ਚੰਡੀਗੜ੍ਹ, 23 ਦਸੰਬਰ:
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਨੰਦਪੁਰ ਸਾਹਿਬ ਹਲਕੇ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਅੱਜ ਕੇਂਦਰੀ ਕੈਬਨਿਟ ਮੰਤਰੀ ਮਨੋਹਰ ਲਾਲ ਖੱਟਰ ਨੂੰ ਪੱਤਰ ਲਿਖ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਅਧੀਨ ਪੈਂਦੀਆਂ ਨਦੀਆਂ ‘ਤੇ 5 ਨਵੇਂ ਪੁਲ ਬਣਾਉਣ ਦੀ ਅਪੀਲ ਕੀਤੀ ਹੈ।
ਮੰਤਰੀ ਬੈਂਸ ਨੇ ਕੇਂਦਰੀ ਮੰਤਰੀ ਨੂੰ ਸਰਸਾ-ਨੰਗਲ ’ਤੇ ਪੁਲ ਬਣਾਉਣ, ਬ੍ਰਹਮਪੁਰ ਤੇ ਡਰੌਲੀ ਵਿਚਲੇ 60 ਸਾਲ ਪੁਰਾਣੇ ਪੁਲਾਂ ਦੀ ਮੁੜ ਉਸਾਰੀ, ਅਟਾਰੀ ਅਤੇ ਇਸਦੇ ਨਾਲ ਲੱਗਦੇ ਪਿੰਡਾਂ ਲਈ ਪੁਲ ਅਤੇ ਪਿੰਡ ਭਾਓਵਾਲ ਲਈ ਪੁਲ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੇ ਨਿਰਮਾਣ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹ ਇਤਿਹਾਸਕ ਤੌਰ ‘ਤੇ ਮਹੱਤਵਪੂਰਨ ਖੇਤਰ ਵਿਚ ਤਰੱਕੀ ਅਤੇ ਖੁਸ਼ਹਾਲੀ ਲਈ ਰਾਹ ਪੱਧਰਾ ਕਰਨਗੇ।
ਉਹਨਾਂ ਅੱਗੇ ਕਿਹਾ ਕਿ ਆਧੁਨਿਕ ਭਾਰਤ ਦੇ ਵਿਕਾਸ ਵਿੱਚ ਭਾਖੜਾ ਡੈਮ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸਦੀ “ਆਧੁਨਿਕ ਭਾਰਤ ਦੇ ਮੰਦਰ” ਵਜੋਂ ਸ਼ਲਾਘਾ ਕੀਤੀ ਸੀ।
ਬੈਂਸ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ 60 ਸਾਲਾਂ ਤੋਂ ਪਹਿਲਾਂ ਉਸ ਯੁੱਗ ਦੌਰਾਨ ਬਣਾਏ ਗਏ ਇਸ ਡੈਮ ਦਾ ਬੁਨਿਆਦੀ ਢਾਂਚਾ ਕਾਫ਼ੀ ਵਿਗੜ ਗਿਆ ਹੈ ਅਤੇ ਮੁੜ ਇਸ ਦੇ ਵਿਕਾਸ ਲਈ ਕੋਈ ਮਹੱਤਵਪੂਰਨ ਪਹਿਲਕਦਮੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਉਹ ਪਵਿੱਤਰ ਧਰਤੀ ਹੈ ਜਿੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸਦੇ ਨਾਲ ਹੀ ਇਸ ਪਵਿੱਤਰ ਧਰਤੀ ਨੂੰ ਮਾਤਾ ਨੈਣਾ ਦੇਵੀ ਅਤੇ ਹੋਰਨਾਂ ਕਈ ਮੰਦਰਾਂ ਦੀ ਪਵਿੱਤਰ ਭੂਮੀ ਹੋਣ ਦੀ ਬਖਸ਼ਿਸ਼ ਹੈ।