Punjab

ਜ਼ਿਲੇ ’ਚ ਧਾਰਾ 144 ਤਹਿਤ ਵੱਖ-ਵੱਖ ਪਾਬੰਦੀਆਂ ਲਾਗੂ

ਪਾਣੀ ਦੀਆਂ ਟੈਕੀਆਂ ’ਤੇ ਚੜਣ  ’ਤੇ ਪਾਬੰਦੀ ਲਾਈ

ਹੁਕਮ ਰਹਿਣਗੇ 23 ਫ਼ਰਵਰੀ ਤੱਕ ਲਾਗੂ

ਬਠਿੰਡਾ, 29 ਦਸੰਬਰ :  ਜ਼ਿਲ੍ਹਾ ਮੈਜਿਸਟਰੇਟ  ਅਰਵਿੰਦ ਪਾਲ ਸਿੰਘ ਸੰਧੂ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਹੁਕਮ ਅਨੁਸਾਰ ਜ਼ਿਲਾ ਬਠਿੰਡਾ ਦੀ ਹਦੂਦ ਅੰਦਰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਕੁਝ ਲੋਕ ਪਾਣੀ ਦੀਆਂ ਟੈਂਕੀਆਂ ਜਾਂ ਅਜਿਹੀਆਂ ਉਚੀਆਂ ਥਾਵਾਂ ਤੇ  ਚੜ ਜਾਂਦੇ ਹਨ ਜਿਸ ਨਾਲ ਉਹ ਆਪਣੇ ਆਪ ਨੂੰ ਜਾਂ ਆਮ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਤੋ ਇਲਾਵਾ ਕਿਸੇ ਸ਼ਰਾਰਤੀ ਅਨਸਰ ਵਲੋਂ ਟੈਂਕੀਆਂ ਤੇ ਚੜਕੇ ਪੀਣ ਵਾਲੇ ਪਾਣੀ ਵਿਚ ਕੋਈ ਜ਼ਹਿਰੀਲੀ ਜਾਂ ਖ਼ਤਰਨਾਕ ਵਸਤੂ ਸੁੱਟਕੇ ਆਮ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਵਲੋਂ ਪਾਣੀਆਂ ਦੀਆਂ ਟੈਂਕੀਆਂ ’ਤੇ ਚੜਕੇ ਜਾਂ ਅਜਿਹੀਆਂ ਉਚੀਆਂ ਥਾਵਾਂ ’ਤੇ ਚੜਕੇ ਲੁਕ ਕੇ ਭੰਨ ਤੋੜ ਕੀਤੀ ਜਾ ਸਕਦੀ ਹੈ। ਜਾਰੀ ਹੁਕਮਾਂ ਅਨੁਸਾਰ ਉਕਤ ਦੇ ਮੱਦੇਨਜ਼ਰ ਕਾਨੂੰਨ ਅਤੇ ਵਿਵਸਥਾ ਨੂੰ ਸੰਚਾਰੂ ਰੂਪ ਨਾਲ ਚਲਾਉਣ ਲਈ ਕਿਸੇ ਵੀ ਵਿਅਕਤੀ ਦੇ ਪਾਣੀ ਦੀਆਂ ਟੈਕੀਆਂ ’ਤੇ ਚੜਣ ਜਾਂ ਅਜਿਹੀਆਂ ਉਚੀਆਂ ਥਾਵਾਂ ’ਤੇ ਪਾਬੰਦੀ ਲਾਈ ਜਾਂਦੀ ਹੈ।

