ਪੰਜਾਬ ਨਾਲ ਧੋਖ਼ਾ ਹੈ ਮੁੱਖ ਮੰਤਰੀ ਚੰਨੀ ਅਤੇ ਕੈਪਟਨ ਦੀ ਅਮਿਤ ਸ਼ਾਹ ਨਾਲ ਮੁਲਾਕਾਤ: ਹਰਪਾਲ ਚੀਮਾ
-ਕਿਹਾ, ਬੀਬੀਐਮਬੀ ਅਤੇ ਚੰਡੀਗੜ ‘ਚੋ ਹਿੱਸੇਦਾਰੀ ਖ਼ਤਮ ਕਰਨ ‘ਤੇ ਚੰਨੀ, ਕੈਪਟਨ ਅਤੇ ਢੀਂਡਸਾ ਨੇ ਕਿਉਂ ਧਾਰੀ ਰੱਖੀ ਚੁੱਪ
ਚੰਡੀਗੜ, 8 ਮਾਰਚ 2022
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਰਜਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ ਨੂੰ ‘ਪੰਜਾਬ ਨਾਲ ਧੋਖ਼ਾ’ ਦਿੰਦਿਆਂ ਕਿਹਾ ਕਿ ਕਾਂਗਰਸ, ਕੈਪਟਨ, ਭਾਰਤੀ ਜਨਤਾ ਪਾਰਟੀ ਅਤੇ ਬਾਦਲਾਂ ਨੇ ਹਮੇਸ਼ਾਂ ਪੰਜਾਬ ਵਿਰੋਧੀ ਨੀਤੀਆਂ ਅਤੇ ਸਾਜਿਸ਼ਾਂ ਲਾਗੂ ਕੀਤੀਆਂ ਹਨ। ਚੀਮਾ ਨੇ ਦੋਸ਼ ਲਾਇਆ ਕਿ ਚੰਨੀ ਅਤੇ ਕੈਪਟਨ ਦੀ ਅਮਿਤ ਸ਼ਾਹ ਨਾਲ ਭਾਖੜਾ ਬਿਆਸ ਪ੍ਰਬੰਧਕੀ ਕਮੇਟੀ ਅਤੇ ਚੰਡੀਗੜ ਮਸਲੇ ਬਾਰੇ ਮੁਲਾਕਾਤ ਤਾਂ ਇੱਕ ਬਹਾਨਾ ਹੈ, ਅਸਲ ‘ਚ ਇਹ ਆਗੂ ਰਲਮਿਲ ਕੇ ਪੰਜਾਬ ‘ਚ ‘ਆਪ’ ਦੀ ਸਰਕਾਰ ਦਾ ਰਾਹ ਰੋਕਣ ਲਈ ਚਾਰਾਜ਼ੋਈ ਕਰ ਰਹੇ ਹਨ।
ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਅਤੇ ਚੰਡੀਗੜ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਨ ਦੇ ਮਾਮਲੇ ਪਿਛਲੇ ਕਾਫ਼ੀ ਦਿਨਾਂ ਤੋਂ ਲੋਕਾਂ ਸਾਹਮਣੇ ਹਨ, ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾ ਦੇ ਪਰਦੇ ‘ਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਲਗਾਤਾਰ ਪੰਜਾਬ ਵਿਰੋਧੀ ਫ਼ੈਸਲੇ ਅਮਲ ਵਿੱਚ ਲਿਆਂਦੇ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਕੇਂਦਰ ਦੀਆਂ ਪੰਜਾਬ ਵਿਰੁੱਧ ਧੱਕੇਸ਼ਾਹੀਆਂ ਖ਼ਿਲਾਫ਼ ਮੂੰਹ ਨਹੀਂ ਖੋਲਿਆਂ, ਸਗੋਂ ਇਨਾਂ ਆਗੂਆਂ ਨੇ ਰਹਿਸਮਈ ਚੁੱਪ ਧਾਰ ਰੱਖੀ। ਹੁਣ ਜਦੋਂ ਸਾਰੇ ਚੋਣ ਸਰਵੇਖਣ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਹੇ ਹਨ ਤਾਂ ਇਹ ਰਿਵਾਇਤੀ ਪਾਰਟੀਆਂ ਦੇ ਆਗੂ ਮੁੱੜ ਪੰਜਾਬ ਅਤੇ ਆਮ ਆਦਮੀ ਪਾਰਟੀ ਵਿਰੁਧ ਸਾਜ਼ਿਸ਼ਾਂ ਕਰਨ ਲਈ ਇੱਕਠੇ ਹੋ ਰਹੇ ਹਨ।
