Punjab
ਸਿੱਖਿਆ ਵਿਭਾਗ ਪੰਜਾਬ ਦੀ ਨਿਵੇਕਲੀ ਪਹਿਲ , ਸਰਕਾਰੀ ਸਕੂਲਾਂ ਵਿੱਚ ਪਲੇਠੀ ਗ੍ਰੈਜੂਏਸ਼ਨ ਸੈਰੇਮਨੀ 29 ਨੂੰ
ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨੰਨ੍ਹੇ ਬਾਲ ਹੋਣਗੇ ਗ੍ਰੈਜੂਏਟ
ਐੱਸ ਏ ਐੱਸ ਨਗਰ 28 ਮਾਰਚ ( ) ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਸਿੱਖਿਆ ਸਕੱਤਰ ਅਜੋਏ ਸ਼ਰਮਾ ਦੀ ਸੁਚੱਜੀ ਅਗਵਾਈ ਅਤੇ ਪ੍ਰਦੀਪ ਕੁਮਾਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ 29 ਮਾਰਚ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਗ੍ਰੈਜੂਏਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਹਰ ਦੋ ਸਾਲ ਬਾਅਦ ਨਰਸਰੀ ਦੇ ਵਿਦਿਆਰਥੀ ਆਪਣਾ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਸਫ਼ਰ ਮੁਕਾ ਕੇ ਪਹਿਲੀ ਜਮਾਤ ਵਿੱਚ ਪ੍ਰਵੇਸ਼ ਕਰਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ ਜਰਨੈਲ ਸਿੰਘ ਕਾਲੇਕੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਦੱਸਿਆ ਕਿ ਇਸ ਦਿਨ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੋਗਰਾਮ ਕਰਵਾਉਣ ਦਾ ਵਿਭਾਗ ਦਾ ਉਦੇਸ਼ ਉਹਨਾਂ ਸਮੂਹ ਮਾਪਿਆਂ ਦਾ ਧੰਨਵਾਦ ਕਰਨਾ ਜਿਹਨਾਂ ਨੇ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਦਿਖਾ ਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜਿਆ। ਇਸਦੇ ਨਾਲ ਹੀ ਅਗਲੀਆਂ ਜਮਾਤਾਂ ਵਿੱਚ ਵੀ ਇਹਨਾਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਹੀ ਦਾਖ਼ਲ ਕਰਵਾਉਣ ਲਈ ਉਤਸ਼ਾਹਿਤ ਕਰਨਾ ਹੈ। ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਚਲਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਜਿਵੇਂ ਪ੍ਰੀ-ਪ੍ਰਾਇਮਰੀ ਜਮਾਤਾਂ ਅਤੇ ਸਮਾਰਟ ਕਲਾਸਾਂ ਸਬੰਧੀ ਮਾਪਿਆਂ ਅਤੇ ਸਮੁਦਾਇ ਨੂੰ ਜਾਣੂ ਕਰਵਾਉਣਾ ਵੀ ਇਸ ਪ੍ਰੋਗਰਾਮ ਦਾ ਮਕਸਦ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ 29 ਮਾਰਚ ਨੂੰ ਸਕੂਲ ਸਮੇਂ ਦੌਰਾਨ ਆਯੋਜਿਤ ਕੀਤੇ ਜਾਣ ਵਾਲੇ ਇਸ ਪ੍ਰੀ-ਪ੍ਰਾਇਮਰੀ ਸਮਾਗਮ ਦੀਆਂ ਪਹਿਲਾਂ ਤੋਂ ਹੀ ਤਿਆਰੀਆਂ ਆਰੰਭੀਆਂ ਹੋਈਆਂ ਹਨ।
ਅਧਿਆਪਕਾਂ ਵੱਲੋਂ ਗ੍ਰੈਜੂਏਸ਼ਨ ਸੈਰੇਮਨੀ ਸਬੰਧੀ ਮਾਪਿਆਂ ਅਤੇ ਸਮੁਦਾਇ ਨੂੰ ਬਾਕਾਇਦਾ ਸੱਦਾ ਪੱਤਰ ਦਿੱਤਾ ਗਿਆ ਹੈ। ਸਕੂਲਾਂ ਵੱਲੋਂ ਇਸ ਸਬੰਧੀ ਬੈਨਰ, ਪੋਸਟਰ ਆਦਿ ਛਪਾਈ ਤੋਂ ਇਲਾਵਾ ਸਾਂਝੀਆਂ ਥਾਵਾਂ ਤੋਂ ਘੋਸ਼ਣਾ ਕਰਵਾ ਕੇ ਅਤੇ ਘਰ-ਘਰ ਜਾਕੇ ਮਾਪਿਆਂ ਅਤੇ ਸਮੁਦਾਇ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਮਾਪਿਆਂ ਤੋਂ ਇਲਾਵਾ ਸਮੂਹ ਸਕੂਲ ਮੁਖੀ, ਸੈਂਟਰ ਸਕੂਲ ਮੁਖੀ, ਨੇੜਲੇ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਿੰਸੀਪਲ, ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਤੇ ਪਤਵੰਤੇ ਸੱਜਣ ਵੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨਗੇ। ਅਧਿਆਪਕਾਂ ਵੱਲੋਂ ਇਸ ਪ੍ਰੋਗਰਾਮ ਦੀ ਆਮਦ ਸਦਕਾ ਆਪਣੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਰੰਗਦਾਰ ਚਾਰਟਾਂ, ਪ੍ਰੀ-ਸਕੂਲ ਮਟੀਰੀਅਲ, ਰੰਗ-ਬਿਰੰਗੇ ਖਿਡੌਣਿਆਂ, ਗੇਂਦਾਂ, ਕਹਾਣੀਆਂ ਦੀਆਂ ਕਿਤਾਬਾਂ, ਕਲੇਅ, ਬੱਚਿਆਂ ਵੱਲੋਂ ਕੀਤੀਆਂ ਡਰਾਇੰਗ ਗਤੀਵਿਧੀਆਂ, ਪੋਸਟਰਾਂ ਅਤੇ ਵਿਭਿੰਨ ਤਸਵੀਰਾਂ ਦੁਆਰਾ ਸਜਾਇਆ ਗਿਆ ਹੈ। ਅਧਿਆਪਕਾਂ ਵੱਲੋਂ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦੇ ਰਿਪੋਰਟ ਕਾਰਡ ਭਰੇ ਗਏ ਹਨ ਤਾਂ ਕਿ ਮਾਪੇ ਆਪਣੇ ਨੰਨ੍ਹੇ-ਮੁੰਨ੍ਹਿਆਂ ਦੀ ਕਾਰਗੁਜ਼ਾਰੀ ਤੋਂ ਜਾਣੂ ਹੋ ਸਕਣ। ਅਧਿਆਪਕਾਂ ਵੱਲੋਂ ਬੱਚਿਆਂ ਦੀ ਫੋਟੋ ਲਈ ਫੋਟੋ ਬੂਥ ਅਤੇ ਸੈਲਫ਼ੀ ਪੁਆਇੰਟ ਵੀ ਬਣਾਏ ਗਏ ਹਨ।
ਵਿਭਾਗੀ ਦਿਸ਼ਾ-ਨਿਰਦੇਸ਼ਾਂ ਤਹਿਤ ਇਸ ਪ੍ਰੋਗਰਾਮ ਨੂੰ ਦਿਲਚਸਪ ਅਤੇ ਯਾਦਗਾਰ ਬਣਾਉਣ ਲਈ ਮਾਪਿਆਂ ਅਤੇ ਸਮੁਦਾਇ ਲਈ ਵਿਭਿੰਨ ਰੌਚਕ ਗਤੀਵਿਧੀਆਂ ਜਿਵੇਂ ਮਿਊਜ਼ੀਕਲ ਚੇਅਰ, ਨਿੰਬੂ ਚਮਚ ਦੌੜ ਅਤੇ ਬੈਲੂਨ ਗੇਮਜ਼ ਆਦਿ ਦਾ ਆਯੋਜਨ ਵੀ ਇਸ ਪ੍ਰੋਗਰਾਮ ਦਾ ਖਿੱਚ ਦਾ ਕੇਂਦਰ ਬਣੇਗਾ। ਜੇਤੂ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਮੁਦਾਇ ਨੂੰ ਮੈਡਲ , ਪ੍ਰਸੰਸਾ ਪੱਤਰ ਦੇਕੇ ਸਨਮਾਨਿਤ ਵੀ ਕੀਤਾ ਜਾਵੇਗਾ ।
ਇਸ ਤੋਂ ਇਲਾਵਾ ਇਸ ਦਿਨ ਨਵੇਂ ਵਿਦਿਆਰਥੀਆਂ ਦਾ ਰਸਮੀ ਤੌਰ ‘ਤੇ ਅਗਲੀ ਜਮਾਤ ਵਿੱਚ ਦਾਖ਼ਲਾ ਕਰਨ, ਗ੍ਰੈਜੂਏਸ਼ਨ ਪਾਸ ਨੰਨ੍ਹੇ ਵਿਦਿਆਰਥੀ ਦੀ ਹੌਂਸਲਾ ਅਫ਼ਜਾਈ ਵਿੱਚ ਅਧਿਆਪਕ ਵੱਲੋਂ ਦੋ ਤਿੰਨ ਸਤਰਾਂ ਬੋਲਣਾ, ਮਾਪਿਆਂ ਅਤੇ ਸਮੁਦਾਇ ਨੂੰ ਸਕੂਲੀ ਗਤੀਵਿਧੀਆਂ ਬਾਰੇ ਜਾਣੂ ਕਰਵਾਉਣਾ, ਸਕੂਲ ਕੈਂਪਸ ਅਤੇ ਪ੍ਰੀ ਪ੍ਰਾਇਮਰੀ ਜਮਾਤਾਂ ਦੀ ਵਿਜ਼ਿਟ ਕਰਵਾਉਣਾ ਆਦਿ ਐਕਟੀਵਿਟੀਜ਼ ਵੀ ਕੀਤੀਆਂ ਜਾਣਗੀਆਂ ।