Punjab
ਬੁੱਕ ਬੈਂਕ ਵਿੱਚ ਕਿਤਾਬਾਂ ਜਮ੍ਹਾਂ ਕਰਵਾਉਣ ਲਈ ਵਿਦਿਆਰਥੀ ਅਤੇ ਮਾਪਿਆਂ ਨੇ ਵਿੱਢੀ ਮੁਹਿੰਮ
ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਬੱਚਿਆਂ ਨੇ ਕਿਤਾਬਾਂ ਦੀ ਸਾਂਭ-ਸੰਭਾਲ ਦਾ ਪ੍ਰਣ ਲਿਆ
ਸ੍ਰੀ ਮੁਕਤਸਰ ਸਾਹਿਬ 6 ਅਪ੍ਰੈਲ ( ਜਸਵਿੰਦਰ ਪਾਲ ਸ਼ਰਮਾ)
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੇ ਸੈਸ਼ਨ 2022-23 ਵਿੱਚ ਬੱਚਿਆਂ ਨੂੰ ਪਿਛਲੇ ਸਾਲ ਦੀਆਂ ਪਾਠਕ੍ਰਮ ਦੀਆਂ ਵੱਧ ਤੋਂ ਵੱਧ ਕਿਤਾਬਾਂ ਬੁੱਕ ਬੈਂਕ ਵਿੱਚ ਜਮ੍ਹਾਂ ਕਰਵਾ ਕੇ ਸਬੰਧਿਤ ਜਮਾਤ ਦੇ ਬੱਚਿਆਂ ਨੂੰ ਦੇਣ ਲਈ ਮੁਹਿੰਮ ਵਿੱਢ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਕਿਤਾਬਾਂ ਦੀ ਸਾਂਭ ਸੰਭਾਲ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸਦੇ ਮੱਦੇਨਜ਼ਰ ਪਿਛਲੇ ਸਾਲ ਦੀਆਂ ਪਾਠਕ੍ਰਮ ਅਨੁਸਾਰ ਵਰਤੋਂ ਯੋਗ ਕਿਤਾਬਾਂ ਨੂੰ ਇਸ ਸਾਲ ਵੱਧ ਤੋਂ ਵੱਧ ਬੱਚੇ ਆਪਣੇ ਸਕੂਲ ਦੇ ਬੁੱਕ ਬੈਂਕ ਵਿੱਚ ਕਿਤਾਬਾਂ ਜਮ੍ਹਾਂ ਕਰਵਾ ਕੇ ਵਧੀਆ ਉਦਾਹਰਨ ਪੇਸ਼ ਕਰ ਰਹੇ ਹਨ। ਦੂਜੇ ਪਾਸੇ ਕਿਤਾਬਾਂ ਲਈ ਕਾਗਜ਼ ਦੀ ਵਰਤੋਂ ਹੁੰਦੀ ਹੈ ਅਤੇ ਇਸ ਕਾਗਜ਼ ਦੀ ਪੂਰਤੀ ਲਈ ਬਹੁਤ ਸਾਰੇ ਦਰਖ਼ਤਾਂ ਨੂੰ ਕੱਟਿਆ ਜਾਂਦਾ ਹੈ। ਜਿਸ ਨਾਲ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਨੂੰ ਪਿਛਲੇ ਦਿਨੀਂ ਹੋਈ ਮਾਪੇ-ਅਧਿਆਪਕ ਮੀਟਿੰਗ ਵਿੱਚ ਕਿਤਾਬਾਂ ਦੀ ਮੁੜ-ਵਰਤੋਂ ਲਈ ਉਤਸ਼ਾਹਿਤ ਕੀਤਾ ਗਿਆ ਜਿਸ ਦੇ ਬਹੁਤ ਹੀ ਕਾਰਗਰ ਨਤੀਜੇ ਪ੍ਰਾਪਤ ਹੋ ਰਹੇ ਹਨ। ਸੋਸ਼ਲ਼ ਮੀਡੀਆ ‘ਤੇ ਵੀ ਬਹੁਤ ਸਾਰੀਆਂ ਤਸਵੀਰਾਂ ਵਿੱਚ ਬੱਚੇ ਆਪਣੀਆਂ ਕਿਤਾਬਾਂ ਦੂਜੇ ਬੱਚਿਆਂ ਨੂੰ ਦਿੰਦੇ ਨਜ਼ਰੀਂ ਆ ਰਹੇ ਹਨ।
