ਰਾਜ ਦੀਆਂ ਏਜੰਸੀਆਂ ਨੇ ਮਾਪਦੰਡਾਂ ਵਿੱਚ ਢਿੱਲ ਦਿੱਤੇ ਜਾਣ ਤੱਕ ਕੀਤੀ ਖਰੀਦ ਬੰਦ : ਦਲਜੀਤ ਸਿੰਘ ਚੀਮਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਲਿਆ ਗੰਭੀਰ ਨੋਟਿਸ
ਪੰਜਾਬ ਅੰਦਰ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਮੰਡੀਆਂ ਵਿੱਚ ਕਣਕ ਦੇ ਢੇਰ ਲੱਗੇ ਹੋਏ ਹਨ । ਕਿਸਾਨ ਕਣਕ ਦੀ ਖਰੀਦ ਹੋਣ ਦਾ ਮੰਡੀਆਂ ਵਿੱਚ ਇੰਤਜਾਰ ਕਰ ਰਹੇ ਹਨ । ਦੂਜੇ ਪਾਸੇ ਕਣਕ ਦੀ ਖਰੀਦ ਵਿੱਚ ਹੋਰ ਦੇਰੀ ਹੋ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਖਰੀਦ ਏਜੇਂਸੀਆਂ ਦੇ ਸਰਕਾਰੀ ਮੁਲਾਜਮਾਂ ਨੇ ਮੰਡੀਆਂ ਵਿੱਚੋ ਕਣਕ ਦੀ ਖਰੀਦ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ । ਮੁਲਾਜਮਾਂ ਦੀ ਕੋਆਰਡੀਨੇਸ਼ਨ ਕਮੇਟੀ ਨੇ ਇਹ ਫੈਸਲਾ ਲਿਆ ਹੈ । ਇਹਨਾਂ ਵਿੱਚ ਮਾਰਕਫੈਡ , ਪਨਗਰੇਨ, ਗੁਦਾਮ ਨਿਗਮ ਅਤੇ ਪਨਸਪ ਦੇ ਮੁਲਾਜਮ ਸ਼ਾਮਲ ਹਨ । ਜੇਕਰ ਖਰੀਦ ਨਹੀਂ ਹੁੰਦੀ ਤਾਂ ਮੰਡੀਆਂ ਵਿੱਚ ਸਮਾਂ ਲੱਗ ਸਕਦਾ ਹੈ ਅਤੇ ਮੰਡੀਆਂ ਵਿੱਚ ਕਣਕ ਦੇ ਢੇਰ ਲੱਗੇ ਰਹਿਣਗੇ ਅਤੇ ਕਿਸਾਨ ਨੂੰ ਮੁਸ਼ਕਲ ਪੇਸ਼ ਆ ਸਕਦੀ ਹੈ ।
ਓਧਰ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ, ਪੰਜਾਬ ਸਰਕਾਰ ਨੂੰ ਤੁਰੰਤ FCI ਕੋਲ ਮਾਪਦੰਡਾਂ ਵਿੱਚ ਢਿੱਲ ਦੇਣ ਦਾ ਮੁੱਦਾ ਉਠਾਉਣਾ ਚਾਹੀਦਾ ਹੈ। ਰਾਜ ਦੀਆਂ ਏਜੰਸੀਆਂ ਨੇ ਮਾਪਦੰਡਾਂ ਵਿੱਚ ਢਿੱਲ ਦਿੱਤੇ ਜਾਣ ਤੱਕ ਖਰੀਦ ਬੰਦ ਕਰ ਦਿੱਤੀ ਹੈ। ਸਟੋਰੇਜ ਅਤੇ ਲਿਫਟਿੰਗ ਦਿਸ਼ਾ-ਨਿਰਦੇਸ਼ਾਂ ਨੂੰ ਵੀ ਸੋਧਣ ਦੀ ਲੋੜ ਹੈ।
ਨਿਰਪੱਖ ਔਸਤ ਗੁਣਵੱਤਾ ਦਾ ਬਹਾਨਾ ਬਣਾ ਕੇ ਐਫ ਸੀ ਆਈ ਕਣਕ ਖਰੀਦਣ ਤੋਂ ਹੱਥ ਖਿੱਚਣ ਲੱਗੀ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਲਿਆ ਗੰਭੀਰ ਨੋਟਿਸ
ਚੰਡੀਗੜ੍ਹ 12 ਨਿਰਪੱਖ ਔਸਤ ਗੁਣਵੱਤਾ ਦਾ ਬਹਾਨਾ ਬਣਾ ਕੇ ਐਫ ਸੀ ਆਈ ਕਣਕ ਖਰੀਦਣ ਤੋਂ ਹੱਥ ਖਿੱਚਣ ਦੀ ਤਾਕ ਵਿੱਚ ਹੈ। ਐਫ ਸੀ ਆਈ ਨੇ ਪੰਜਾਬ ਅੰਦਰ ਹੁਣ ਤੱਕ ਮੰਡੀਆਂ ਵਿੱਚ ਖਰੀਦ ਕੀਤੀ ਕਣਕ ਨੂੰ ਨਾਂ ਚੁੱਕਣ ਦਾ ਨਾਦਰਸ਼ਾਹੀ ਫੁਰਮਾਨ ਜਾਰੀ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਐਫ ਸੀ ਆਈ ਦੇ ਇਸ ਕਿਸਾਨ ਵਿਰੋਧੀ ਫੈਸਲੇ ਦਾ ਗੰਭੀਰ ਨੋਟਿਸ ਲਿਆ ਹੈ। ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪੑਧਾਨ ਬੂਟਾ ਸਿੰਘ ਬੁਰਜਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ,ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਮਾਰਚ ਮਹੀਨੇ ਵਿੱਚ ਬਹੁਤ ਜ਼ਿਆਦਾ ਗਰਮੀ ਪੈਣ ਨਾਲ ਕਣਕ ਦਾ ਦਾਣਾ ਮਾਜੂ ਪੈ ਗਿਆ ਹੈ। ਜਿਸ ਕਰਕੇ ਕਣਕ ਦਾ ਝਾੜ ਝਾੜ ਦਸ ਤੋਂ ਪੰਦਰਾਂ ਮਣ ਪ੍ਰਤੀ ਏਕੜ ਘੱਟ ਗਿਆ ਹੈ ਜਿਸ ਨਾਲ ਕਿਸਾਨਾਂ ਨੂੰ ਬਹੁਤ ਵੱਡੀ ਆਰਥਿਕ ਸੱਟ ਵੱਜੀ ਹੈ ਕਿਉਂਕਿ ਕਿਸਾਨ ਪਹਿਲਾਂ ਹੀ ਸਮੇਂ ਸਮੇਂ ਦੀਆਂ ਹਕੂਮਤਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਿਸਾਨ ਵਿਰੋਧੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਕਾਰਨ ਕਿਸਾਨ ਬੁਰੀ ਤਰ੍ਹਾਂ ਕਰਜ਼ੇ ਦੇ ਸੰਕਟ ਫਸਿਆ ਹੋਇਆ ਹਰ ਰੋਜ਼ ਖ਼ੁਦਕਸ਼ੀਆਂ ਕਰ ਰਿਹਾ ਹੈ ਕਣਕ ਦਾ ਝਾੜ ਘਟਣ ਵਿੱਚ ਕਿਸਾਨਾਂ ਦਾ ਕੋਈ ਦੋਸ਼ ਨਹੀਂ ਕਿਸਾਨਾਂ ਨੇ ਬਹੁਤ ਮਿਹਨਤ ਕੀਤੀ ਸੀ ।
ਸਮੇਂ ਤੋਂ ਪਹਿਲਾਂ ਜ਼ਿਆਦਾ ਗਰਮੀ ਪੈਣ ਨਾਲ ਇਹ ਝਾੜ ਕੁਦਰਤੀ ਕਰੋਪੀ ਕਾਰਨ ਘਟਿਆ ਹੈ । ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੁਦਰਤੀ ਕਰੋਪੀ ਨਾਲ ਹੋਏ ਕਣਕ ਦੇ ਨੁਕਸਾਨ ਦਾ ਮੁਆਵਜ਼ਾ ਘੱਟੋ ਘੱਟ 300 ਰੁਪਏ ਪ੍ਰਤੀ ਕੁਇੰਟਲ ਤੁਰੰਤ ਦਿੱਤਾ ਜਾਵੇ। ਜਥੇਬੰਦੀ ਦੇ ਆਗੂਆਂ ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਸਿੰਘ ਭੱਟੀਵਾਲ,ਰਾਮ ਸਿੰਘ ਮਟੋਰੜਾ, ਬਲਵੰਤ ਸਿੰਘ ਉੁੱਪਲੀ ਅਤੇ ਕੁਲਵੰਤ ਸਿੰਘ ਕਿਸ਼ਨਗੜੵ ਨੇ ਕਿਹਾ ਕਿ ਐਸ ਸੀ ਆਈ ਵੱਲੋਂ ਮੜੀਆਂ ਸ਼ਰਤਾਂ ਨੂੰ ਕਿਸੇ ਵੀ ਸੂਰਤ ਵਿੱਚ ਪ੍ਰਵਾਨ ਨਹੀਂ ਕੀਤਾ ਜਾਵੇਗਾ। ਅਜਿਹਾ ਨਾਂ ਹੋਣ ਦੀ ਸੂਰਤ ਵਿੱਚ ਸਾਡੀ ਜਥੇਬੰਦੀ ਹੋਰਨਾਂ ਜਥੇਬੰਦੀਆਂ ਨੂੰ ਨਾਲ ਲੈਕੇ ਕੇਂਦਰ ਸਰਕਾਰ ਖਿਲਾਫ਼ ਸੜਕਾਂ ਜਾਮ ਕਰਨ ਵਰਗਾ ਤਿੱਖਾ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਉਹ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਫੈਸਲੇ ਨੂੰ ਰੱਦ ਕਰਾਉਣ ਲਈ ਤਰਜੀਹੀ ਕਦਮ ਚੁੱਕੇ।11 ਅਪ੍ਰੈਲ ਤੋਂ 17 ਅਪ੍ਰੈਲ ਤੱਕ ਮਨਾਏ ਜਾ ਐਮ ਐਸ ਪੀ ਹਫਤੇ ਦੌਰਾਨ ਕੇਂਦਰ ਸਰਕਾਰ ਦੇ ਇਸ ਫੈਸਲੇ ਖਿਲਾਫ਼ ਜੋਰ ਨਾਲ ਉਭਾਰਿਆ ਜਾਵੇਗਾ।