ਸੰਸਦ ਮੈਂਬਰ ਪ੍ਰਨੀਤ ਕੌਰ ਨੇ ਨਰਿੰਦਰ ਤੋਮਰ ਨੂੰ ਲਿਖਿਆ ਪੱਤਰ :ਕਣਕ ਦੇ ਝਾੜ ਵਿੱਚ ਕਮੀ ਲਈ 10-15 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਕੀਤੀ ਮੰਗ
ਪਟਿਆਲਾ, 12 ਅਪ੍ਰੈਲ
ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਪੱਤਰ ਲਿਖ ਕੇ ਪੰਜਾਬ ਵਿੱਚ ਅੱਤ ਦੀ ਗਰਮੀ ਕਾਰਨ ਕਣਕ ਦੇ ਝਾੜ ਵਿੱਚ ਆਈ ਕਮੀ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ।
ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਉਹਨਾਂ ਨੇ ਦੱਸਿਆ, “ਬਾਰਿਸ਼ ਨਾ ਹੋਣ ਕਾਰਨ ਗਰਮੀ ਨੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ, ਜਿਸ ਕਾਰਨ ਕਣਕ ਦੀ ਫ਼ਸਲ ਬਹੁਤ ਪ੍ਰਭਾਵਿਤ ਹੋਈ ਹੈ। ਹਰ ਕਿਸਾਨ ਨੂੰ ਪ੍ਰਤੀ ਏਕੜ 5-7 ਕੁਇੰਟਲ ਕਣਕ ਦਾ ਨੁਕਸਾਨ ਹੋ ਰਿਹਾ ਹੈ।”
ਪਟਿਆਲਾ ਸਾਂਸਦ ਨੇ ਅੱਗੇ ਦੱਸਿਆ, “ਪਹਿਲਾਂ ਪ੍ਰਤੀ ਏਕੜ ਝਾੜ 20 ਤੋਂ 22 ਕੁਇੰਟਲ ਹੁੰਦਾ ਸੀ ਪਰ ਇਸ ਵਾਰ ਜਲਦੀ ਅਤੇ ਤੇਜ਼ ਗਰਮੀ ਪੈਣ ਕਾਰਨ ਕਣਕ ਦਾ ਝਾੜ 15 ਤੋਂ 17 ਕੁਇੰਟਲ ਹੀ ਨਿਕਲਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 5-7 ਕੁਇੰਟਲ ਪ੍ਰਤੀ ਏਕੜ ਕਣਕ ਦਾ ਝਾੜ ਘੱਟਣਾ ਮਤਲਬ ਹਰ ਕਿਸਾਨ ਨੂੰ ਪ੍ਰਤੀ ਏਕੜ 10-15 ਹਜ਼ਾਰ ਰੁਪਏ ਦਾ ਨੁਕਸਾਨ ਹੋ ਰਿਹਾ ਹੈ।”