ਸਿੱਖਿਆ ਵਿਭਾਗ ਪੰਜਾਬ ਵੱਲੋਂ ਦਾਖ਼ਲਾ ਮੁਹਿੰਮ 2022-23 ਦਾ ਉਤਸ਼ਾਹ ਵਧਾਉਣ ਲਈ ਨਿਵੇਕਲੇ ਕਾਰਜ ਜਾਰੀ
ਐੱਸ.ਏ.ਐੱਸ. ਨਗਰ 25 ਮਾਰਚ ( )
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਬੱਚਿਆਂ ਦੇ ਨਵੇਂ ਦਾਖ਼ਲਿਆਂ ਲਈ ਸੈਸ਼ਨ 2022-23 ਲਈ ਦਾਖ਼ਲਾ ਮੁਹਿੰਮ ‘ਈਚ ਵਨ ਬਰਿੰਗ ਵਨ’ ਚਲਾਈ ਗਈ ਹੈ। ਇਸ ਲਈ ਸੋਸ਼ਲ਼ ਮੀਡੀਆ ‘ਤੇ ਜਾਗਰੂਕਤਾ ਲਈ ਵਿਭਾਗ ਵੱਲੋਂ ਦਾਖ਼ਲਾ ਮੁਹਿੰਮ ਲੋਗੋ ਦੀ ਡੀਪੀ ਵਟਸਐਪ, ਫੇਸਬੁੱਕ, ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਲਗਾਉਣ ਲਈ ਸਾਂਝੀ ਕੀਤੀ ਗਈ ਹੈ। ਜਿਕਰਯੋਗ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਜ਼ਿਲ੍ਹਾ ਅਤੇ ਬਲਾਕ ਸਿੱਖਿਆ ਅਫ਼ਸਰ, ਪ੍ਰਿੰਸੀਪਲ, ਮੁੱਖ ਅਧਿਆਪਕ, ਅਧਿਆਪਕ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਸਵੈ-ਇੱਛਾ ਨਾਲ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖ਼ਲੇ ਕਰਵਾਉਣ ਲਈ ਮਾਪਿਆਂ ਨੂੰ ਸਰਵਜਨਿਕ ਅਤੇ ਧਾਰਮਿਕ ਸਥਾਨਾਂ ਤੋਂ ਅਨਾਉਂਸਮੈਂਟ ਕਰ ਰਹੇ ਹਨ ਜਿਸ ਨੂੰ ਆਮ ਜਨਤਾ ਵੱਲੋਂ ਸਰਾਹਿਆ ਵੀ ਜਾ ਰਿਹਾ ਹੈ। ਇਸਤੋਂ ਇਲਾਵਾ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਘਰ-ਘਰ ਜਾ ਕੇ ਵੀ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦਾ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।