ਅਕਾਲੀ ਦਲ ਨੇ ਮੁੱਖ ਮੰਤਰੀ ਵੱਲੋਂ ਕੀਤਾ ਜਾ ਰਿਹਾ ਬਹੁ ਸੈਂਕੜੇ ਕਰੋੜੀ ਗੈਰ ਕਾਨੁੰਨੀ ਰੇਤ ਮਾਇਨਿੰਗ ਘੁਟਾਲਾ ਕੀਤਾ ਬੇਨਕਾਬ
ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਤੇ ਉਹਨਾਂ ਦੇ ਭਾਣਜੇ ਜਿਸ ਤੋਂ 10 ਕਰੋੜ ਰੁਪਏ ਨਗਦ ਬਰਾਮਦ ਹੋਏ, ਦਰਮਿਆਨ ਵਪਾਰਕ ਸਾਂਝ ਦੇ ਸਬੂਤ ਕੀਤੇ ਜਨਤਕ
ਮੁੱਖ ਮੰਤਰੀ ਦੇ ਹਲਕੇ ਚਮਕੌਰ ਸਾਹਿਬ ਵਿਚ ਜੰਗਲਾਤ ਦੀ ਜ਼ਮੀਨ ਸਮੇਤ ਕੀਤੀ ਜਾ ਰਹੀ ਗੈਰ ਕਾਨੂੰਨੀ ਮਾਇਨਿੰਗ ਦੀ ਸੀ ਬੀ ਆਈ ਜਾਂਚ ਮੰਗੀ
ਕਿਹਾ ਕਿ ਇਹ ਵੀ ਜਾਂਚ ਹੋਵੇ ਕਿ ਇਸ ਅਪਰਾਧ ਵਿਚੋਂ ਹਿੱਸਾ ਏ ਆਈ ਸੀ ਸੀ ਸਮੇਤ ਕਿਵੇਂ ਵੰਡਿਆ ਗਿਆ
ਚੰਡੀਗੜ੍ਹ, 22 ਜਨਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚਲਾਏ ਜਾ ਰਹੇ ਬਹੁ ਸੈਂਕੜੇ ਕਰੋੜੀ ਰੇਤ ਮਾਇਨਿੰਗ ਘੁਟਾਲੇ ਨੁੰ ਇਕ ਸਟਿੰਗ ਅਪਰੇਸ਼ਨ ਰਾਹੀਂ ਬੇਨਕਾਬ ਕਰ ਦਿੱਤਾ ਤੇ ਮੰਗ ਕੀਤੀ ਕਿ ਚੰਨੀ ਦੇ ਜੱਦੀ ਹਲਕੇ ਚਮਕੌਰ ਸਾਹਿਬ ਵਿਚ ਜੰਗਲਾਤ ਦੀ ਜ਼ਮੀਨ ਸਮੇਤ ਕੀਤੀ ਜਾ ਰਹੀ ਗੈਰ ਕਾਨੂੰਨੀ ਮਾਇਨਿੰਗ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇ।
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਜਿਹਨਾਂ ਨੇ ਆਡੀਓ ਰਿਕਾਰਡਿੰਗ ਜਿਹਨਾਂ ਰਾਹੀਂ ਮੁੱਖ ਮੰਤਰੀ ਦੀ ਸ਼ਮੂਲੀਅਤ ਸਿੱਧੀ ਸਾਬਤ ਹੁੰਦੀ ਹੈ, ਸਮੇਤ ਸਬੂਤ ਪੇਸ਼ ਕਰ ਕੇ ਇਸ ਬਹੁ ਸੈਂਕੜੇ ਕਰੋੜੀ ਘੁਟਾਲੇ ਦਾ ਪਰਦਾਫਾਸ਼ ਕੀਤਾ, ਨੇ ਕਿਹਾ ਕਿ ਸਿਰਫ ਨਿਰਪੱਖ ਜਾਂਚ ਹੀ ਇਹ ਸਾਬਤ ਕਰ ਸਕਦੀ ਹੈ ਕਿ ਕਿਸ ਹੱਦ ਤੱਕ ਮੁੱਖ ਮੰਤਰੀ ਤੇ ਉਹਨਾਂ ਦੇ ਪਰਿਵਾਰ ਨੇ ਆਪਣੇ ਨਿੱਜੀ ਗੈਰ ਕਾਨੁੰਨੀ ਰੇਤ ਮਾਇਨਿੰਗ ਦੇ ਧੰਦੇ ਨਾਲ ਸਰਕਾਰੀ ਖ਼ਜ਼ਾਨੇ ਦੀ ਲੁੱਟ ਕੀਤੀ। ਉਹਨਾਂ ਕਿਹਾ ਕਿ 111 ਦਿਨਾਂ ਦੇ ਕਾਰਜਕਾਲ ਦੌਰਾਨ ਚੰਨੀ ਵੱਲੋਂ ਕੀਤੀ ਕੁੱਲ ਲੁੱਟ 1,111 ਕਰੋੜ ਰੁਪਏ ਤੋਂ ਜ਼ਿਆਦਾ ਹੋਵੇਗੀ।
ਰਿਕਾਰਡਿੰਗਾਂ ਤੋਂ ਇਹ ਸਾਬਤ ਹੋ ਗਿਆ ਕਿ ਮੁੱਖ ਮੰਤਰੀ ਤੇ ਉਹਨਾਂ ਦੇ ਭਾਣਜੇ ਭੁਪਿੰਦਰ ਹਨੀ ਜਿਸਦੇ ਘਰੋਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਹਾਲ ਹੀ ਵਿਚ 10 ਕਰੋੜ ਰੁਪਏ ਨਗਦ ਤੇ ਵੱਡੀ ਮਾਤਰਾ ਵਿਚ ਸੋਨਾ ਬਰਾਮਦ ਕੀਤਾ, ਵਿਚਾਲੇ ਗੈਰ ਕਾਨੁੰਨੀ ਰੇਤ ਮਾਇਨਿੰਗ ਦੇ ਮਾਮਲੇ ਵਿਚ ਭਾਈਵਾਲੀ ਹੈ। ਇਹਨਾਂ ਤੋਂ ਇਹ ਵੀ ਸਾਬਤ ਹੋ ਗਿਆ ਕਿ ਚੰਨੀ ਵੱਲੋਂ ਇਹ ਦਾਅਵਾ ਕਰਨਾ ਕਿ ਉਹਨਾਂ ਨੁੰ ਆਪਣੇ ਭਾਣਜੇ ਦੀਆਂ ਗਤੀਵਿਧੀਆਂ ਦਾ ਪਤਾ ਨਹੀਂ, ਕੋਰਾ ਝੂਠ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਵਿਚ ਇਹ ਸਨਸਨੀਖੇਜ ਖੁਲ੍ਹਾਸਾ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਦੇ ਨਜ਼ਦੀਕੀ ਸਾਥੀ ਤੇ ਸਲਾਪੁਰ ਪਿੰਡ ਦੇ ਸਰਪੰਚ ਇਕਬਾਲ ਸਿੰਘ ਤੇ ਉਸਦੇ ਪੁੱਤਰ ਬਿੰਦਰ ਦੀਆਂ ਆਡੀਓ ਰਿਕਾਰਡਿੰਗ ਵੀ ਜਾਰੀ ਕੀਤੀਆਂ ਜਿਸ ਵਿਚ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਦੇ ਆਸ਼ੀਰਵਾਦ ਨਾਲ ਹੀ ਇਹ ਸਾਰਾ ਗੈਰ ਕਾਨੁੰਨੀ ਰੇਤ ਮਾਇਨਿੰਗ ਦਾ ਧੰਦਾ ਚਲਾਇਆ ਜਾ ਰਿਹਾ ਹੈ। ਇਹ ਆਡੀਓ ਰਿਕਾਰਡਿੰਗਜ਼ ਜੋ ਦਰਸ਼ਨ ਸਿੰਘ ਨਾਂ ਦੇ ਵਿਅਕਤੀ ਵੱਲੋਂ ਕੀਤੀਆਂ ਗਈਆਂ, ਵਿਚ ਇਕਬਾਲ ਸਿੰਘ ਇਹ ਕਹਿੰਦਾ ਸੁਣਾਈ ਦਿੰਦਾ ਹੈ ਕਿ ਮੁੱਖ ਮੰਤਰੀ ਨੇ ਉਸਨੂੰ ਕਿਹਾ ਹੈ ਕਿ ਡਰਨ ਦੀ ਕੋਈ ਲੋੜ ਨਹੀਂ ਤੇ ਜੰਗਲਾਤ ਦੀ ਜ਼ਮੀਨ ’ਤੇ ਵੀ ਮਾਇਨਿੰਗ ਕੀਤੀ ਜਾਵੇ। ਦਰਸ਼ਨ ਸਿੰਘ ਨੇ ਇਸ ਸਾਰੇ ਘੁਟਾਲੇ ਨੂੰ ਬੇਨਕਾਬ ਕਰਨ ਵਾਸਤੇ ਰੇਤ ਮਾਫੀਆ ਨਾਲ ਸਾਂਝ ਪਾ ਕੇ ਇਹ ਰਿਕਾਰਡਿੰਜ਼ ਕੀਤੀਆਂ ਹਨ। ਇਹ ਵੀ ਸਾਹਮਣੇ ਆਇਆ ਕਿ ਕਿਵੇਂ ਇਕ ਜੰਗਲਾਤ ਗਾਰਡ ਜਿਸਨੇ ਜੰਗਲਾਤ ਦੀ ਜ਼ਮੀਨ ’ਤੇ ਮਾਇਨਿੰਗ ਦਾ ਵਿਰੋਧ ਕੀਤਾ, ਦੀ ਬਦਲੀ ਕਰਵਾ ਕੇ ਉਸਨੁੰ ਚੁੱਪ ਕਰਵਾ ਦਿੱਤਾ ਗਿਆ। ਰਿਕਾਰਡਿੰਗਜ਼ ਵਿਚ ਇਹ ਵੀ ਸਾਹਮਣੇਆਇਆ ਕਿ ਮਾਫੀਆ ਦਰਿਆ ਵਿਚੋਂ ਰੇਤ ਕੱਢਣ ਵਾਸਤੇ ਕਿਸ਼ਤੀਆਂ ਤੇ ਪੋਰਕ ਮਸ਼ੀਨਾਂ ਦੀ ਵਰਤੋਂ ਵੀ ਕਰ ਰਿਹਾ ਸੀ।
ਆਡੀਓ ਰਿਕਾਰਡਿੰਗਜ਼ ਦੇ ਮੁਤਾਬਕ ਇਕਬਾਲ ਸਿੰਘ ਨੇ ਕਿਹਾ ਕਿ ਸਬੰਧਤ ਡੀ ਐਫ ਓ ਨੇ ਉਸਨੂੰ ਆਖਿਆ ਹੈ ਕਿ ਉਹ ਸਾਰੇ ਡਰਾਈਵਰਾਂ ਨੁੰ ਉਸਦਾ ਨੰਬਰ ਦੇ ਦੇਣ ਤਾਂ ਜੋ ਉਹ ਯਕੀਨੀ ਬਣਾ ਸਕੇ ਕਿ ਜੰਗਲਾਤ ਦੀ ਜ਼ਮੀਨ ਵਿਚੋਂ ਰੇਤਾ ਕੱਢਣ ਵਿਚ ਕੋਈ ਮੁਸ਼ਕਿਲ ਨਾ ਆਵੇ। ਇਹ ਵੀ ਖੁਲ੍ਹਾਸਾ ਹੋਇਆ ਕਿ ਰੇਤ ਮਾਇਨਿੰਗ ਵਿਚੋਂ 1.50 ਰੁਪਏ ਪ੍ਰਤੀ ਫੁੱਟ ਹਿੱਸਾ ਚੰਨੀ ਨੁੰ ਜਾ ਰਿਹਾ ਹੈ। ਰਿਕਾਰਡਿੰਗਜ਼ ਤੋਂ ਇਹ ਵੀਸਾਬਤ ਹੋਇਆ ਕਿ ਜੰਮੂ ਦਾ ਰਾਕੇਸ਼ ਚੌਧਰੀ ਇਸ ਮਾਫੀਆ ਦਾ ਸਰਗਨਾ ਹੈ।
ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਰਿਕਾਰਡਿੰਗਜ਼ ਤੋਂ ਸਾਬਤ ਹੋ ਗਿਆ ਹੈ ਕਿ ਚੰਨੀ, ਕਾਂਗਰਸ ਅਤੇ ਭ੍ਰਿਸ਼ਟਾਚਾਰ ਇਕੋ ਨਾਂ ਹਨ। ਉਹਨਾਂ ਕਿਹਾ ਕਿ ਇਹ ਵੀ ਯਕੀਨੀ ਹੈ ਕਿ ਇਸ ਗੈਰ ਕਾਨੂੰਨੀ ਧੰਦੇ ਦਾ ਹਿੱਸਾ ਏ ਆਈ ਸੀ ਸੀ ਨੂੂੰ ਵੀ ਜਾ ਰਿਹਾ ਹੈ ਤੇ ਕਿਸੇ ਕਾਰਨ ਕਾਂਗਰਸ ਹਾਈ ਕਮਾਂਡ ਤੇ ਹਰੀਸ਼ ਚੌਧਰੀ ਵਰਗੇ ਆਗੂ ਇਹ ਕਹਿ ਕੇ ਚੰਨੀ ਦਾ ਬਚਾਅ ਕਰ ਰਹੇ ਹਨ ਕਿ ਉਸਨੁੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਕਾਂਗਰਸ ਪਾਰਟੀ ਭੁਪਿੰਦਰ ਹਨੀ ਜੋ ਮੁੱਖ ਮੰਤਰੀ ਦਾ ਭਾਣਜਾ ਇਹ ਗੈਰ ਕਾਨੁੰਨੀ ਰੇਤ ਮਾਇਨਿੰਗ ਦਾ ਧੰਦਾ ਚਲਾ ਰਿਹਾ ਹੈ, ਦੇ ਬਚਾਅ ਵਿਚ ਨਿੱਤਰ ਆਈ ਹੈ ਤੇ ਇਸ ਤੋਂ ਸਾਬਤ ਹੁੰਦਾ ਹੈ ਕਿ ਹਨੀ ਤੇ ਚੰਨੀ ਪੈਸੇ ਦੇ ਬਲਬੂਤੇ ਏ ਆਈ ਸੀ ਸੀ ਦੀ ਸਰਪ੍ਰਸਤੀ ਲੈ ਰਹੇ ਹਨ। ਇਸ ਸਾਰੇ ਪਹਿਲੂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਮਜੀਠੀਆ ਨੇ ਹਨੀ ਦੀ ਚੰਨੀ ਨਾਲ ਨੇੜਤਾ ਸਾਬਤ ਕਰਨ ਵਾਸਤੇ ਉਹਨਾਂ ਦੇ ਕਈ ਸਰਕਾਰੀ ਫੇਸਬੁੱਕ ਪੇਜਾਂ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਹਨੀ ਨੂੰ ਬਲੈਕ ਕੈਟ ਕਮਾਂਡੋ ਦੀ ਸੁਰੱਖਿਆ ਤੇ ਇਕ ਜਿਪਸੀ ਐਸਕਾਰਡ ਵਾਸਤੇ ਮਿਲੀ ਹੈ। ਉਹਨਾਂ ਨੇ ਤਸਵੀਰਾਂ ਵਿਖਾ ਕੇ ਸਾਬਤ ਕੀਤਾ ਕਿ ਹਨੀ ਆਪਣੀ ਗੱਡੀ ’ਤੇ ਲਾਲ ਬੱਤੀ ਤੇ ਐਮ ਐਲ ਏ ਦੇ ਸਟਿੱਕਰ ਦੀ ਵਰਤੋਂ ਕਰ ਰਿਹਾ ਹੈ।
ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਕੋਲ ਹੀ ਮਾਇਨਿੰਗ ਤੇ ਵਾਤਾਵਰਣ ਵਿਭਾਗ ਦਾ ਚਾਰਜ ਹੈ ਤੇ ਇਹ ਹਿੱਤਾਂ ਦੇ ਟਕਰਾਅ ਦਾ ਕੇਸ ਹੈ ਤੇ ਹੁਣ ਸ੍ਰੀ ਚੰਨੀ ਨੁੰ ਆਪਣੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।