ਜਾਰੀ ਹੋਰ ਹੁਕਮ ਅਨੁਸਾਰ ਮਿੰਨੀ ਸਕੱਤਰੇਤ, ਬਠਿੰਡਾ ਵਿਚ ਕਾਗਜ਼ ਅਤੇ ਹੋਰ ਕੂੜਾ-ਕਰਕਟ ਨੂੰ ਉਸ ਦੀ ਸਹੀ ਥਾਂ ’ਤੇ ਸੁਟਵਾਉਣ ਦੀ ਹਦਾਇਤ ਕੀਤੀ ਹੈ। ਹੁਕਮ ਮੁਤਾਬਿਕ ਬੀੜੀ, ਸਿਗਰਟ ਦੇ ਟੋਟੇ ਜਾਂ ਹੋਰ ਗੰਦ ਮਿੰਨੀ ਸਕੱਤਰੇਤ ਦੀ ਇਮਾਰਤ ਦੇ ਅੰਦਰ ਨਾ ਸੁੱਟਿਆ ਜਾਵੇ ਅਤੇ ਇਸ ਤੋਂ ਇਲਾਵਾ ਪਾਨ, ਜਰਦਾ ਅਤੇ ਜਰਦੇ ਵਾਲੇ ਗੁਟਖੇ ਆਦਿ ਖਾ ਕੇ ਟੁਆਇਲਟ ਤੋਂ ਬਿਨਾਂ ਕਿਤੇ ਹੋਰ ਨਾ ਥੁੱਕਿਆ ਜਾਵੇ।

ਇੱਕ ਵੱਖਰੇ ਹੁਕਮ ਰਾਹੀਂ ਵਧੀਕ ਜ਼ਿਲਾ ਮੈਜਿਸਟਰੇਟ ਨੇ ਜ਼ਿਲੇ ਅੰਦਰ ਉਲਾਈਵ ਗਰੀਨ ਰੰਗ ਦੀ ਮਿਲਟਰੀ ਵਰਦੀ ਅਤੇ ਉਲਾਈਵ ਗਰੀਨ ਰੰਗ (ਮਿਲਟਰੀ ਰੰਗ) ਦੀਆਂ ਜੀਪਾਂ/ਮੋਟਰਸਾਈਕਲਾਂ/ਮੋਟਰ ਗੱਡੀਆਂ ਦੀ ਵਰਤੋਂ ਦੀ ਮਨਾਹੀ ਕੀਤੀ ਹੈ।

ਜ਼ਿਲਾ ਮੈਜਿਸਟ੍ਰੇਟ ਨੇ ਇੱਕ ਹੋਰ ਹੁਕਮ ਅਨੁਸਾਰ ਪੰਜਾਬ ਵਿਲੇਜ ਅਤੇ ਸਮਾਲ ਟਾਊਨ ਕੰਟਰੋਲ ਐਕਟ 1918 ਦੀ ਧਾਰਾ 3 ਸਬ-ਸੈਕਸ਼ਨ 1 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲੇ ਅੰਦਰ ਪਿੰਡ, ਰੇਲਵੇ ਟਰੈਕ, ਸੂਏ ਅਤੇ ਨਹਿਰਾਂ ਦੇ ਪੁਲ, ਨਹਿਰਾਂ, ਜਨ-ਨਿਕਾਸ ਦੇ ਨਾਲਿਆਂ ਅਤੇ ਸੂਏ/ਰਜਵਾਹੇ, ਆਇਲ ਪਾਈਪ ਲਾਈਨਜ਼ ਆਦਿ ਨਾਲ ਲਗਦੇ ਸਾਰੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਸਾਰੇ ਬਾਲਗ ਆਦਮੀ ਸਾਰੇ ਪਿੰਡਾਂ, ਰੇਲ ਪਟੜੀਆਂ, ਜਲ ਸਪਲਾਈ ਸਕੀਮਾਂ, ਨਹਿਰਾਂ, ਜਲ ਨਿਕਾਸ ਦੇ ਨਾਲਿਆਂ ਅਤੇ ਸੂਏ ਟੁੱਟਣ ਤੋਂ ਬਚਾਉਣ ਲਈ ਫੁਰਸਿਤ ਅਤੇ ਪੈਰਾ ਰਾਖੀ ਦੀ ਡਿਊਟੀ ਨਿਭਾਉਣਗੇ।

