100 ਦਿਨ 100 ਮਸਲੇ ਹੱਲ , ਮਸਲਾ ਨੰਬਰ 51 ਬਣਿਆ ਵੱਡਾ ਮਸਲਾ
ਮੁੱਖ ਮੰਤਰੀ ਚੰਨੀ ਨੇ ਲਿਆ ਵੱਡਾ ਫੈਸਲਾ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 100 ਦਿਨ ਵਿਚ 100 ਮਸਲੇ ਹੱਲ ਕਰਨ ਤੇ ਅੱਜ ਮੰਤਰੀ ਮੰਡਲ ਦੀ ਬੈਠਕ ਦੌਰਾਨ ਕੇਕ ਕੱਟ ਕੇ ਨਵਾਂ ਸਾਲ ਦਾ ਸੁਭ ਆਰੰਭ ਕੀਤਾ ਹੈ । ਮੁੱਖ ਮੰਤਰੀ ਚੰਨੀ ਵਲੋਂ ਜੋ 100 ਫੈਸਲੇ ਲਏ ਗਏ ਹਨ , ਉਸ ਨੂੰ ਲੈ ਕੇ ਇਕ ਕਿਤਾਬ ਤਿਆਰ ਕੀਤੀ ਗਈ ਹੈ । 100 ਪੰਨੇ ਦੀ ਇਸ ਕਿਤਾਬ ਵਿਚ ਇਕ -ਇਕ ਮਸਲੇ ਦਾ ਜਿਕਰ ਕੀਤਾ ਕੀਤਾ ਗਿਆ ਹੈ । ਲੇਕਿਨ ਮਸਲਾ ਨੰਬਰ 51 ਸਰਕਾਰ ਲਈ ਸਿਰਦਰਦੀ ਬਣ ਗਿਆ ਹੈ । ਜਿਸ ਨੇ ਮੁੱਖ ਮੰਤਰੀ ਚੰਨੀ ਨੂੰ ਕਾਫੀ ਪ੍ਰੇਸ਼ਾਨ ਕਰ ਦਿੱਤਾ ਹੈ । ਜਿਸ ਦੇ ਚਲਦੇ ਮੁੱਖ ਮੰਤਰੀ ਨੂੰ ਵੱਡਾ ਫੈਸਲਾ ਲੈਣਾ ਪਿਆ ਹੈ । ਕਿਤਾਬ ਵਿਚ ਮਸਲਾ ਨੰਬਰ 51 ਤੇ ਕਿਹਾ ਗਿਆ ਹੈ ਕਿ ਠੇਕੇ ਤੇ ਰੱਖੇ ਕਰਮਚਾਰੀਆਂ ਨੂੰ ਪੱਕਾ ਕੀਤਾ ਗਿਆ ਹੈ ਪਰ ਇਹ ਮਸਲਾ ਹੱਲ ਨਹੀਂ ਹੋਇਆ ਹੈ ।
ਮਸਲਾ ਨੰਬਰ 51 ਹੱਲ ਨਾ ਹੋਣ ਦਾ ਠੀਕਰਾ ਮੁੱਖ ਮੰਤਰੀ ਚੰਨੀ ਨੇ ਪੰਜਾਬ ਦੇ ਰਾਜਪਾਲ ਦੇ ਸਿਰ ਭੰਨਿਆ ਹੈ ਕਿ ਦਿੱਲੀ ਦੀ ਭਾਜਪਾ ਦੇ ਦਬਾਅ ਅਧੀਨ ਰਾਜਪਾਲ ਫਾਇਲ ਕਲੀਅਰ ਨਹੀਂ ਕਰ ਰਹੇ ਹਨ ਪੰਜਾਬ ਦੇ ਰਾਜਪਾਲ ਨੂੰ ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਫਾਈਲ ਨੂੰ ਕਲੀਅਰ ਕਰਨ ਵਿਚ ਜਾਣਬੁੱਝ ਕੇ ਅਤੇ ਬੇਲੋੜੀ ਦੇਰੀ ਕਰਨ ਲਈ ਜਿੰਮੇਵਾਰ ਠਹਿਰਾਉਂਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਥੇ ਕਿਹਾ ਕਿ ਰਾਜਪਾਲ ਸੂਬੇ ਦੇ ਸੰਵਿਧਾਨਕ ਮੁਖੀ ਹੋਣ ਦੇ ਬਾਵਜੂਦ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਹਨ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇਣ ਉਪਰੰਤ ਕਿਹਾ ਕਿ ਮੁੱਖ ਸਕੱਤਰ ਅਤੇ ਉਹ (ਮੁੱਖ ਮੰਤਰੀ) ਖੁਦ ਇਸ ਫਾਈਲ ਨੂੰ ਕਲੀਅਰ ਕਰਵਾਉਣ ਲਈ ਰਾਜਪਾਲ ਨੂੰ ਨਿੱਜੀ ਤੌਰ ‘ਤੇ ਮਿਲ ਚੁੱਕੇ ਹਨ। ਉਨਾਂ ਕਿਹਾ ਕਿ ਪਹਿਲਾਂ ਉਨਾਂ ਨੂੰ ਇਹ ਲਗਦਾ ਸੀ ਕਿ ਰਾਜਪਾਲ ਕਿਤੇ ਹੋਰ ਰੁਝੇ ਹੋਏ ਹਨ, ਪਰ ਹੁਣ ਇਹ ਬਿਲਕੁਲ ਸਪੱਸ਼ਟ ਹੋ ਗਿਆ ਹੈ ਕਿ ਉਹਨਾਂ ਨੇ ਜਾਣਬੁੱਝਕੇ ਫਾਈਲ ਦੱਬੀ ਹੋਈ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਅਨੇਕਾਂ ਕਰਮਚਾਰੀਆਂ ਦੇ ਭਵਿੱਖ ਦਾ ਮਸਲਾ ਹੈ , ਜੋ ਰਾਜ ਸਰਕਾਰ ਵਿੱਚ ਕੰਮ ਕਰਦੇ ਆਪਣੇ ਹੋਰਾਂ ਸਾਥੀਆਂ ਵਾਂਗ ਪੱਕੇ ਹੋਣ ਦਾ ਦਿਨ ਬੜੀ ਬੇਸਬਰੀ ਨਾਲ ਉਡੀਕ ਰਹੇ ਹਨ। ਮੁੱਖ ਮੰਤਰੀ ਚੰਨੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਨੇ ਇਨਾਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਰਾਹ ਪੱਧਰਾ ਕਰਨ ਲਈ ਬੜੀ ਗਹੁ ਨਾਲ ਸਾਰੀਆਂ ਰੂਪ-ਰੇਖਾਵਾਂ ਤਿਆਰ ਕਰਨ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਇਹ ਕਾਨੂੰਨ ਪਹਿਲਾਂ ਹੀ ਪਾਸ ਕਰ ਦਿੱਤਾ ਹੈ।
ਮੁੱਖ ਮੰਤਰੀ ਚੰਨੀ ਨੇ ਬਿਨਾਂ ਕਿਸੇ ਝਿਜਕ ਦੇ ਕਿਹਾ, “ਲੋੜ ਪਈ ਤਾਂ ਉਹ ਠੇਕਾ ਕਰਮੀਆਂ ਦੇ ਜਾਇਜ਼ ਹੱਕਾਂ ਦੀ ਰਾਖੀ ਲਈ ਆਪਣੇ ਕੈਬਨਿਟ ਸਾਥੀਆਂ ਅਤੇ ਪਾਰਟੀ ਵਿਧਾਇਕਾਂ ਸਮੇਤ ਰਾਜ ਭਵਨ ਅੱਗੇ ਧਰਨਾ ਦੇਣ ਤੋਂ ਵੀ ਪਿੱਛੇ ਨਹੀਂ ਹਟਣਗੇ।”