Punjab

ਚੰਨੀ ਸਰਕਾਰ ਕਮਜ਼ੋਰ ਕੇਸ ਬਣਾ ਕੇ ਮਜੀਠੀਆ ਨੂੰ ਕਰੇਗੀ ਗ੍ਰਿਫ਼ਤਾਰ, ਅਗਲੇ ਦਿਨ ਕਰਵਾਏਗੀ ਰਿਹਾਅ : ਰਾਘਵ ਚੱਢਾ

 

-ਕਿਹਾ, ਦੇਰ ਰਾਤ ਮੁੱਖ ਮੰਤਰੀ ਚੰਨੀ ਅਤੇ ਸੁਖਬੀਰ ਬਾਦਲ ਦੇ ਵਿਚਕਾਰ ਗੁਪਤ ਮੀਟਿੰਗ ‘ਚ ਹੋਈ ਡੀਲ

-ਪੰਜਾਬ ਦੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਚੰਨੀ ਸਰਕਾਰ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦਾ ਡਰਾਮਾ ਕਰੇਗੀ: ਰਾਘਵ ਚੱਢਾ

-ਪੁੱਛਿਆ, ਚੰਨੀ ਦੱਸਣ ਮੀਟਿੰਗ ‘ਚ ਬਾਦਲ ਨਾਲ ਕੀ ਡੀਲ ਹੋਈ? ਕਿੰਨੇ ਪੈਸੇ ਦੀ ਡੀਲ ਹੋਈ? ਪੰਜਾਬ ਦੇ ਲੋਕ ਮੀਟਿੰਗ ਦਾ ਸੱਚ ਜਾਣਨਾ ਚਾਹੁੰਦੇ ਨੇ

-ਕਿਹਾ, ਕੁੱਝ ਦਿਨ ਪਹਿਲਾਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਵੀ ਬਾਦਲਾਂ ਦੀਆਂ ਬੱਸਾਂ ਨੂੰ ਜ਼ਬਤ ਕਰਨ ਦਾ ਡਰਾਮਾ ਕੀਤਾ ਸੀ, ਅਗਲੇ ਹੀ ਦਿਨ ਹਾਈਕੋਰਟ ਨੇ ਸਾਰੀਆਂ ਬੱਸਾਂ ਨੂੰ ਛੱਡਿਆ

-ਡਰੱਗ ਕੇਸ ਵਿੱਚ ਚੰਨੀ ਸਰਕਾਰ ਦਾ ਵਰਤਾਓ ਦੇਖ ਕੇ ਹਾਈਕੋਰਟ ਹੈਰਾਨ, ਕਿਹਾ ਪੰਜਾਬ ਸਰਕਾਰ ਕਾਰਵਾਈ ਕਰਨ ਦੀ ਥਾਂ ਗਹਿਰੀ ਨੀਂਦ ‘ਚ ਸੁੱਤੀ

