਮੁੰਦਰੀ ਜਹਾਜ਼ ਦੇ ਰਾਹੀ ਲਜਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕੰਨਿਆ ਕੁਮਾਰੀ ਦੇ ਵਿਚ ਹੀ ਭਗਵਤੀ ਕੁਮਾਰੀ ਅੱਮਾਨ ਮੰਦਿਰ (Bhagwati Kumari Amman temple) ਬਣਿਆ ਹੋਇਆ ਹੈ ਇਹ ਭਾਰਤ ਦੇ ਦੱਖਣੀ ਸਿਰੇ ’ਤੇ­ ਬੰਗਾਲ ਦੀ ਖਾੜੀ­ ਅਰਬ ਸਾਗਰ ਅਤੇ ਹਿੰਦ ਮਹਾਂਸਾਗਰ ਦੇ ਸੰਗਮ ’ਤੇ ਸਥਿਤ ਹੈ। ਇਸ ਮੰਦਰ ਦੇ ਵਿਚ ਤੁਹਾਨੂੰ ਪੈਂਟ ਜਾਂ ਧੋਤੀ ਪਾ ਕੇ ਹੀ ਜਾਣ ਦਿੱਤਾ ਜਾਂਦਾ ਹੈ। ਤੁਸੀਂ ਨੰਗੇ ਪਿੰਡੇ ਹੀ ਮੰਦਿਰ ਅੰਦਰ ਜਾ ਸਕਦੇ ਹੋ­ ਇਸ ਤੋਂ ਇਲਾਵਾ ਤੁਸੀਂ ਮੋਬਾਈਲ ਵੀ ਨਹੀਂ ਲਿਜਾ ਸਕਦੇ।

ਕੰਨਿਆ ਕੁਮਾਰੀ ਦੇ ਵਿਚ ਚਾਰੇ ਤਰਫ਼ ਬਾਜ਼ਾਰ ਹੀ ਨਜ਼ਰ ਆਉਂਦਾ ਹੈ। ਇਸ ਬਾਜ਼ਾਰ ਦੀ ਖ਼ਾਸੀਅਤ ਇਹ ਹੈ ਕਿ ਇਥੇ ਜੋ ਸਮਾਨ ਮਿਲਦਾ ਹੈ ਉਹ ਜ਼ਿਆਦਾ ਮਹਿੰਗਾ ਨਹੀਂ ਹੈ। ਆਮ ਲੋਕਾਂ ਦੀ ਪਹੁੰਚ ਦਾ ਸਮਾਨ ਹੈ। ਹਰ ਤਰ੍ਹਾਂ ਦਾ ਸਮਾਨ ਇਸ ਮਾਰਕੀਟ ਮਿਲਦਾ ਹੈ। ਇਸ ਮਾਰਕੀਟ ’ਚ ਜ਼ਿਆਦਾਤਰ ਤੁਹਾਨੂੰ ਸਮੁੰਦਰੀ ਸਿੱਪੀਆਂ ਜਾਂ ਸਮੁੰਦਰੀ ਮਾਲਾ ਮਿਲ ਜਾਂਦੀਆਂ ਹਨ ਜੋ ਕਾਫ਼ੀ ਸਸਤੀਆਂ ਮਿਲ ਹਨ। ਇਸ ਤੋਂ ਇਲਾਵਾ ਇਥੇ ਸਾੜੀਆਂ ਤੇ ਹੋਰ ਸਮਾਨ ਵੀ ਕਾਫ਼ੀ ਮਿਲਦਾ ਹੈ। ਇਥੇ ਬਾਜ਼ਾਰ ’ਚ ਲੁੱਟ ਨਹੀਂ ਹੈ­ ਚੀਜ਼ਾਂ ਆਮ ਲੋਕਾਂ ਦੀ ਪਹੁੰਚ ਦੇ ਅੰਦਰ ਹੀ ਮਿਲ ਜਾਂਦੀਆਂ ਹਨ। ਟੂਰਿਸਟਾਂ ਨੂੰ ਵੀ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਂਦਾ ਹੈ।

