ਜ਼ਬਰਦਸਤੀ ਸਟੇਸ਼ਨਰੀ ਲੈਣ ਲਈ ਮਜ਼ਬੂਰ ਕਰਨ ਵਾਲੀਆਂ ਫ਼ਰਮਾਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਡਿਪਟੀ ਕਮਿਸ਼ਨਰ
ਜ਼ਬਰਦਸਤੀ ਸਟੇਸ਼ਨਰੀ ਲੈਣ ਲਈ ਮਜ਼ਬੂਰ ਕਰਨ ਵਾਲੀਆਂ ਫ਼ਰਮਾਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਡਿਪਟੀ ਕਮਿਸ਼ਨਰ
ਰਾਜ ਕਰ ਵਿਭਾਗ ਵਲੋਂ ਸਟੇਸ਼ਨਰੀ ਦੁਕਾਨਾਂ ਦੀ ਕੀਤੀ ਅਚਨਚੇਤ ਚੈਕਿੰਗ
ਪੜਤਾਲ ਉਪਰੰਤ ਬਣਦੇ ਟੈਕਸ ਤੇ ਜੁਰਮਾਨੇ ਦੀ ਰਕਮ ਜਾਵੇਗੀ ਵਸੂਲੀ
ਬਠਿੰਡਾ, 6 ਅਪ੍ਰੈਲ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੱਸਿਆ ਕਿ ਆਮ ਲੋਕਾਂ ਵੱਲੋਂ ਸ਼ਿਕਾਇਤ ਮਿਲਣ ਤੇ ਕਿ ਜ਼ਿਲ੍ਹੇ ਦੇ ਕੁੱਝ ਦੁਕਾਨਦਾਰ ਸਕੂਲ ਦੀਆਂ ਕਿਤਾਬਾਂ ਦੇ ਨਾਲ ਜਬਰਦਸਤੀ ਸਟੇਸ਼ਨਰੀ ਲੈਣ ਲਈ ਮਜਬੂਰ ਕਰ ਰਹੇ ਹਨ ਅਤੇ ਨਾ ਹੀ ਇਸਦਾ ਕੋਈ ਬਿੱਲ ਦੇ ਰਹੇ ਹਨ, ਦੇ ਮੱਦੇਨਜ਼ਰ ਜ਼ਬਰਦਸਤੀ ਸਟੇਸ਼ਨਰੀ ਲੈਣ ਲਈ ਮਜ਼ਬੂਰ ਕਰਨ ਵਾਲੀਆਂ ਫ਼ਰਮਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤਹਿਤ ਜ਼ਿਲ੍ਹੇ ਅੰਦਰ ਰਾਜ ਕਰ ਵਿਭਾਗ ਵਲੋਂ ਸਟੇਸ਼ਨਰੀ ਦੁਕਾਨਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਗਈ।
ਡਿਪਟੀ ਕਮਿਸ਼ਨਰ ਸ਼੍ਰੀ ਪਰੇ ਨੇ ਦੱਸਿਆ ਕਿ ਉਪ-ਕਮਿਸ਼ਨਰ ਰਾਜ ਕਰ, ਫਰੀਦਕੋਟ ਮੰਡਲ, ਸ੍ਰੀਮਤੀ ਰਾਜਵਿੰਦਰ ਕੌਰ ਬਾਜਵਾ ਦੀ ਅਗਵਾਈ ਹੇਠ ਤੇ ਸਹਾਇਕ ਕਮਿਸ਼ਨਰ ਰਾਜ ਕਰ, ਸ੍ਰੀ ਸੰਜੀਵ ਮਦਾਨ ਵਲੋਂ ਗਠਿਤ ਕੀਤੀਆਂ ਗਈਆਂ 3 ਟੀਮਾਂ ਵਲੋਂ ਜੀ.ਐਸ.ਟੀ ਐਕਟ 2017 ਦੀ ਧਾਰਾ 67 ਅਧੀਨ ਜ਼ਿਲ੍ਹਾ ਬਠਿੰਡਾ ਦੀਆਂ 3 ਫਰਮਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਸਟੇਟ ਟੈਕਸ ਅਫ਼ਸਰ ਸ਼੍ਰੀ ਹੁਕਮ ਚੰਦ ਬਾਂਸਲ ਤੇ ਪੰਕਜ ਮਿੱਤਲ ਤੇ ਆਧਾਰਿਤ ਟੀਮ ਵਲੋਂ ਮੈਸ. ਸ਼ਿਵਾ ਸਟੇਸ਼ਨਰੀ 100 ਫੁੱਟੀ ਰੋਡ ਬਠਿੰਡਾ ਦੀ ਚੈਕਿੰਗ ਕੀਤੀ ਗਈ।
ਇਸੇ ਤਰ੍ਹਾਂ ਸਟੇਟ ਟੈਕਸ ਅਫ਼ਸਰ ਜਸਮੀਤ ਕੌਰ ਸੰਧੂ ਅਤੇ ਜਸਪ੍ਰੀਤ ਮਾਨ ਤੇ ਅਧਾਰਤ ਟੀਮ ਵਲੋਂ ਮਹੇਸ਼ਵਰੀ ਕਲੋਨੀ ਸਥਿਤ ਮੈਸ. ਪੀ.ਜੀ. ਟ੍ਰੇਡਰਜ਼, ਸਟੇਟ ਟੈਕਸ ਅਫ਼ਸਰ ਸ਼ੀਨਮ ਰਾਣੀ ਅਤੇ ਸ਼੍ਰੀ ਰਾਕੇਸ਼ ਕੁਮਾਰ ਗਰਗ ਦੀ ਟੀਮ ਵਲੋਂ ਬੀਬੀ ਵਾਲਾ ਚੌਕ ਨੇੜੇ ਸਥਿਤ ਮੈਸ. ਐਸ.ਐਮ ਇੰਟਰਪ੍ਰਾਇਜਜ਼ ਦੇ ਵਪਾਰਕ ਅਦਾਰਿਆਂ ਅਤੇ ਉਨ੍ਹਾਂ ਦੇ ਗੋਦਾਮਾ ਦੀ ਚੈਕਿੰਗ ਕੀਤੀ ਗਈ।
ਜਾਂਚ ਦੌਰਾਨ ਅਧਿਕਾਰੀਆਂ ਨੂੰ ਕੁੱਝ ਅਜਿਹੇ ਦਸਤਾਵੇਜ਼ ਮਿਲੇ ਜਿਸ ਤੋਂ ਇਹ ਪਤਾ ਲਗਾ ਕਿ ਇਹ ਫਰਮਾਂ ਇੱਕ ਦੂਜੇ ਨਾਲ ਸਬੰਧਤ ਹਨ ਅਤੇ ਜੀ.ਐਸ.ਟੀ ਕਰ ਚੋਰੀ ਵਿੱਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਫੜੇ ਗਏ ਦਸਤਾਵੇਜ਼ਾਂ ਦੀ ਪੜਤਾਲ ਤੋਂ ਬਾਅਦ ਬਣਦੇ ਟੈਕਸ ਤੇ ਜੁਰਮਾਨੇ ਦੀ ਰਕਮ ਵਸੂਲ ਕੀਤੀ ਜਾਵੇਗੀ।