ਅਰਵਿੰਦ ਪਾਲ ਸਿੰਘ ਸੰਧੂ ਨੇ ਇੱਕ ਹੋਰ ਹੁਕਮ ਰਾਹੀਂ ਜ਼ਿਲੇ ਦੇ ਪੇਂਡੂ/ਸ਼ਹਿਰੀ ਖੇਤਰਾਂ ਵਿਚ ਲਿਖਤੀ ਪ੍ਰਵਾਨਗੀ ਤੋਂ ਬਗੈਰ ਕੱਚੀਆਂ ਖੂਹੀਆਂ ਪੁੱਟਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਾਰੀ ਹੁਕਮਾਂ ਅਨੁਸਾਰ ਕੋਈ ਵੀ ਵਿਅਕਤੀ ਕਾਰਜਕਾਰੀ ਇੰਜੀਨੀਅਰ, ਜਨ ਸਿਹਤ ਮੰਡਲ, ਬਠਿੰਡਾ ਜਾਂ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਬਠਿੰਡਾ ਦੀ ਲਿਖਤੀ ਪ੍ਰਵਾਨਗੀ ਅਤੇ ਦੇਖ-ਰੇਖ ਤੋਂ ਬਗੈਰ ਕੱਚੀਆਂ ਖੂਹੀਆਂ ਨਹੀਂ ਪੁੱਟੇਗਾ/ਪੁਟਾਏਗਾ।

ਇਸੇ ਤਰਾਂ ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਹੋੁਰ ਹੁਕਮਾਂ ਮੁਤਾਬਿਕ ਜ਼ਿਲੇ ’ਚ ਅਮਨ ਤੇ ਕਾਨੂੰਨ ਦੀ ਕਾਇਮੀ ਲਈ ਵਿਆਹਾਂ, ਸ਼ਾਦੀਆਂ ਅਤੇ ਹੋਰ ਸਮਾਗਮਾਂ ਆਦਿ ’ਤੇ ਪਟਾਕੇ, ਆਤਿਸ਼ਬਾਜ਼ੀ ਚਲਾਉਣ ਤੇ ਆਰਮ ਫਾਇਰ ਦੀ ਵਰਤੋਂ ਕਰਨ ਉੱਪਰ ਮੁਕੰਮਲ ਪਾਬੰਦੀ ਲਗਾਈ ਗਈ ਹੈ।

ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਜ਼ਿਲੇ ’ਚ ਅਣ-ਅਧਿਕਾਰਤ ਸੀਮਨ ਵਿਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਪ੍ਰਕਾਰ ਅਣ-ਅਧਿਕਾਰਤ ਤੌਰ ’ਤੇ ਵੇਚੇ ਜਾਂ ਖਰੀਦੇ ਜਾ ਰਹੇ ਸੀਮਨ ਦੀ ਵਰਤੋ ਕਰਨਾ ‘‘ਪੰਜਾਬ ਬੋਵਾਇਨ ਬਰੀਡਿੰਗ ਐਕਟ, 2016’’ ਅਨੁਸਾਰ ਉਚਿਤ ਨਹੀਂ ਹੈ। ਅਜਿਹਾ ਕਰਨ ਨਾਲ ਰਾਜ ਦੇ ਪਸ਼ੂਧਨ ਦੀ ਸੁਧਰੀ ਨਸ਼ਲ ਖਰਾਬ ਹੋਣ ਦਾ ਖਦਸਾ ਹੈ, ਕਿਉਂਕਿ ਅਜਿਹੇ ਸੀਮਨ ਦੀ ਪੈਡਿਗਰੀ ਅਤੇ ਬੀਮਾਰੀ ਰਹਿਤ ਹੋਣ ਬਾਰੇ ਕੁਝ ਪਤਾ ਨਹੀਂ ਹੁੰਦਾ। ਇਸ ਨਾਲ ਪਸ਼ੂਧਨ ਦੀ ਪ੍ਰੋਡਕਟੀਵਿਟੀ ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਇਸ ਤਰਾਂ ਜ਼ਿਲੇ ਭਰ ’ਚ ਅਣ-ਅਧਿਕਾਰਤ ਸੀਮਨ ਦਾ ਭੰਡਾਰ ਕਰਨ, ਟਰਾਂਸਪਰਟੇਸ਼ਨ ਕਰਨ, ਵਰਤਣ ਜਾਂ ਵੇਚਣ ’ਤੇ ਪਾਬੰਦੀ ਲਗਾਈ ਜਾਂਦੀ ਹੈ।