ਚੰਡੀਗੜ੍ਹ, 8 ਦਸੰਬਰ
ਪੰਜਾਬ ਦੇ ਬਹੁ-ਚਰਚਿਤ ਡਰੱਗ ਮਾਮਲੇ ਵਿੱਚ ਸੋਮਵਾਰ ਨੂੰ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਝਾੜ ਪੈਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਰਲ਼ੇ-ਮਿਲੇ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਕੇਸ ਵਿੱਚ ਬਚਾਉਣ ਲਈ ਦੋਵੇਂ ਆਗੂਆਂ ਵਿਚਕਾਰ ਡੀਲ ਹੋਈ ਹੈ।
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਡਰੱਗ ਕੇਸ ਵਿੱਚ ਪੰਜਾਬ ਸਰਕਾਰ ਨੂੰ ਹਾਈਕੋਰਟ ਵੱਲੋਂ ਝਿੜਕਾਂ ਪੈਣ ਤੋਂ ਬਾਅਦ ਮੁੱਖ ਮੰਤਰੀ ਚੰਨੀ ਅਤੇ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਇੱਕ ਫਾਰਮ ਹਾਊਸ ‘ਤੇ ਗੁਪਤ ਮੀਟਿੰਗ ਹੋਈ ਹੈ। ਮੀਟਿੰਗ ਵਿੱਚ ਦੋਵਾਂ ਆਗੂਆਂ ਵਿਚਕਾਰ  ਸੌਦਾ ਹੋਇਆ ਕਿ ਚੰਨੀ ਸਰਕਾਰ ਇੱਕ ਬੇਹੱਦ ਕਮਜ਼ੋਰ ਕੇਸ ਬਣਾ ਕੇ ਅਕਾਲੀ ਦਲ ਦੇ ਵੱਡੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕਰੇਗੀ, ਤਾਂ ਜੋ ਅਗਲੇ ਹੀ ਦਿਨ ਉਸ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਣਕਾਰੀ ਪੰਜਾਬ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ।
ਚੱਢਾ ਨੇ ਦੋਸ਼ ਲਾਇਆ ਕਿ ਮਜੀਠੀਆ ਦੀ ਗ੍ਰਿਫ਼ਤਾਰੀ ਐਨੇ ਕਮਜ਼ੋਰ ਆਧਾਰ ‘ਤੇ ਕੀਤੀ ਜਾਵੇਗੀ ਕਿ ਪੱਕੇ ਤੌਰ ‘ਤੇ ਅਕਾਲੀ ਆਗੂ ਨੂੰ 24 ਘੰਟਿਆਂ ਦੇ ਅੰਦਰ ਹੀ ਜ਼ਮਾਨਤ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਪੰਜਾਬ ਪੁਲੀਸ ਦੀ ਗ਼ਲਤ ਵਰਤੋਂ ਕਰਕੇ ਮਜੀਠੀਆ ‘ਤੇ ਝੂਠੇ ਮੁਕੱਦਮੇ ਦਰਜ ਕਰਾਉਣਗੇ ਅਤੇ ਫਿਰ ਉਨ੍ਹਾਂ ਨੂੰ ਜ਼ਮਾਨਤ ਦਿਵਾਉਣ ‘ਚ ਮਦਦ ਕਰੇਗੀ। ਮੁੱਖ ਮੰਤਰੀ ਚੰਨੀ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਜਾਣਬੁੱਝ ਕੇ ਗ੍ਰਿਫ਼ਤਾਰੀ ਦਾ ਡਰਾਮਾ ਕਰਨਗੇ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਵੀ ਲੋਕਾਂ ਨੂੰ ਬੇਵਕੂਫ਼ ਬਣਾਉਣ ਲਈ ਕੈਮਰਿਆਂ ਦੀ ਫ਼ੌਜ ਲੈ ਕੇ ਬਾਦਲਾਂ ਦੀਆਂ ਬੱਸਾਂ ਜ਼ਬਤ ਕਰਨ ਦਾ ਡਰਾਮਾ ਕੀਤਾ ਸੀ, ਪਰ ਅਗਲੇ ਹੀ ਦਿਨ ਅਦਾਲਤ ਨੇ ਸਾਰੀਆਂ ਬੱਸਾਂ ਨੂੰ ਛੱਡਣ ਦੇ ਹੁਕਮ ਕੀਤੇ ਸਨ। ਇਸ ਬਾਰੇ ਮੁੱਖ ਮੰਤਰੀ ਚੰਨੀ ਖ਼ੁਦ ਕੁੱਝ ਅਜਿਹਾ ਹੀ ਡਰਾਮਾ ਕਰਨ ਵਾਲੇ ਹਨ।
ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਅਤੇ ਸੁਖਬੀਰ ਬਾਦਲ ਦੇ ਵਿਚਕਾਰ ਕਾਫ਼ੀ ਪੁਰਾਣੇ ਰਿਸ਼ਤੇ ਹਨ। ਕੁੱਝ ਸਾਲ ਪਹਿਲਾ ਚੰਨੀ  ‘ਲੁਧਿਆਣਾ ਸਿਟੀ ਸੈਂਟਰ ਘੋਟਾਲੇ’ ਵਿੱਚ ਦੋਸ਼ੀ ਆਪਣੇ ਭਾਈ ਨੂੰ ਬਚਾਉਣ ਲਈ ਸੁਖਬੀਰ ਬਾਦਲ ਨੂੰ ਮਿਲ ਕੇ ਆਪਣੇ ਭਰਾ ਨੂੰ ਬਚਾਉਣ ਦੀ ਬੇਨਤੀ ਕੀਤੀ ਸੀ। ਇਸ ਗੱਲ ਤੋਂ ਸਪਸ਼ਟ ਹੁੰਦਾ ਹੈ ਕਿ ਖ਼ੁਦ ਅਕਾਲੀ ਦਲ ਦੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਕਿਸ ਫਾਰਮ ਹਾਊਸ ‘ਤੇ ਉਹ ਸੁਖਬੀਰ ਬਾਦਲ ਨਾਲ ਮਿਲੇ? ਬਾਦਲ ਨਾਲ ਉਨ੍ਹਾਂ ਦੀ ਕੀ ਡੀਲ ਹੋਈ? ਕੀ ਪੈਸਿਆਂ ਦੀ ਡੀਲ ਹੋਈ ਹੈ? ਜੇਕਰ ਹੋਈ ਹੈ ਤਾਂ ਕਿੰਨੇ ਪੈਸਿਆਂ ਦੀ ਡੀਲ ਹੋਈ? ਮੁੱਖ ਮੰਤਰੀ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਪੰਜਾਬ ਦੇ ਲੋਕਾਂ ਨੂੰ ਦੇਣ, ਕਿਉਂਕਿ ਲੋਕ ਦੋਵਾਂ ਆਗੂਆਂ ਵਿਚਕਾਰ ਹੋਈ ਮੀਟਿੰਗ ਦਾ ਸੱਚ ਜਾਣਨਾ ਚਾਹੁੰਦੇ ਹਨ।
ਚੱਢਾ ਨੇ ਕਿਹਾ ਕਿ ਗ਼ੌਰ ਕਰਨ ਯੋਗ ਹੈ ਕਿ ਸੋਮਵਾਰ (6 ਦਸੰਬਰ 2020) ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ ਏ.ਜੀ ਮਸੀਹ ਅਤੇ ਜਸਟਿਸ ਸੰਦੀਪ ਮੌਦਗਿੱਲ ਦੀ ਬੈਂਚ ਨੇ ਬਹੁਚਰਚਿਤ ਡਰੱਗ ਕੇਸ ਵਿੱਚ ਪੰਜਾਬ ਸਰਕਾਰ ਨੂੰ ਫਟਕਾਰ ਲਾਉਂਦੇ ਕਿਹਾ ਸੀ, ”ਅਸੀਂ ਬੇਹੱਦ ਹੈਰਾਨ ਹਾਂ ਕਿ ਪੰਜਾਬ ਸਰਕਾਰ ਨੇ ਡਰੱਗ ਮਾਮਲੇ ਵਿੱਚ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਐਸ.ਟੀ. ਐਫ. ਦੀ ਰਿਪੋਰਟ ਸੀਲਬੰਦ ਲਿਫ਼ਾਫ਼ੇ ਵਿੱਚ ਕਾਫ਼ੀ ਦਿਨਾਂ ਤੋ ਪਈ ਹੈ, ਪਰ ਪੰਜਾਬ ਸਰਕਾਰ ਕਾਰਵਾਈ ਕਰਨ ਦੀ ਥਾਂ ਡੂੰਘੀ ਨੀਂਦ ‘ਚ ਸੁੱਤੀ ਪਈ ਰਹੀ ਹੈ। ਅਦਾਲਤ ਨੇ ਸਰਕਾਰ ਤੋਂ ਸਵਾਲ ਪੁੱਛਦਿਆਂ ਕਿਹਾ ਕਿ ਜਦੋਂ ਐਸ.ਟੀ.ਐਫ ਦੀ ਸੀਲਬੰਦ ਰਿਪੋਰਟ ਨੂੰ ਖੋਲ੍ਹਣ ‘ਤੇ ਕੋਈ ਰੋਕ ਹੀ ਨਹੀਂ ਹੈ ਤਾਂ ਹੁਣ ਤੱਕ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ।”

Related Articles

Leave a Reply

Your email address will not be published. Required fields are marked *

Back to top button
error: Sorry Content is protected !!