Punjab
ਕੈਪਟਨ ਅਮਰਿੰਦਰ ਸੂਬੇ ਦਾ ਦੇਣਦਾਰ, ਪੰਜਾਬ ਦੇ ਲੋਕ ਕੈਪਟਨ ਅਤੇ ਭਾਜਪਾ ਨੂੰ 2022 ਦੀਆਂ ਚੋਣਾਂ ਵਿੱਚ ਸਬਕ ਸਿਖਾਉਣਗੇ: ਰਾਜਾ ਵੜਿੰਗ
ਘਨੌਰ ਵਿਖੇ ‘ਖੁੱਲ੍ਹੀ ਚਰਚਾ ਵੜਿੰਗ ਦੇ ਸੰਗ’ ਦਾ ਪਹਿਲਾ ਸੈਸ਼ਨ, ਪੰਜਾਬੀਆਂ ਨੇ ਕਾਂਗਰਸ ਨੂੰ ਮੁੜ ਸੱਤਾ ਵਿੱਚ ਲਿਆਉਣ ਦਾ ਮਨ ਬਣਾਇਆ: ਰਾਜਾ ਵੜਿੰਗ
ਕਿਹਾ, ਮੇਰੀ ਲੜਾਈ ਬਾਦਲਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦਿਵਾਉਣਾ
ਘਨੌਰ/ਚੰਡੀਗੜ੍ਹ, 1 ਦਸੰਬਰ:
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਰ ਅਪਰਾਧੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਪਾਰਟੀ ਅਤੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਅੱਜ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦਾ ਦੇਣਦਾਰ ਹੈ ਅਤੇ ਲੋਕ ਆਗਾਮੀ ਚੋਣਾਂ ਵਿੱਚ ਕੈਪਟਨ ਅਤੇ ਭਾਜਪਾ ਦੋਵਾਂ ਨੂੰ ਸਬਕ ਸਿਖਾਉਣਗੇ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੀਆਂ ਗਈਆਂ ਮਹਤਵਪੂਰਨ ਪਹਿਲਕਦਮੀਆਂ ‘ਤੇ ਭਰੋਸਾ ਜਤਾਉਂਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਾਣ ਲਿਆ ਹੈ ਕਿ ਸੱਚੇ ਸਿਆਸੀ ਇਰਾਦੇ ਨਾਲ ਕੀ ਹਾਸਲ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੇ 2022 ਦੀਆਂ ਚੋਣਾਂ ‘ਚ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਮੁੜ ਸੱਤਾ ਵਿੱਚ ਲਿਆਉਣ ਦਾ ਮਨ ਬਣਾ ਲਿਆ ਹੈ।
ਸੂਬੇ ਵਿੱਚ ਕਾਂਗਰਸ ਤੋਂ ਬਿਨਾਂ ਕਿਸੇ ਹੋਰ ਪਾਰਟੀ ਦੇ ਸੱਤਾ ਵਿੱਚ ਆਉਣ ਲਈ ਸਾਰੀਆਂ ਵਿਰੋਧੀ ਧਿਰਾਂ ਦੇ ਦਾਅਵਿਆਂ ਨੂੰ ਨਕਾਰਦਿਆਂ ਸ. ਰਾਜਾ ਵੜਿੰਗ ਨੇ ਕਿਹਾ ਕਿ ਕਿਸਾਨਾਂ ਦੇ ਮੁੱਦਿਆਂ ‘ਤੇ ਕੇਜਰੀਵਾਲ ਦੇ ਹੈਰਾਨ ਕਰਨ ਵਾਲੇ ਦੋਹਰੇ ਮਾਪਦੰਡਾਂ ਨੇ ਉਸ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਵਿੱਚ ਇਨ੍ਹਾਂ 3 ਕਾਲੇ ਕਾਨੂੰਨਾਂ ਵਿੱਚੋਂ ਇੱਕ ਕਾਨੂੰਨ ਪਾਸ ਕਰਕੇ ਸਾਡੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਪੰਜਾਬ ਵਾਸੀ ਕੇਜਰੀਵਾਲ ਨੂੰ ਕਦੇ ਮੁਆਫ਼ ਨਹੀਂ ਕਰਨਗੇ।
ਇੱਥੇ ਘਨੌਰ ਬੱਸ ਸਟੈਂਡ ਦੇ ਨਵੀਨੀਕਰਨ ਸਬੰਧੀ ਕੰਮਾਂ ਦੀ ਸ਼ੁਰੂਆਤ ਕਰਨ ਉਪਰੰਤ ‘ਖੁੱਲੀ ਚਰਚਾ ਵੜਿੰਗ ਸੰਗ’ ਦੇ ਪਹਿਲੇ ਸੈਸ਼ਨ ਦੌਰਾਨ ਪਾਰਟੀ ਕਾਡਰ ਅਤੇ ਸਥਾਨਕ ਵਾਸੀਆਂ ਨਾਲ ਗੱਲਬਾਤ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਾਡੀ ਕਿਸਾਨੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਕੇ ਪੰਜਾਬ ਨਾਲ ਧੋਖਾ ਕਰਨ ਵਾਲਿਆਂ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ।ਉਨ੍ਹਾਂ ਦੱਸਿਆ ਕਿ ਆਗਾਮੀ ਚੋਣਾਂ ਤੋਂ ਪਹਿਲਾਂ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਵੱਲੋਂ ਮੰਤਰੀਆਂ ਦੇ ਯੋਜਨਾਬੱਧ ਲੜੀਵਾਰ ਪਬਲਿਕ ਇੰਟਰੈਕਸ਼ਨ ਪ੍ਰੋਗਰਾਮ ਦਾ ਇਸ ਪਹਿਲੇ ਸੈਸ਼ਨ ਤਹਿਤ ਉਹ ਆਮ ਲੋਕਾਂ ਦੇ ਰੂਬਰੂ ਹੋ ਰਹੇ ਹਨ।
ਰਾਜਾ ਵੜਿੰਗ ਨੇ ਕਿਹਾ ਕਿ ਇਹ ਉਹੀ ਕੇਜਰੀਵਾਲ ਹੈ, ਜਿਸ ਨੇ ਸੱਤਾ ਵਿੱਚ ਆਉਣ ਦੇ 15 ਦਿਨਾਂ ਦੇ ਅੰਦਰ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦਾ ਖੁੱਲ੍ਹੇਆਮ ਵਾਅਦਾ ਕੀਤਾ ਸੀ ਅਤੇ ਫਿਰ ਇੱਕ ਬੇਸ਼ਰਮੀ ਭਰੇ ਢੰਗ ਨਾਲ ਅਖਬਾਰ ਵਿੱਚ ਮੁਆਫੀਨਾਮਾ ਛਪਵਾ ਕੇ ਮੁਆਫ਼ੀ ਮੰਗੀ।
ਪੰਜਾਬ ਨੂੰ ਬਰਬਾਦ ਕਰਨ ਲਈ ਬਾਦਲਾਂ ਨਾਲ ਅਪਰਾਧਿਕ ਤੌਰ ‘ਤੇ ਮਿਲੀਭੁਗਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨਾਲ ਗ਼ੈਰ-ਕਾਨੂੰਨੀ ਸਮਝੌਤਾ ਕਰਕੇ ਸਾਢੇ 4 ਸਾਲ ਦਾ ਕੀਮਤੀ ਸਮਾਂ ਬਰਬਾਦ ਕਰ ਦਿਤਾ ਗਿਆ, ਜਿਸ ਦਾ ਲੋਕ ਹਿਸਾਬ ਜਰੂਰ ਲੈਣਗੇ।