ਜ਼ਿਲਾ ਮੈਜਿਸਟ੍ਰੇਟ ਨੇ ਹੋਰ ਹੁਕਮ ਜ਼ਿਲੇ ’ਚ ਮੌਜ਼ੂਦ ਹਵਾਈ ਅੱਡੇ ਦੇ ਘੇਰੇ ਤੋਂ ਦੋ ਕਿਲੋਮੀਟਰ ਅੰਦਰ ਲਾਲਟੇਨ ਪਤੰਗਾਂ, ਇੱਛਾ ਪਤੰਗਾਂ ਆਦਿ ਦੀ ਵਰਤੋਂ ’ਤੇ ਪੂਰਨ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਉਨਾਂ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲਾਲਟੇਨ ਪਤੰਗਾਂ, ਇੱਛਾ ਪਤੰਗਾਂ ਦੀ ਵਰਤੋਂ ਹਵਾਈ ਜਹਾਜ਼ਾਂ ਦੇ ਉਤਰਨ ਅਤੇ ਚੜਨ ਸਮੇਂ ਦੌਰਾਨ ਕੰਮ-ਕਾਜ ਅਤੇ ਸੁਰੱਖਿਆ ਲਈ ਖਤਰਾ ਪੈਦਾ ਕਰਦੀਆਂ ਹਨ।

ਜਾਰੀ ਕੀਤੇ ਗਏ ਹੁਕਮ ਅਨੁਸਾਰ ਜ਼ਿਲਾ ਬਠਿੰਡਾ ਅੰਦਰ ਹਰ ਪੀ. ਜੀ. ਮਾਲਕਾਂ ਨੂੰ ਪੀ. ਜੀ. ਵਿਚ ਰਹਿਣ ਵਾਲੇ ਵਿਦਿਆਰਥੀਆਂ/ਕਿਰਾਏਦਾਰਾਂ ਦੀ ਰਜਿਸਟੇ੍ਰਸ਼ਨ/ਵੈਰੀਫ਼ਿਕੇਸ਼ਨ ਸਬੰਧਤ ਪੁਲਿਸ ਥਾਣੇ/ਸਾਂਝ ਕੇਂਦਰ ਵਿਚ ਕਰਵਾਉਣ ਦਾ ਹੁਕਮ ਜਾਰੀ ਕੀਤਾ। ਜ਼ਿਲਾ ਬਠਿੰਡਾ ਵਿਚ ਬਹੁਤ ਸਾਰੇ ਵਿਦਿਆਰਥੀ/ਕਿਰਾਏਦਾਰ ਬਾਹਰੋਂ ਆ ਕੇ ਜ਼ਿਲੇ ਅੰਦਰ ਬਣੀਆਂ ਪੀ.ਜੀ. ਵਿਚ ਰਹਿ ਰਹੇ ਹਨ, ਜਿਸ ਦੀ ਕੋਈ ਵੀ ਜਾਣਕਾਰੀ ਜ਼ਿਲਾ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਹੁੰਦੀ। ਇਸ ਦੀ ਆੜ ਵਿਚ ਕੋਈ ਵੀ ਗੈਰ ਸਮਾਜਿਕ ਜਾਂ ਸ਼ਰਾਰਤੀ ਅਨਸਰ ਕਿਰਾਏਦਾਰ/ਵਿਦਿਆਰਥੀ ਦੇ ਭੇਸ ਵਿਚ ਸ਼ਹਿਰ ਅੰਦਰ ਕਿਸੇ ਵੀ ਪੀ.ਜੀ. ਵਿਚ ਰਹਿ ਕੇ ਕੋਈ ਗੈਰ ਸਮਾਜਿਕ ਗਤੀਵਿਧੀ ਨੂੰ ਅੰਜਾਮ ਦੇ ਕੇ ਸਮਾਜਿਕ ਸ਼ਾਂਤੀ ਭੰਗ ਕਰ ਸਕਦਾ ਹੈ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਖ਼ਤਰਾ ਪੈਦਾ ਕਰ ਸਕਦਾ ਹੈ। ਜ਼ਿਲਾ ਬਠਿੰਡਾ ਅੰਦਰ ਅਮਨ ਕਾਨੂੰਨ ਵਿਵਸਥਾ ਅਤੇ ਸਮਾਜਿਕ ਸ਼ਾਂਤੀ ਨੂੰ ਮੁੱਖ ਰੱਖਦੇ ਹੋਏ ਹਰ ਪੀ.ਜੀ. ਮਾਲਕ ਆਪਣੀ ਪੀ.ਜੀ. ਨੂੰ ਰਜਿਸਟਰ ਕਰਵਾਉਂਦੇ ਹੋਏ ਪੀ.ਜੀ. ਵਿਚ ਰਹਿਣ ਵਾਲੇ ਬੱਚਿਆਂ, ਕਿਰਾਏਦਾਰਾਂ ਦੀ ਸਬੰਧਤ ਪੁਲਿਸ ਥਾਣੇ, ਸਾਂਝ ਕੇਂਦਰ ਰਾਹੀਂ ਰਜਿਸਟੇ੍ਰਸ਼ਨ, ਵੈਰੀਫ਼ਿਕੇਸ਼ਨ ਕਰਵਾਉਣ ਦਾ ਜ਼ਿੰਮੇਵਾਰ ਹੋਵੇਗਾ। ਉਨਾਂ ਪੀ.ਜੀ. ਮਾਲਕਾਂ ਨੂੰ ਇਹ ਵੀ ਹੁਕਮ ਦਿੱਤਾ ਕਿ ਉਹ ਆਪਣੇ ਪੀ.ਜੀ. ਵਿਚ ਰਹਿਣ ਵਾਲੇ ਵਿਦਿਆਰਥੀਆਂ, ਕਿਰਾਏਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਗ ਬੁਝਾਊ ਯੰਤਰ ਅਤੇ ਸੀ.ਸੀ.ਟੀ.ਵੀ. ਕੈਮਰੇ ਜ਼ਰੂਰ ਲਗਾਉਣ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਵਿਦਿਆਰਥੀ, ਕਿਰਾਏਦਾਰ ਦੀ ਆੜ ਵਿਚ ਸਮਾਜਿਕ ਸ਼ਾਂਤੀ ਭੰਗ ਨਾ ਕਰ ਸਕੇ

ਜਾਰੀ ਕੀਤੇ ਗਏ ਹੁਕਮ ’ਚ ਕਿਹਾ ਕਿ ਟ੍ਰੈਫ਼ਿਕ ਦੀ ਸਮੱਸਿਆ ਨੂੰ ਵੇਖਦਿਆਂ ਹੋਇਆ ਤੰਗ ਥਾਵਾਂ ’ਤੇ ਟਰੱਕ ਖੜਾ ਕਰਨ ਦੀ ਸਖ਼ਤ ਮਨਾਹੀ ਕੀਤੀ ਹੈ। ਜਾਰੀ ਆਦੇਸ਼ਾਂ ’ਚ ਉਨਾਂ ਕਿਹਾ ਕਿ ਬਹੁ-ਮੰਤਵੀ ਖੇਡ ਸਟੇਡੀਅਮ ਕੋਲ ਟਰੱਕ ਖੜੇ ਹੋਣ ਕਾਰਨ ਐਮ.ਐਸ.ਡੀ. ਸਕੂਲ ਅਤੇ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਬੱਚਿਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨਾਂ ਟਰੱਕਾਂ ਕਰਕੇ ਸਕੂਲਾਂ ਦੀਆਂ ਵੈਨਾ, ਬੱਸਾਂ, ਰਿਕਸ਼ੇ ਆਦਿ ਦਾ ਐਕਸੀਡੈਂਟ ਹੋਣ ਦਾ ਖਦਸਾ ਰਹਿੰਦਾ ਹੈ। ਇਨਾਂ ਗੱਲਾਂ ਨੂੰ ਧਿਆਨ ‘ਚ ਰੱਖਦੇ ਹੋਏ ਹਨੂਮਾਨ ਚੌਂਕ ਦੇ ਆਸ ਪਾਸ ਗੋਨਿਆਣਾ ਰੋਡ ਅਤੇ ਖੇਡ ਸਟੇਡੀਅਮ ਰੋਡ ਤੇ ਟਰੱਕ ਖੜਾ ਕਰਨ ਦੀ ਸਖ਼ਤ ਮਨਾਹੀ ਕੀਤੀ ਹੈ। ਉਨਾਂ ਇਹ ਵੀ ਨਿਰਦੇਸ਼ ਦਿੱਤੇ ਕਿ ਇਨਾਂ ਇਲਾਕਿਆਂ ’ਚ ਸਵੇਰੇ 6 ਵਜੇ ਤੋਂ 9 ਵਜੇ ਤੱਕ ਅਤੇ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਕਿਸੇ ਵੀ ਟਰੱਕ ਨੂੰ ਚਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਐਮ.ਐਸ.ਡੀ. ਸਕੂਲ ਅਤੇ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਪਿ੍ਰੰਸੀਪਲ ਨੂੰ ਨਿਰਦੇਸ਼ ਦਿੱਤੇ ਕਿ ਛੁੱਟੀ ਸਮੇਂ ਆਪਣੇ ਵਿਦਿਆਰਥੀਆਂ ਨੂੰ ਸਕੂਲ ਦੇ ਕੰਪਾਉਂਡ ਵਿਚੋਂ ਹੀ ਰਿਕਸ਼ਾ, ਗੱਡੀ ਆਦਿ ਵਿਚ ਸੁਰੱਖਿਅਤ ਰੂਪ ਵਿਚ ਚੜਾਉਣਗੇ। ਉਨਾਂ ਕਿਹਾ ਕਿ ਸਕੂਲ ਤੋਂ ਛੁੱਟੀ ਸਮੇਂ ਬੱਚਿਆਂ ਨੂੰ ਲੈਣ ਆਉਣ ਵਾਲੇ ਰਿਕਸ਼ਾ ਅਤੇ ਗੱਡੀਆਂ ਸਕੂਲ ਦੇ ਬਾਹਰ ਸੜਕ ਜਾਂ ਸੜਕ ਦੇ ਕਿਨਾਰੇ ਪਾਰਕ ਨਹੀਂ ਕੀਤੇ ਜਾਣਗੇ।

