Punjab
ਜਨਰਲ ਕੈਟਾਗਰੀ ਆਪਣੇ ਹੱਕਾਂ ਲਈ ਜਾਗਰੂਕ, ਹੱਕ ਨਾ ਦੇਣ ਤੇ ਕਾਂਗਰਸੀ ਉਮੀਦਵਾਰਾਂ ਦਾ ਕਰਾਂਗੇ ਵਿਰੋਧ
ਜਨਰਲ ਕੈਟਾਗਰੀ ਲਈ ਕਮਿਸ਼ਨ ਤੇ ਭਲਾਈ ਬੋਰਡ ਬਣਾਉਣ ਦਾ ਐਲਾਨ ਕੀਤਾ ਜਾਵੇ -ਫੈਡਰੇਸ਼ਨ
ਸ਼੍ਰੀ ਚਮਕੌਰ ਸਾਹਿਬ,9ਦਸੰਬਰ()- ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਪੰਜਾਬ(ਰਜਿ) ਵਲ਼ੋਂ ਜਨਰਲ ਵਰਗ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਰੱਖੀ ਗਈ ਭੁੱਖ ਹੜਤਾਲ 14ਵੇਂ ਦਿਨ ਵਿਚ ਦਾਖਲ ਹੋ ਗਈ। ਅੱਜ ਦੀ ਭੁੱਖ ਹੜਤਾਲ ਵਿਚ ਰੋਪੜ ਜ਼ਿਲ੍ਹੇ ਦੇ ਸ਼ੇਰ ਸਿੰਘ ਗਿੱਲ, ਸੁਖਦੇਵ ਸਿੰਘ ਪੰਜਰੁੱਖਾ, ਕੁਲਵੰਤ ਸਿੰਘ, ਸਤਿੰਦਰ ਸਿੰਘ ਗਰਚਾ, ਲਾਲ ਸਿੰਘ, ਗੁਰਮੇਲ ਸਿੰਘ ਤੇ ਇੰਦਰਜੀਤ ਸਿੰਘ ਸ਼ਾਮਿਲ ਹੋਏ। ਇਨ੍ਹਾਂ ਦਾ ਸਵਾਗਤ ਰਣਜੀਤ ਸਿੰਘ ਸਿੱਧੂ ਮੀਤ ਪ੍ਰਧਾਨ ਪੰਜਾਬ ਨੇ ਕੀਤਾ। ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ, ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ ਅਤੇ ਸ਼ੇਰ ਸਿੰਘ ਰੋਪੜ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਜਨਰਲ ਕੈਟਾਗਰੀ ਕਮਿਸ਼ਨ ਅਤੇ ਜਨਰਲ ਕੈਟਾਗਰੀ ਭਲਾਈ ਵਿਭਾਗ ਦੀ ਸਥਾਪਨਾ ਕਰੇ। ਉਨ੍ਹਾਂ ਕਿਹਾ ਕਿ ਜਨਰਲ ਕੈਟਾਗਰੀ ਨੂੰ ਬਣਦੇ ਹੱਕ ਦਿੱਤੇ ਜਾਣ ਜੋ ਕਿ ਪਿਛਲੀਆਂ ਸਰਕਾਰਾਂ ਨੇ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਅਜਿਹਾ ਕਰਦੀ ਹੈ ਤਾਂ ਉਹ ਸਹੀ ਅਰਥਾਂ ਵਿਚ ਸਭ ਵਰਗਾਂ ਦੀ ਨੁਮਾਇੰਦਗੀ ਕਰੇਗੀ। ਜੇਕਰ ਅੱਜ ਕੈਬਿਨਟ ਦੀ ਮੀਟਿੰਗ ਵਿਚ ਇਹ ਐਲਾਨ ਨਹੀਂ ਹੁੰਦਾ ਤਾਂ ਸਾਬਤ ਹੋ ਜਾਵੇਗਾ ਕਿ ਇਹ ਸਰਕਾਰ ਕੇਵਲ ਸਮਾਂ ਹੀ ਲੰਘਾ ਰਹੀ ਹੈ ਅਤੇ ਫਿਰ ਜਨਰਲ ਵਰਗ ਤਿੱਖੇ ਸੰਘਰਸ਼ ਦਾ ਐਲਾਨ ਕਰੇਗਾ ਅਤੇ ਕਾਂਗਰਸ ਪਾਰਟੀ ਦੇ ਹਰ ਉਮੀਦਵਾਰਾਂ ਦਾ ਹਰ ਹਲਕੇ ਵਿਚ ਵਿਰੋਧ ਕੀਤਾ ਜਾਵੇਗਾ।