ਚੀਮਾ ਨੇ ਕਿਹਾ ਕਿ ਜੇ ਮੁੱਖ ਮੰਤਰੀ ਚੰਨੀ ਨੇ ਪੰਜਾਬ ਦੇ ਮੁੱਦਿਆਂ ਬਾਰੇ ਅਮਿਤ ਸ਼ਾਹ ਨਾਲ ਗੱਲ ਕੀਤੀ ਹੈ ਤਾਂ ਜਿਹੜਾ ਮਸਲਾ ਹੱਲ ਕਰਵਾਇਆ ਹੈ ਉਸ ਦੀ ਜਾਣਕਾਰੀ ਪੰਜਾਬਵਾਸੀਆਂ ਨੂੰ ਦੇਣ, ਕਿਉਂਕਿ ਪਿਛਲੀ ਮੁਲਾਕਾਤ ਦੌਰਾਨ ਮੁੱਖ ਮੰਤਰੀ ਚੰਨੀ ਅਮਿਤ ਸ਼ਾਹ ਨਾਲ ਬੈਠਕ ਕਰਕੇ ਅੱਧਾ ਪੰਜਾਬ ਕੇਂਦਰ ਸਰਕਾਰ ਹਵਾਲੇ ਕਰ ਆਏ ਸਨ ਅਤੇ ਬੀ.ਐਸ.ਐਫ ਨੇ ਭਾਰਤ- ਪਾਕਿਸਤਾਨ ਸਰਹੱਦ ਤੋਂ ਲੈ ਕੇ 50 ਕਿਲੋਮੀਟਰ ਤੱਕ ਦੇ ਪੰਜਾਬ ਨੂੰ ਆਪਣੇ ਕਬਜ਼ੇ ‘ਚ ਕਰ ਲਿਆ ਹੈ। ਉਨਾਂ ਕਿਹਾ ਕਿ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਮੁੱਖ ਮੰਤਰੀ ਚੰਨੀ ਸਮੇਤ ਕੈਪਟਨ ਅਮਰਿੰਦਰ ਸਿੰਘ ਦੀਆਂ ਬਾਂਹਾਂ ਮਰੋੜੀਆਂ ਹੋਈਆਂ ਹਨ ਅਤੇ ਇਹ ਆਗੂ ਆਪਣੇ ਆਪ ਨੂੰ ਬਚਾਉਣ ਲਈ ਮੋਦੀ ਸਰਕਾਰ ਦੇ ਪੰਜਾਬ ਵਿਰੋਧੀ ਫ਼ੈਸਲਿਆਂ ‘ਤੇ ਚੁੱਪ ਵੱਟੀ ਬੈਠੇ ਰਹੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਆਕਲੀ ਦਲ ਬਾਦਲ ਦਾ ਉਦੇਸ਼ ਪੰਜਾਬ ਵਿੱਚ ਸੱਤਾ ਬਣਾ ਕੇ ਰੱਖਣਾ ਹੈ, ਇਸ ਲਈ ਕਾਂਗਰਸ, ਭਾਜਪਾ ਅਤੇ ਕੈਪਟਨ ‘ਆਪ’ ਵਿਰੋਧੀ ਗਠਜੋੜ ਕਰਨ ਲਈ ਰਲਮਿਲ ਗਏ ਹਨ। ਪਰ ਪੰਜਾਬ ਦੇ ਲੋਕਾਂ ਨੇ ਇਨਾਂ ਰਿਵਾਇਤੀ ਪਾਰਟੀਆਂ ਦੇ ਪੰਜਾਬ ਵਿਰੋਧੀ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ। ਚੀਮਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਇੱਕ ਤਰਫ਼ਾ ਵੋਟ ਪਾ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਹੈ, ਜਿਸ ਦੀ ਪੁਸ਼ਟੀ ਸਾਰੇ ਚੋਣ ਸਰਵੇਖਣ ਕਰ ਰਹੇ ਹਨ। ਪਰ 10 ਮਾਰਚ ਨੂੰ ਆਉਣ ਵਾਲੇ ਨਤੀਜੇ ਹੋਰ ਵੀ ਹੈਰਾਨੀਜ਼ਨਕ ਹੋਣਗੇ, ਜੋ ‘ਆਪ’ ਦਾ ਝੰਡਾ ਦਿੱਲੀ ਦੀ ਤਰਾਂ ਬੁਲੰਦ ਕਰਨਗੇ।