Punjab
ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਦੇ ਵਾਰੰਟ ਜਾਰੀ ਕਰਨ ਦੀ ਬੀਕੇਯੂ-ਡਕੌਂਦਾ ਵੱਲੋਂ ਸਖ਼ਤ ਨਿਖ਼ੇਧੀ
ਖੁਦਕੁਸ਼ੀਆਂ ਦਾ ਰਾਹ ਛੱਡ ਸੰਘਰਸ਼ਾਂ ਦਾ ਪੱਲਾ ਫੜ੍ਹਨ ਦਾ ਸੱਦਾ-ਬੁਰਜ਼ਗਿੱਲ, ਜਗਮੋਹਣ
ਚੰਡੀਗੜ੍ਹ 21 ਅਪ੍ਰੈਲ (…….)
ਸਮੇਂ ਸਮੇਂ ਦੀਆਂ ਹਕੂਮਤਾਂ ਵੱਲੋਂ ਲਾਗੂ ਕੀਤੀਆਂ ਗਈਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਰਜ਼ੇ ਦੇ ਸੰਕਟ ਦੀ ਮਾਰ ਹੇਠ ਆਏ ਪੰਜਾਬ ਦੇ ਕਿਸਾਨਾਂ ਦੀਆਂ ਗੑਿਫਤਾਰੀਆਂ ਦੇ ਨੋਟਿਸ ਜਾਰੀ ਕਰਨ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਗੰਭੀਰਤਾ ਨਾਲ ਲਿਆ ਹੈ। ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪੑਧਾਨ ਬੂਟਾ ਸਿੰਘ ਬੁਰਜ ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਪੑੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਖੇਤੀਬਾੜੀ ਸਹਿਕਾਰੀ ਬੈਂਕਾਂ ਵੱਲੋਂ ਕਰਜ਼ਾ ਨਾ ਮੋੜ ਸਕਣ ਵਾਲੇ 2000 ਕਿਸਾਨਾਂ ਦੇ ਗੑਿਫਤਾਰੀ ਵਰੰਟ ਜਾਰੀ ਕਰਨਾ ਕਿਸੇ ਇੱਕ ਸਥਾਨਕ ਬੈਂਕ ਦਾ ਸਵਾਲ ਨਹੀਂ ਹੈ। ਇਹ ਤਾਂ ਸਮੇਂ ਸਮੇਂ ਦੀਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲਾਗੂ ਕੀਤੀ ਜਾ ਰਹੀ ਕਿਸਾਨ ਵਿਰੋਧੀ ਨੀਤੀ ਦਾ ਜਾਰੀ ਰੂਪ ਹੈ। ਕਿਉਂਕਿ ਹਰ ਹਕੂਮਤ ਨੇ ਚੋਣਾਂ ਜਿੱਤਣ ਲਈ ਸਿਰਫ਼ ਵਾਅਦੇ ਕੀਤੇ ਹਨ, ਹਕੀਕਤ ਵਿੱਚ ਲਾਗੂ ਕਦੇ ਵੀ ਨਹੀਂ ਕੀਤੇ। ਪਿਛਲੀ ਕਾਂਗਰਸ ਹਕੂਮਤ ਨੇ 2017 ਵਿੱਚ ਕਰਜਾ ਕੁਰਕੀ ਖਤਮ ਕਰਨ ਦਾ ਵਾਅਦਾ ਕੀਤਾ ਸੀ। ਪੰਜਾਬ ਦੇ ਕਿਸਾਨਾਂ ਵੱਲ ਹਕੂਮਤਾਂ ਵੱਲੋਂ ਲਾਗੂ ਕੀਤੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ
ਕਰਜਾ ਇੱਕ ਲੱਖ ਕਰੋੜ ਤੋਂ ਟੱਪ ਚੁੱਕਾ ਹੈ। ਪਰ ਕੈਪਟਨ ਸਰਕਾਰ ਨੇ ਕਰਜ਼ਾ ਮੁਆਫ਼ ਸਿਰਫ਼ 4614 ਕਰੋੜ ਕੀਤਾ। ਉਸ ਤੋਂ ਕਿਤੇ ਵੱਧ ਵਿਆਜ ਵਧ ਗਿਆ। ਪੰਜਾਬ ਦੇ 75% ਕਿਸਾਨ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਰਜਾਈ ਹੋ ਚੁੱਕੇ ਹਨ। ਦੁਜੇ ਪਾਸੇ ਕੇਂਦਰੀ ਅਤੇ ਸੂਬਾਈ ਸਰਕਾਰਾਂ ਅਮੀਰ ਘਰਾਣਿਆਂ ਵੱਲੋਂ ਲੱਖਾਂ ਕਰੋੜ ਰੁਪਏ ਦੇ ਨਾਂ ਮੋੜੇ ਗਏ ਕਰਜਿਆਂ ਨੂੰ ਵੱਟੇ ਖਾਤੇ ਪਾ ਰਹੀਆਂ ਹਨ। ਆਗੂਆਂ ਕਿਹਾ ਕਿ ਮੁਲਕ ਦੇ ਅਨਾਜ ਭੰਡਾਰ ਭਰਨ ਵਾਲੇ ਕਿਸਾਨਾਂ ਨਾਲ ਹਕੂਮਤ ਮੁਜਰਮਾਂ ਵਾਲਾ ਸਲੂਕ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਰਜ਼ੇ ਬਦਲੇ ਕਿਸੇ ਵੀ ਕਿਸਾਨ ਦੀ ਕੀਤੀ ਗੑਿਫਤਾਰੀ ਪੰਜਾਬ ਸਰਕਾਰ ਲਈ ਮਹਿੰਗੀ ਸਾਬਤ ਹੋਵੇਗੀ। ਇੱਕ ਪਾਸੇ ਕਣਕ ਦਾ 20 ਤੋਂ 25% ਝਾੜ ਘਟਣ ਨਾਲ ਕਿਸਾਨਾਂ ਦੀਆਂ ਰੋਜ਼ਾਨਾ ਖੁਦਕੁਸ਼ੀਆਂ ਹੋ ਰਹੀਆਂ ਹਨ। ਦੂਜੇ ਪਾਸੇ ਸਰਕਾਰਾਂ ਗੑਿਫਤਾਰੀ ਵਰੰਟਾਂ ਦਾ ਡਰ ਦਿਖਾਕੇ ਇਸ ਪਾਸੇ ਤੋਰ ਰਹੀਆਂ ਹਨ। ਆਗੂਆਂ ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਭੱਟੀਵਾਲ, ਬਲਵੰਤ ਸਿੰਘ ਉੱਪਲੀ,ਰਾਮ ਸਿੰਘ ਮਟੋਰੜਾ ਅਤੇ ਕੁਲਵੰਤ ਸਿੰਘ ਕਿਸ਼ਨਗੜੵ ਨੇ ਕਿਸਾਨਾਂ ਨੂੰ ਖੁਦਕੁਸ਼ੀਆਂ ਵਾਲਾ ਬੁਜ਼ਦਿਲੀ ਵਾਲਾ ਰਾਹ ਛੱਡ ਜਥੇਬੰਦਕ ਸੰਘਰਸ਼ਾਂ ਰਾਹੀਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੁੀ ਇਸ ਕਿਸਾਨ ਵਿਰੋਧੀ ਨੀਤੀ ਖਿਲਾਫ਼ ਤਿੱਖਾ ਐਕਸ਼ਨ ਲੈਂਦਿਆ ਪੰਜਾਬ ਅੰਦਰ ਵੱਡੇ ਬੈਂਕ ਅਧਿਕਾਰੀਆਂ ਦੇ ਘਿਰਾਉ ਕੀਤੇ ਜਾਣਗੇ।