ਜ਼ਿਲ੍ਹਾ ਮੈਜਿਸਟੇ੍ਰਟ ਨੇ ਆਮ ਲੋਕਾਂ ਲਈ ਕੋਈ ਵੀ ਅਸਲਾ ਜਿਵੇਂ ਕਿ ਲਾਇਸੰਸੀ ਹਥਿਆਰ, ਨੰਗੀਆਂ ਤਲਵਾਰਾਂ ਅਤੇ ਕਿਸੇ ਵੀ ਤਰਾਂ ਦੇ ਤੇਜ਼ਧਾਰ ਹਥਿਆਰ ਨਾਲ ਲੈ ਕੇ ਚੱਲਣ ਅਤੇ ਉਨਾਂ ਦਾ ਪ੍ਰਦਰਸ਼ਨ ਕਰਨ ’ਤੇ ਪੂਰਨ ਤੌਰ ’ਤੇ ਰੋਕ ਲਾਉਣ ਦੇ ਹੁਕਮ ਜਾਰੀ ਕੀਤਾ ਹੈ। ਜਿਨਾਂ ਵਿਅਕਤੀਆਂ ਵਲੋਂ ਲਾਇਸੰਸੀ ਹਥਿਆਰ ਚੁੱਕਣ ਸਬੰਧੀ ਇਸ ਦਫ਼ਤਰ ਤੋਂ ਪ੍ਰਵਾਨਗੀ ਪ੍ਰਾਪਤ ਕੀਤੀ ਹੋਈ ਹੈ, ਉਹ ਵੀ ਤਰੁੰਤ ਰੱਦ ਕੀਤੀ ਜਾਂਦੀ ਹੈ। ਉਕਤ ਹੁਕਮ ਪੁਲਿਸ, ਹੋਮਗਾਰਡਜ਼ ਜਾਂ ਸੀ. ਆਰ. ਪੀ. ਐਫ. ਦੇ ਕਰਮਚਾਰੀਆਂ, ਜਿਨਾਂ ਕੋਲ ਸਰਕਾਰੀ ਹਥਿਆਰ ਹਨ, ’ਤੇ ਲਾਗੂ ਨਹੀਂ ਹੋਵੇਗਾ। ਉਪਰੋਕਤ ਹੁਕਮ ਜ਼ਿਲ੍ਹੇ ਅੰਦਰ 23 ਫ਼ਰਵਰੀ 2022 ਤੱਕ ਲਾਗੂ ਰਹਿਣਗੇ।

 

Related Articles

Leave a Reply

Your email address will not be published. Required fields are marked *

Back to top button
error: Sorry Content is protected !!