ਐਸ ਐਸ ਪੀ ਦੇ ਤਬਾਦਲਿਆਂ ਨੂੰ ਲੈ ਕੇ ਭਿੜੇ ਦੋ ਮੰਤਰੀ, ਮਾਮਲਾ ਤੂੰ ਤੂੰ ਮੈਂ ਤਕ ਪਹੁੰਚਿਆ
ਰੰਧਾਵਾ ਰਾਣਾ ਗੁਰਜੀਤ ਵਿਚਕਾਰ ਤਿੱਖੀ ਬਹਿਸ ਹੋ ਗਈ
ਕਈ ਮੰਤਰੀਆਂ ਨੇ ਰਾਣਾ ਤੋਂ ਸਬੂਤ ਮੰਗੇ
ਚੰਡੀਗੜ੍ਹ, 9 ਦਸੰਬਰ () : ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਤਕਨੀਕੀ ਸਿੱਖਿਆ ਤੇ ਰੁਜ਼ਗਾਰ ਉਤਪਤੀ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਗਰਮਾ-ਗਰਮ ਬਹਿਸ ਹੋਈ। ਅਤੇ ਮਾਮਲਾ ਤੂੰ ਤੂੰ ਮੈਂ ਮੈਂ ਤੇ ਆ ਗਿਆ । ਮੀਟਿੰਗ ਦੌਰਾਨ ਗ੍ਰਹਿ ਮੰਤਰੀ ਰੰਧਾਵਾ ਨੇ ਐਸ ਐਸ ਪੀ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਦੋਸ਼ਾਂ ਦਾ ਮੁੱਦਾ ਉਠਾਇਆ। ਮੀਟਿੰਗ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੇ ਮੁੱਦਾ ਉਠਾਇਆ ਕਿ ਇਕ ਮੰਤਰੀ ਨੇ ਮੈਨੂੰ ਦੱਸਿਆ ਹੈ ਕਿ ਐਸ ਐਸ ਪੀ ਦੀ ਪੋਸਟਿੰਗ ਪੈਸੇ ਲੈ ਕੇ ਕੀਤੀ ਜਾ ਰਹੀ ਹੈ । ਇਸ ਤੇ ਗ੍ਰਾਮੀਣ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਬਾਜਵਾ ਨੇ ਕਿਹਾ ਕੇ ਇਹ ਗੱਲ ਰਾਣਾ ਗੁਰਜੀਤ ਨੇ ਓਹਨਾ ਨੂੰ ਕਹੀ ਸੀ । ਜਿਸ ਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਭੜਕ ਗਏ ਅਤੇ ਕਿਹਾ ਕਿ ਇਹ ਸਿੱਧਾ ਦੋਸ਼ ਮੇਰੇ ਤੇ ਲਾਇਆ ਜਾ ਰਿਹਾ ਹੈ ।
ਭਰੋਸੇਯੋਗ ਸੂਤਰਾਂ ਅਨੁਸਾਰ ਮੀਟਿੰਗ ਵਿੱਚ ਰੰਧਾਵਾ ਵੱਲੋਂ ਉਠਾਏ ਗਏ ਮੁੱਦੇ ਨੂੰ ਜਦੋਂ ਹੋਰ ਮੰਤਰੀਆਂ ਨੇ ਨਾਮ ਦੇਣ ਲਈ ਜ਼ੋਰ ਪਾਇਆ ਤਾਂ ਰੰਧਾਵਾ ਨੇ ਰਾਣਾ ਗੁਰਜੀਤ ਵੱਲ ਇਸ਼ਾਰਾ ਕੀਤਾ। ਇਸ ਤੋਂ ਬਾਅਦ ਦੋਵਾਂ ਮੰਤਰੀਆਂ ਵਿਚਾਲੇ ਬਹਿਸ ਹੋ ਗਈ। ਮੰਤਰੀਆਂ ਨੇ ਰਾਣਾ ਨੂੰ ਸਬੂਤ ਪੇਸ਼ ਕਰਨ ਲਈ ਕਿਹਾ। ਰਾਣਾ ਨੇ ਕਿਹਾ ਕਿ ਉਨ੍ਹਾਂ ਦੀ ਸਿਫ਼ਾਰਸ਼ ‘ਤੇ ਪੁਲਿਸ ਅਧਿਕਾਰੀਆਂ ਦੀ ਨਿਯੁਕਤੀ ਨਹੀਂ ਕੀਤੀ ਗਈ, ਜਿਸ ‘ਤੇ ਰੰਧਾਵਾ ਨੇ ਕਿਹਾ ਕਿ ਸਾਰੇ ਮੰਤਰੀਆਂ ਅਤੇ ਇੱਥੋਂ ਤੱਕ ਕਿ ਵਿਧਾਇਕਾਂ ਦੀ ਸਿਫ਼ਾਰਸ਼ ‘ਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਿਧਾਇਕਾਂ ਦੀਆਂ ਸਿਫ਼ਾਰਸ਼ਾਂ ਆਪਣੇ ਕੋਲ ਰੱਖੀਆਂ ਹਨ, ਉਹ ਜਦੋਂ ਚਾਹੁਣ ਚੈੱਕ ਕਰ ਸਕਦੇ ਹਨ ਅਤੇ ਵਿਧਾਇਕਾਂ ਨੂੰ ਪੁੱਛ ਸਕਦੇ ਹਨ।
ਮੀਟਿੰਗ ਵਿੱਚ ਰੰਧਾਵਾ ਨੇ ਰਾਣਾ ਨੂੰ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਿਫ਼ਾਰਸ਼ ’ਤੇ ਕਾਰਵਾਈ ਕੀਤੀ ਪਰ ਰਾਣਾ ਨੇ ਆਪ ਹੀ ਕੰਮ ਅੱਧ ਵਿਚਾਲੇ ਰੋਕਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ। ਬਾਅਦ ਵਿੱਚ ਕੁਝ ਮੰਤਰੀਆਂ ਨੇ ਦਖ਼ਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਸੂਤਰਾਂ ਦਾ ਕਹਿਣਾ ਹੈ ਕਿ ਇਸ ਪੂਰੇ ਘਟਨਾਕ੍ਰਮ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ ਸ਼ਾਂਤ ਰਹੇ, ਫਿਰ ਉਨ੍ਹਾਂ ਦੋਵਾਂ ਮੰਤਰੀਆਂ ਨੂੰ ਕੈਬਨਿਟ ਮੀਟਿੰਗ ਵਿੱਚ ਅਜਿਹਾ ਨਾ ਕਰਨ ਲਈ ਕਿਹਾ। ਇਸ ਦੌਰਾਨ ਰੈਵੇਨਿਊ ਮੰਤਰੀ ਅਰੁਣਾ ਚੋਧਰੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਇਸ ਲਈ ਆਪਸ ਵਿਚ ਨਾ ਉਲਝਿਆ ਜਾਵੇ । ਇਸ ਤੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਿਹਾ ਕਿ ਪੈਸੇ ਦੇਣ ਦੇ ਦੋਸ਼ ਸਰਾਸਰ ਗ਼ਲਤ ਹਨ । ਉਨ੍ਹਾਂ ਕਿਹਾ ਕਿ ਐਸ ਐਸ ਪੀ ਮੰਤਰੀਆਂ ਅਤੇ ਵਿਧਾਇਕ ਦੀ ਸਿਫਾਰਸ਼ ਤੇ ਲਾਏ ਗਏ ਹਨ । ਓਹਨਾ ਮੰਤਰੀ ਰਜੀਆ ਸੁਲਤਾਨਾ ਨੂੰ ਪੁੱਛਿਆ ਕਿ ਤੁਹਾਡੇ ਕਹੇ ਤੇ ਐਸ ਐਸ ਪੀ ਪਾਇਆ ਗਿਆ ਹੈ ਕਿ ਨਹੀਂ । ਇਸ ਤੇ ਰਜੀਆ ਸੁਲਤਾਨਾ ਨੇ ਕਿਹਾ ਕਿ ਮੇਰੇ ਕਹਿਣ ਤੇ ਲਾਇਆ ਗਿਆ ਸੀ ਪਰ ਉਹ ਐਸ ਐਸ ਪੀ ਲੱਗਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਵੀ ਗਿਆ ਸੀ । ਜਿਸ ਤੇ ਚਾਰੇ ਪਾਸੇ ਸਨਾਟਾ ਛਾ ਗਿਆ ।