ਅਸੀਂ ਫਿਰ ਵਾਪਸ ਕੇਰਲ ਵਿਚ ਸ਼ਹਿਰ ਤਿਰੂਵਨੰਤਪੁਰਮ ਪਹੁੰਚਦੇ ਹਾਂ ਤੇ ਅਗਲੇ ਦਿਨ ਸਵੇਰੇ ਅਸੀਂ ਤਿ੍ਰਵੇਂਦਰਮ ਦੇ ਪਦਮਨਾਭਸਵਾਮੀ ਮੰਦਿਰ ਪਹੁੰਚਦੇ ਹਾਂ ਜਿਥੇ ਸਿਰਫ਼ ਧੋਤੀ ਪਾ ਕੇ ਜਾ ਸਕਦੇ ਹੋ। ਅਰਧ ਨੰਗੇ ਸਰੀਰ ਤੁਹਾਨੂੰ ਜਾਣਾ ਪੈਂਦਾ ਹੈ। ਇਸ ਮੰਦਰ ਦੀ ਖ਼ੂਬਸੂਰਤੀ ਇਹ ਹੈ ਚਾਹੇ ਕੋਈ ਵੀ ਹੋਵੇ ਉਸ ਨੂੰ ਧੋਤੀ ਪਾ ਕੇ ਨੰਗੇ ਸਿਰ ਅੰਦਰ ਜਾਣਾ ਪੈਂਦਾ ਹੈ ਮੋਬਾਈਲ ਲੈ ਕੇ ਜਾਣ ਦੀ ਆਗਿਆ ਨਹੀਂ ਹੈ ਉਹ ਬਾਹਰ ਕਿਸੇ ਦੁਕਾਨ ’ਤੇ ਰੱਖਣਾ ਪੈਂਦਾ ਹੈ। 

ਇਕ ਚੀਜ਼ ਮੰਦਿਰ ਅੰਦਰ ਦੇਖਣ ਨੂੰ ਮਿਲੀ ਜੋ ਮੰਦਿਰ ਦੇ ਅੰਦਰ ਸੁਰੱਖਿਆ ਕਰਮਚਾਰੀ ਚੈਕਿੰਗ ਲਈ ਖੜੇ ਸਨ। ਉਨ੍ਹਾਂ ਨੇ ਵੀ ਧੋਤੀਆਂ ਪਾਈਆਂ ਹੋਈਆਂ ਸਨ। ਇਸ ਮੰਦਰ ਅੰਦਰ ਚਾਹੇ ਕੋਈ ਵੀ ਹੋਵੇ ਸਿਰਫ਼ ਧੋਤੀ ਪਾ ਕੇ ਹੀ ਅੰਦਰ ਜਾ ਸਕਦਾ ਹੈ।

 ਇਸ ਮੰਦਿਰ ਦਾ ਇਤਿਹਾਸ 1500 ਸਾਲਾ ਪੁਰਾਣਾ ਹੈ ਇਸ ਨੂੰ ਚੋਲ ਵੰਸ਼ ਨੇ ਬਣਵਾਇਆ ਸੀ। ਇਸ ਤੋਂ ਬਾਅਦ ਇਸ ਦਿਨ ਸਾਡੀ ਵਾਪਸੀ ਹੁੰਦੀ ਹੈ ਤੇ ਸਮੁੰਦਰ ਤੋਂ ਬਹੁਤ ਕੁਝ ਸਿੱਖ ਕੇ ਵਾਪਸ ਆਉਂਦੇ ਹਾਂ।

ਨਰੇਸ਼ ਸ਼ਰਮਾ

ਸੀਨੀਅਰ ਪੱਤਰਕਾਰ,

ਅਪਡੇਟ ਪੰਜਾਬ.ਕਾਮ 

 

Related Articles

Back to top button
error: Sorry Content is protected !!