Punjab

ਅਕਾਲੀਆਂ ਤੋਂ ਪੰਜਾਬ ਅਤੇ ਪੰਜਾਬੀਆਂ ਨਾਲ ਕਮਾਏ ਇਕੱਲੇ-ਇਕੱਲੇ ਧ੍ਰੋਹ ਦਾ ਹਿਸਾਬ ਲਿਆ ਜਾਵੇਗਾ-ਚਰਨਜੀਤ ਸਿੰਘ ਚੰਨੀ

– ਅਕਾਲੀਆਂ ਉੱਤੇ ਤਿੰਨ ਕਾਲੇ ਕਾਨੂੰਨ ਲਾਗੂ ਕਰਾਉਣ ਲਈ ਭਾਜਪਾ ਨਾਲ ਰਲ਼ੇ ਹੋਣ ਦਾ ਲਗਾਇਆ ਦੋਸ਼
– ਦਾਅਵੇ ਨਾਲ ਕਿਹਾ, ਜੋ ਐਲਾਨ ਕੀਤੇ ਉਹ ਪੂਰੇ ਵੀ ਕੀਤੇ
– ਜੇਕਰ ਕੇਜਰੀਵਾਲ ਅਕਾਲੀਆਂ ਮੂਹਰੇ ਗੋਡੇ ਦਾ ਟੇਕਦਾ ਤਾਂ ਅਕਾਲੀ ਆਗੂ 6 ਸਾਲ ਪਹਿਲਾਂ ਹੀ ਹੋਣਾ ਸੀ ਸਲਾਖ਼ਾਂ ਪਿੱਛੇ – ਮੁੱਖ ਮੰਤਰੀ
– ਧਰਮਕੋਟ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟਾਂ ਦੀਆਂ ਸੰਨਦਾਂ ਦੀ ਵੰਡ
ਧਰਮਕੋਟ (ਮੋਗਾ), 27 ਦਸੰਬਰ (000)  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਰੋਸਾ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਵੱਲੋਂ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਅਤੇ ਪੰਜਾਬੀਆਂ ਨਾਲ ਜੋ ਧ੍ਰੋਹ ਕਮਾਏ ਗਏ ਹਨ ਉਨਾਂ ਹਰੇਕ ਦਾ ਹਿਸਾਬ ਲਿਆ ਜਾਵੇਗਾ। ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧੱਕਣਾ, ਬੇਅਦਬੀ ਦੀਆਂ ਘਟਨਾਵਾਂ ਸਮੇਤ ਸੂਬੇ ਨੂੰ ਆਰਥਿਕ ਪੱਖੋਂ ਕੰਗਾਲ ਕਰਨ ਵਰਗੇ ਮੁੱਦਿਆਂ ਦਾ ਸੂਬੇ ਦੇ ਲੋਕ ਅਕਾਲੀਆਂ ਕੋਲੋਂ ਜਵਾਬ ਮੰਗਦੇ ਹਨ। ਜਿਸ ਦੀ ਸ਼ੁਰੂਆਤ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਨ ਨਾਲ ਹੋ ਗਈ ਹੈ। ਉਹ ਅੱਜ ਸਥਾਨਕ ਦਾਣਾ ਮੰਡੀ ਵਿਖੇ ਪੰਜਾਬ ਸਰਕਾਰ ਵੱਲੋਂ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟਾਂ ਦੀਆਂ ਸੰਨਦਾਂ ਵੰਡਣ ਲਈ ਆਯੋਜਿਤ ਕੀਤੇ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ  ਚੰਨੀ ਨੇ ਕਿਹਾ ਕਿ ਦੇਸ਼ ਵਿੱਚ ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਕਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਰਲ਼ੇ ਹੋਏ ਸਨ। ਬੀਬੀ ਹਰਸਿਮਰਤ ਕੌਰ ਬਾਦਲ ਉਸ ਵਜ਼ਾਰਤ ਦਾ ਹਿੱਸਾ ਸੀ ਜਿਸ ਵਜ਼ਾਰਤ ਨੇ ਇਹ ਕਾਨੂੰਨ ਲਾਗੂ ਕੀਤੇ ਸਨ। ਹਰਸਿਮਰਤ ਨੂੰ ਕੇਂਦਰੀ ਵਜ਼ਾਰਤ ਛੱਡਣ ਲਈ ਲੋਕਾਂ ਖਾਸ ਕਰਕੇ ਪੰਜਾਬੀ ਕਿਸਾਨਾਂ ਦੇ ਰੋਹ ਨੇ ਮਜ਼ਬੂਰ ਕੀਤਾ। ਉਨਾਂ ਕਿਹਾ ਕਿ ਇਨਾਂ ਤਿੰਨ ਖੇਤੀ ਕਾਨੂੰਨਾਂ ਰਾਹੀਂ ਦੇਸ਼ ਦੀ ਕਿਸਾਨੀ ਨੂੰ ਖ਼ਤਮ ਕਰਨ ਦੀ ਸਾਜਿਸ਼ ਵਿੱਚ ਅਕਾਲੀ ਦਲ ਅਤੇ ਭਾਜਪਾ ਬਰਾਬਰ ਦੇ ਸਾਂਝੀਦਾਰ ਸਨ। ਉਨਾਂ ਕਿਹਾ ਕਿ ਕਿਸਾਨਾਂ ਦੀ ਜਿੱਤ ਵਿੱਚ ਹਰੇਕ ਵਰਗ ਦਾ ਯੋਗਦਾਨ ਹੈ। ਇਹ ਦੇਸ਼ ਦੀ ਲੜਾਈ ਸੀ ਜੋ ਕਿ ਪੰਜਾਬ ਦੇ ਬਹਾਦਰ ਕਿਸਾਨਾਂ ਨੇ ਮੂਹਰੇ ਹੋ ਕੇ ਲੜੀ ਹੈ ਅਤੇ ਇਸ ਵਿੱਚ ਮਿਸਾਲੀ ਜਿੱਤ ਹਾਸਿਲ ਕੀਤੀ ਹੈ।
ਉਨਾਂ ਕਿਹਾ ਕਿ ਦੂਜੇ ਪਾਸੇ ਉਨਾਂ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਦਾ ਪਹਿਲੇ ਦਿਨ ਤੋਂ ਹੀ ਸਿਰੜ ਨਾਲ ਸਾਥ ਦਿੱਤਾ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਇਹ ਤਿੰਨੋਂ ਕਾਨੂੰਨ ਰੱਦ ਕੀਤੇ। ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਬੁਲਾ ਕੇ ਉਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ। ਇਸ ਅੰਦੋਲਨ ਦੌਰਾਨ ਸਾਡੇ ਨਾਲੋਂ ਵਿਛੜ ਕਏ ਕਰੀਬ 750 ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦੇਣ ਦੇ ਨਾਲ-ਨਾਲ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਹੈ। ਉਨਾਂ ਕਿਸਾਨਾਂ ਦੀਆਂ ਸ਼ਹੀਦੀਆਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਬਰਾਬਰ ਦੇ ਜਿੰਮੇਵਾਰ ਗਰਦਾਨਦਿਆਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਇਨਾਂ ਪਰਿਵਾਰਾਂ ਨਾਲ ਹਮੇਸ਼ਾਂ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ।


ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੇਰਵਾ ਲੋਕਾਂ ਮੂਹਰੇ ਰੱਖਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਲਈ ਸਭ ਤੋਂ ਪਹਿਲਾਂ ਘਰੇਲੂ ਬਿਜਲੀ ਦੇ ਬਿੱਲਾਂ ਦੇ 1500 ਕਰੋੜ ਰੁਪਏ ਦੇ ਬਕਾਏ ਮੁਆਫ਼ ਕੀਤੇ। ਬਿਜਲੀ ਦਾ ਰੇਟ 3 ਰੁਪਏ ਪ੍ਰਤੀ ਯੂਨਿਟ ਘਟਾਇਆ ਜਿਸ ਨਾਲ ਪੰਜਾਬ ਦੇ ਹਰੇਕ ਵਰਗ ਦੇ ਬਿਜਲੀ ਖ਼ਪਤਕਾਰਾਂ ਨੂੰ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਅਕਾਲੀ ਸਰਕਾਰ ਵੇਲੇ ਨਿੱਜੀ ਸਰਮਾਏਦਾਰਾਂ ਨੂੰ ਲਾਭ ਦਿਵਾਉਣ ਲਈ ਕੀਤੇ ਗਏ ਬਿਜਲੀ ਸਮਝੌਤੇ ਰੱਦ ਕੀਤੇ। ਪੀਣ ਵਾਲੇ ਪਾਣੀ ਦੇ ਬਕਾਇਆ ਬਿੱਲ ਮੁਆਫ਼ ਕਰਨ ਦੇ ਨਾਲ ਨਾਲ ਪਿੰਡਾਂ ਵਿੱਚ ਪਾਣੀ ਦੀ ਕਿਰਾਇਆ ਦਰ 160 ਰੁਪਏ ਤੋਂ ਅਤੇ ਸ਼ਹਿਰਾਂ ਵਿੱਚ 250 ਰੁਪਏ ਤੋਂ ਘਟਾ ਕੇ 50 ਰੁਪਏ ਪ੍ਰਤੀ ਮਹੀਨਾ ਕੀਤੀ।
ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਨੇ ਜੋ ਐਲਾਨ ਕੀਤੇ ਹਨ ਉਹ ਪੂਰੇ ਵੀ ਕੀਤੇ ਹਨ। ਅੱਜ ਪੈਟਰੋਲ ਅਤੇ ਡੀਜ਼ਲ ਵਿੱਚ ਪ੍ਰਤੀ ਲੀਟਰ ਕਰਮਵਾਰ 10 ਅਤੇ 5 ਰੁਪਏ ਦੀ ਕਮੀ ਕੀਤੀ ਗਈ ਹੈ। ਕਿਸੇ ਵੇਲੇ 22 ਰੁਪਏ ਤੋਂ ਵਧੇਰੇ ਦੀ ਕੀਮਤ ਉੱਤੇ ਮਿਲਣ ਵਾਲਾ ਰੇਤਾ ਅੱਜ ਸਾਢੇ 5 ਰੁਪਏ ਪ੍ਰਤੀ ਫੁੱਟ ਮਿਲ ਰਿਹਾ ਹੈ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕਾਂ ਨਾਲ ਜੁੜੇ ਤਰਜੀਹੀ ਤੌਰ ’ਤੇ ਹੱਲ ਕੀਤੇ ਜਾਣ।
ਉਨਾਂ ਕਿਹਾ ਕਿ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਕਥਿਤ ਤੌਰ ਉੱਤੇ ਨਸ਼ਿਆਂ ਦਾ ਇੱਕ ਬਰੈਂਡ ਬਣ ਗਿਆ ਸੀ, ਜਿਸ ਨੂੰ ਹੁਣ ਜਲਦ ਹੀ ਸਲਾਖ਼ਾਂ ਪਿੱਛੇ ਸੁੱਟਿਆ ਜਾਵੇਗਾ। ਉਨਾਂ ਆਪ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਅਕਾਲੀਆਂ ਮੂਹਰੇ ਗੋਡੇ ਟੇਕਣ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜੇਕਰ ਅਰਵਿੰਦਰ ਕੇਜਰੀਵਾਲ ਅਕਾਲੀ ਆਗੂ ਮਜੀਠੀਆ ਤੋਂ ਅਦਾਲਤ ਵਿੱਚ ਹਲਫੀਆ ਬਿਆਨ ਦੇ ਕੇ ਮੁਆਫੀ ਨਾ ਮੰਗਦਾ ਤਾਂ ਮਜੀਠੀਆ 6 ਸਾਲ ਪਹਿਲਾਂ ਹੀ ਸਲਾਖ਼ਾਂ ਪਿੱਛੇ ਹੁੰਦਾ। ਉਨਾਂ ਕੇਜਰੀਵਾਲ ਨੂੰ ਲੋਕਾਂ ਨੂੰ ਝੂਠੀਆਂ ਗਾਰੰਟੀਆਂ ਦੇਣ ਤੋਂ ਵੀ ਵਰਜਿਆ। ਉਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਹੁਣ ਮਨ ਬਣਾ ਲਿਆ ਹੈ ਕਿ ਸੂਬੇ ਦੇ ਵਿਕਾਸ ਦੀ ਗਤੀ ਨੂੰ ਚਾਲੂ ਰੱਖਣ ਲਈ ਪੰਜਾਬ ਵਿੱਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਲਿਆਂਦੀ ਜਾਵੇਗੀ। ਇਸ ਮੌਕੇ ਉਨਾਂ ਵਿਧਾਨ ਸਭਾ ਹਲਕਾ ਧਰਮਕੋਟ ਦੇ ਸਰਬਪੱਖੀ ਵਿਕਾਸ ਲਈ 5 ਕਰੋੜ ਰੁਪਏ ਹੋਰ ਗਰਾਂਟ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਹਲਕੇ ਵਿੱਚ ਪਹਿਲਾਂ ਹੀ ਚੱਲ ਰਹੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਉੱਤੇ ਨੇਪਰੇ ਚਾੜਿਆ ਜਾਵੇਗਾ।
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਸਿਆਣਪ ਨਾਲ ਵੋਟ ਦੀ ਵਰਤੋਂ ਕਰਨ ਤਾਂ ਜੋ ਉਨਾਂ ਦੀ ਸਰਕਾਰ ਵੱਲੋਂ ਪੰਜਾਬ ਨੂੰ ਆਰਥਿਕ ਤੌਰ ’ਤੇ ਮੁੜ ਪੈਰਾਂ ਸਿਰ ਖੜਾ ਕਰਨ ਲਈ ਵਿੱਢੇ ਉਪਰਾਲਿਆਂ ਨੂੰ ਹੋਰ ਬਲ ਮਿਲੇ। ਹਲਕਾ ਵਿਧਾਇਕ  ਸੁਖਜੀਤ ਸਿੰਘ ਕਾਕਾ ਲੋਹਗੜ ਨੇ ਇਸ ਮੌਕੇ ਹਲਕੇ ਦੀਆਂ ਮੰਗਾਂ ਦਾ ਵੇਰਵਾ ਮੁੱਖ ਮੰਤਰੀ ਅੱਗੇ ਰੱਖਿਆ ਅਤੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ 5-5 ਮਰਲੇ ਦੇ ਪਲਾਟ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੂੰ ਮੁੱਖ ਮੰਤਰੀ ਨੇ ਸੰਨਦਾਂ ਦੀ ਵੀ ਵੰਡ ਕੀਤੀ।
ਇਸ ਮੌਕੇ ਉਨਾਂ ਨਾਲ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਵਿਧਾਇਕ ਸ੍ਰ. ਦਰਸ਼ਨ ਸਿੰਘ ਬਰਾੜ, ਵਿਧਾਇਕ ਡਾ. ਹਰਜੋਤ ਕਮਲ, ਸਾਬਕਾ ਮੰਤਰੀ ਸ੍ਰੀਮਤੀ ਮਾਲਤੀ ਥਾਪਰ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਰਾਹੁਲ ਤਿਵਾੜੀ, ਡੀ. ਆਈ. ਜੀ.  ਸੁਰਜੀਤ ਸਿੰਘ, ਡਿਪਟੀ ਕਮਿਸ਼ਨਰ ਹਰੀਸ਼ ਨਈਅਰ, ਜ਼ਿਲਾ ਪੁਲਿਸ ਮੁੱਖੀ  ਸੁਰਿੰਦਰਪਾਲ ਸਿੰਘ ਮੰਡ, ਜ਼ਿਲਾ ਪ੍ਰੀਸ਼ਦ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ  ਇੰਦਰਜੀਤ ਸਿੰਘ ਬੀੜ ਚੜਿੱਕ, ਨਗਰ ਸੁਧਾਰ ਟਰੱਸਟ ਮੋਗਾ ਦੇ ਚੇਅਰਮੈਨ ਵਿਨੋਦ ਬਾਂਸਲ, ਜ਼ਿਲਾ ਕਾਂਗਰਸ ਪ੍ਰਧਾਨਕਮਲਜੀਤ ਸਿੰਘ ਬਰਾੜ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!