ਇਸ ਸਬੰਧੀ ਵੱਖ-ਵੱਖ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਨਵਾਂ ਸ਼ੈਸ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਜਿਹੜੇ ਵਿਦਿਆਰਥੀ ਆਪਣੀਆਂ ਕਿਤਾਬਾਂ ਵਾਪਸ ਦੇ ਕੇ ਜਾ ਰਹੇ ਹਨ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਮੁਖੀ ਵੱਲੋਂ ਪ੍ਰਸੰਸਾ ਪੱਤਰ ਵੀ ਦਿੱਤੇ ਜਾ ਰਹੇ ਹਨ। ਇਸ ਨਾਲ ਬੱਚਿਆਂ ਵਿੱਚ ਸਮਾਜ ਸੇਵਾ ਅਤੇ ਆਪਸੀ ਸਹਿਯੋਗ ਦੀ ਭਾਵਨਾ ਵੀ ਵਿਕਸਿਤ ਹੰਦੀ ਹੈ। ਬੱਚਿਆਂ ਵਿੱਚ ਆਪਣੀ ਕਿਤਾਬਾਂ ਨੂੰ ਵਧੀਆ ਢੰਗ ਨਾਲ ਸਾਂਭ-ਸੰਭਾਲ ਅਤੇ ਹੋਰ ਰਚਨਾਤਮਕ ਕਿਰਿਆਵਾਂ ਲਈ ਸੂਝ-ਬੂਝ ਵਧਦੀ ਹੈ।
ਬੁੱਕ ਬੈਂਕ ਸਬੰਧੀ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਸਹਿਯੋਗ ਸਬੰਧੀ ਹੌਂਸਲਾ ਅਫ਼ਜ਼ਾਈ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼੍ਰੀ ਮਲਕੀਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਕਪਿਲ ਸ਼ਰਮਾ ਨੇ ਜ਼ਿਲ੍ਹਾ ਪ੍ਰਿੰਟ ਅਤੇ ਸੋਸ਼ਲ ਮੀਡੀਆ ਕੋਆਰਡੀਨੇਟਰ ਜਸਵਿੰਦਰ ਪਾਲ ਸ਼ਰਮਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬੁੱਕ ਬੈਂਕ ਦੀ ਸੋਚ ਨੂੰ ਸਫ਼ਲ ਬਣਾਉਣ ਲਈ ਸਭਨਾ ਵਿੱਚ ਭਾਰੀ ਉਤਸ਼ਾਹ ਹੈ। ਇਸ ਨਾਲ ਰੁੱਖਾਂ ਦੀ ਕਟਾਈ ਨੂੰ ਬਚਾਇਆ ਜਾ ਸਕਦਾ ਹੈ। ਰੁੱਖ ਲਗਾਉਣ ਨਾਲ ਤਾਂ ਭਾਵੇਂ ਭਵਿੱਖ ਵਿੱਚ ਉਸਦੇ ਪਾਲਣ-ਪੋਸ਼ਣ ਨਾਲ ਵਾਤਾਵਰਨ ਲਈ ਫ਼ਾਇਦਾ ਹੋਵੇਗਾ ਪਰ ਬੁੱਕ ਬੈਂਕ ਵਿੱਚ ਕਿਤਾਬ ਜਮ੍ਹਾਂ ਕਰਵਾਉਣ ਨਾਲ ਇਹ ਫ਼ਾਇਦਾ ਤੁਰੰਤ ਅਤੇ ਪ੍ਰਭਾਵਸ਼ਾਲੀ ਹੋ ਜਾਂਦਾ ਹੈ।