ਪਾਰਟੀ ਕਾਡਰ ਨੂੰ ਅਹਿਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਮਰਕੱਸੇ ਕਰ ਲੈਣ ਦਾ ਸੱਦਾ ਦਿੰਦਿਆਂ ਵੜਿੰਗ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਟੀਮ ਪੰਜਾਬ ਨੂੰ ਬੇਮਿਸਾਲ ਖੁਸ਼ਹਾਲੀ ਅਤੇ ਵਿਕਾਸ ਦੇ ਰਾਹ ਵੱਲ ਲੈ ਕੇ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਇੰਟਰੈਕਸ਼ਨ ਪ੍ਰੋਗਰਾਮ ਤਹਿਤ ਕੱਲ੍ਹ ਨੂੰ ਖਰੜ, ਰਾਏਕੋਟ ਅਤੇ ਸਾਹਨੇਵਾਲ ਦੇ ਤਿੰਨ ਸਥਾਨਾਂ ‘ਤੇ ਜਾਣਗੇ।
ਵੱਖ-ਵੱਖ ਮਾਫੀਆ ਰਾਹੀਂ ਪੰਜਾਬ ਨੂੰ ਲੁੱਟਣ ਲਈ ਬਾਦਲਾਂ ‘ਤੇ ਵਰ੍ਹਦਿਆਂ ਸ. ਵੜਿੰਗ ਨੇ ਕਿਹਾ ਕਿ ਟੈਕਸ ਚੋਰੀ ਕਰਕੇ ਸੂਬੇ ਦੇ ਉੱਜਵਲ ਭਵਿੱਖ ਨੂੰ ਬਰਬਾਦ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਉਹ ਕਿਸੇ ਤੋਂ ਨਹੀਂ ਡਰਦੇ।
ਵੜਿੰਗ ਨੇ ਕਿਹਾ ਕਿ ਜੇਕਰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਜਾਂ ਊਧਮ ਸਿੰਘ ਜੀ ਨੇ ਦੇਸ਼ ਦੀ ਆਜ਼ਾਦੀ ਲਈ ਜੰਗ ਦੇ ਨਤੀਜੇ ਬਾਰੇ ਸੋਚਿਆ ਹੁੰਦਾ ਤਾਂ ਅਸੀਂ ਇੱਕ ਮਹਾਨ ਦੇਸ਼ ਨਹੀਂ ਬਣਾ ਸਕਣਾ ਸੀ, ਵੜਿੰਗ ਨੇ ਕਿਹਾ ਕਿ ਇਨ੍ਹਾਂ ਸਾਰੇ ਮਹਾਨ ਸ਼ਹੀਦਾਂ ਦੇ ਨਾਮ ਵਿਸ਼ਵ ਭਰ ਵਿੱਚ ਹਰ ਥਾਂ ਸ਼ਰਧਾ ਅਤੇ ਸਤਿਕਾਰ ਨਾਲ ਲਏ ਜਾਂਦੇ ਹਨ।
ਉਨ੍ਹਾਂ ਕਿਹਾਕਿ ਭਾਵੇਂ ਬਾਦਲ ਸਭ ਤੋਂ ਅਮੀਰ ਸਿੱਖ ਪਰਿਵਾਰ ਹਨ, ਪਰ ਪੰਜਾਬ ਤੋਂ ਬਾਹਰ ਕਿੰਨੇ ਲੋਕ ਉਨ੍ਹਾਂ ਨੂੰ ਜਾਣਦੇ ਹਨ ? ਵੜਿੰਗ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੀ ਖੇਤੀ ਦੀ ਆਤਮਾ ਦਾ ਕਤਲ ਕਰਨ ਦਾ ਦੋਸ਼ੀ ਠਹਿਰਾਉਂਦਿਆਂ ਕਿਹਾਕਿ ਇਹ ਲੋਕ ਬੇਸ਼ਰਮੀ ਨਾਲ ਆਪਣੇ ਆਪ ਨੂੰ ਕਿਸਾਨੀ ਤੇ ਖੇਤੀ ਦੇ ਰਖਵਾਲੇ ਹੋਣ ਦਾ ਦਾਅਵਾ ਕਿਹੜੇ ਮੂੰਹ ਨਾਲ ਕਰਦੇ ਹਨ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਰਾਜ ਦੇ ਸਾਰੇ ਵਰਗਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਸਾਡੀ ਸਮੂਹਿਕ ਵਚਨਬੱਧਤਾ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਹੇਠਲੇ ਪੱਧਰ ਤੱਕ ਸਰਗਰਮੀ ਨਾਲ ਲਿਜਾਣ ਦੀ ਅਪੀਲ ਕੀਤੀ।
ਦਸਣਾ ਬਣਦਾ ਹੈ ਕਿ ਸ. ਰਾਜਾ ਵੜਿੰਗ, ਜੋ ਰਾਜ ਦੇ ਟਰਾਂਸਪੋਰਟ ਵਿਭਾਗ ਦੀ ਵਿੱਤੀ ਪੁਨਰ ਸੁਰਜੀਤੀ ਨੂੰ ਯਕੀਨੀ ਬਣਾਉਣ ਲਈ ਮਿਸ਼ਨ ਮੋਡ ‘ਤੇ ਹਨ, ਨੇ 29 ਸਤੰਬਰ ਨੂੰ ਕੈਬਨਿਟ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ, ਨੇ ਆਪਣੇ ਅਧੀਨ ਪਿਛਲੇ ਦੋ ਮਹੀਨਿਆਂ ਦੌਰਾਨ ਟਰਾਂਸਪੋਰਟ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਆਪਣੇ ਨਿੱਜੀ ਮੁਫ਼ਾਦਾਂ ਲਈ ਸੂਬੇ ਨੂੰ ਲੁੱਟਣ ਵਾਲੇ ਬਾਦਲਾਂ ਸਮੇਤ ਟੈਕਸ ਅਪਰਾਧੀਆਂ ਵਿਰੁੱਧ ਕਾਰਵਾਈ ਕਰਨ ਕਰਕੇ ਹੀ ਵਿਭਾਗ ਦੇ ਮਾਲੀਏ ਵਿੱਚ ਰੋਜ਼ਾਨਾ 1 ਕਰੋੜ ਰੁਪਏ ਦਾ ਵਾਧਾ ਸੰਭਵ ਹੋਇਆ ਹੈ।
ਇਸ ਮੌਕੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ, ਪੀ.ਐਸ.ਪੀ.ਸੀ.ਐਲ . ਦੇ ਨਵ-ਨਿਯੁਕਤ ਡਾਇਰੈਕਟਰ ਗਗਨਦੀਪ ਸਿੰਘ ਜੌਲੀ ਜਲਾਲਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਘਨੌਰ ਹਲਕੇ ਨੂੰ ਪੰਜਾਬ ਵਿੱਚ ਨਮੂਨੇ ਦਾ ਹਲਕਾ ਬਣਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਨਗਰ ਪੰਚਾਇਤ ਪ੍ਰਧਾਨ ਨਰਭਿੰਦਰ ਸਿੰਘ ਭਿੰਦਾ, ਨਗਰ ਸੁਧਾਰ ਟਰੱਸਟ ਸਮਾਣਾ ਦੇ ਚੇਅਰਮੈਨ ਸ਼ੰਕਰ ਜਿੰਦਲ,ਹਰਦੀਪ ਸਿੰਘ ਲਾਡਾ, ਬਲਜੀਤ ਸਿੰਘ ਗਿੱਲ, ਜਗਦੀਪ ਸਿੰਘ ਡਿੰਪਲ ਚਪੜ, ਜਗਰੂਪ ਸਿੰਘ ਹੈਪੀ ਸਿਹਰਾ, ਰਜੇਸ਼ ਨੰਦਾ, ਘਨੌਰ ਦੇ ਕੌਂਸਲਰ, ਪੰਚ-ਸਰਪੰਚ, ਇਲਾਕੇ ਦੇ ਵੱਡੀ ਗਿਣਤੀ ਵਸਨੀਕ ਅਤੇ ਹੋਰ ਪਤਵੰਤੇ ਮੌਜੂਦ ਸਨ।