ਅਕਾਲੀ ਤੇ ਆਪ ਨੇ ਵਿਦਿਆਰਥੀ ਜਥੇਬੰਦੀਆਂ ਨਾਲ ਕੀਤਾ ਧੋਖਾ – ਬਰਿੰਦਰ ਢਿੱਲੋਂ
ਅਕਾਲੀ ਤੇ ਆਪ ਨੇ ਵਿਦਿਆਰਥੀ ਜਥੇਬੰਦੀਆਂ ਨਾਲ ਕੀਤਾ ਧੋਖਾ – ਬਰਿੰਦਰ ਢਿੱਲੋਂ
ਸਭ ਤੋਂ ਵਡਾ ਵਿਦਿਆਰਥੀ ਵਰਗ ਜਿਸਦਾ ਕੋਈ ਧਰਮ ਤੇ ਜਾਤ ਨਹੀਂ
ਕਾਂਗਰਸ ਹੀ ਵਿਦਿਆਰਥੀ ਜਮਾਤ ਦੀ ਸਹੀ ਨੁਮਾਇੰਦਗੀ ਵਾਲੀ ਪਾਰਟੀ
ਪਾਰਟੀ ਤੋਂ ਉਪਰ ਉਠਕੇ ਵਿਦਿਆਰਥੀ ਵਰਗ ਦੀ ਆਵਾਜ ਬੁਲੰਦ ਕਰਨਾ ਸਾਡਾ ਧਰਮ
ਰੂਪਨਗਰ : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰ ਬਰਿੰਦਰ ਸਿੰਘ ਢਿੱਲੋਂ ਨੇ ਅੱਜ ਰੂਪਨਗਰ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ 2022 ਦੀਆਂ ਵੋਟਾਂ ਨੂੰ ਲੈ ਕੇ ਅਕਾਲੀ ਦਲ ਅਤੇ ਆਪ ਵਲੋਂ ਜਾਤੀਵਾਦ ਅਤੇ ਪਰਿਵਾਰਵਾਦ ਦੀ ਕੋਝੀ ਰਾਜਨੀਤੀ ਕੀਤੀ ਗਈ ਹੈ। ਜਿਸ ਵਿਚ ਕਾਲਜ,ਯੂਨੀਵਰਸਿਟੀ ਦੀਆਂ ਚੋਣਾਂ ਲੜਨ ਵਾਲੀਆਂ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਐਮਐਲਏ ਦੀਆਂ ਟਿਕਟਾਂ ਤੋਂ ਵਾਂਝੇ ਰੱਖਕੇ ਉਹਨਾਂ ਨਾਲ ਧ੍ਰੋਹ ਕਮਾਇਆ ਹੈ। ਉਹਨਾਂ ਕਿਹਾ ਕਿ ਬਲਾਚੌਰ ਤੋਂ ਅਕਾਲੀ ਦਲ ਦੀ ਟਿਕਟ ਮੰਗਦੇ ਯੂਨੀਵਰਸਿਟੀ ਦੇ ਪ੍ਰਧਾਨ ਰਹੇ ਪਰਮਿੰਦਰ ਜਸਵਾਲ ਅਤੇ ਖਰੜ ਤੋਂ ਆਪ ਦੀ ਟਿਕਟ ਤੇ ਦਾਅਵਾ ਕਰਦੇ ਯੂਨੀਵਰਸਿਟੀ ਦੇ ਪ੍ਰਧਾਨ ਰਹੇ ਚੇਤੰਨ ਚੋਧਰੀ ਨੂੰ ਦੋਹਾਂ ਪਾਰਟੀਆਂ ਨੇ ਜਾਤੀਵਾਦ,ਪਰਿਵਾਰਵਾਦ ਦਾ ਸ਼ਿਕਾਰ ਬਣਾਇਆ ਅਤੇ ਪੈਰਾਸ਼ੂਟ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਹਨ। ਇਸ ਪੱਖਪਾਤੀ ਰਵਈਏ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਸੇ ਢਿੱਲੋਂ ਨੇ ਕਿਹਾ ਕਿ ਬੇਸ਼ਕ ਸਾਡੀਆਂ ਸਿਆਸੀ ਪਾਰਟੀਆਂ ਅਲਗ ਹਨ ਪਰ ਸਾਡੀ ਨੀਂਹ ਕਾਲਜ ਯੂਨੀਵਰਸਿਟੀਆਂ ਦੀ ਰਾਜਨੀਤੀ ਤੋਂ ਸ਼ੁਰੂ ਹੋਣ ਕਰਕੇ ਪਾਰਟੀ ਤੋਂ ਉਪਰ ਉਠਕੇ ਵਿਦਿਆਰਥੀ ਵਰਗ ਦੀ ਆਵਾਜ ਬੁਲੰਦ ਕਰਨਾ ਸਾਡਾ ਧਰਮ ਹੈ,ਜਿਸ ਲਈ ਅਸੀਂ ਹਮੇਸ਼ਾਂ ਨੌਜਵਾਨਾਂ ਦੇ ਹੱਕ ਵਿਚ ਆਵਾਜ਼ ਚੁੱਕਦੇ ਰਵਾਂਗੇ। ਉਹਨਾਂ ਦਸਿਆ ਕਿ ਕਾਂਗਰਸ ਹੀ ਇਕ ਇਕਲੌਤੀ ਐਸੀ ਪਾਰਟੀ ਹੈ ਜਿਸਨੇ ਵਿਦਿਆਰਥੀ ਵਰਗ ਦੀ ਨਬਜ਼ ਨੂੰ ਪਹਿਚਾਣਦਿਆਂ ਯੂਨੀਵਰਸਿਟੀਆਂ ਦੇ ਪ੍ਰਧਾਨ ਰਹੇ ਦਿਲਬਾਗ ਸਿੰਘ ਗੋਲਡੀ ਨੂੰ ਧੂਰੀ ਤੋਂ ਵਿਧਾਇਕ ਬਣਾਇਆ,ਖੁਸ਼ਬਾਗ ਸਿੰਘ ਜਟਾਣਾਂ ਨੂੰ ਤਲਵੰਡੀ ਸਾਬੋ ਤੋਂ ਅਤੇ ਮੈਨੂੰ (ਬਰਿੰਦਰ ਸਿੰਘ ਢਿੱਲੋਂ ) ਨੂੰ ਹਲਕਾ ਰੋਪੜ ਤੋਂ ਚੋਣ ਲੜਣ ਦਾ ਮੌਕਾ ਦਿੱਤਾ। ਇਸੇ ਤਰ੍ਹਾਂ ਕੁਲਜੀਤ ਸਿੰਘ ਨਾਗਰਾ ਵੀ ਵਿਧਾਇਕ ਬਣੇ। ਦਮਨ ਬਾਜਵਾ ਨੇ ਵੀ ਯੂਨੀਵਰਸਿਟੀ ਦੀ ਪ੍ਰਧਾਨਗੀ ਵਿਚ ਸਰਗਰਮ ਭੂਮਿਕਾ ਨਿਭਾਉਂਦਿਆਂ ਕਾਂਗਰਸ ਵਿਚ ਰਾਜਨੀਤਿਕ ਸਫ਼ਰ ਸ਼ੁਰੂ ਕੀਤਾ। ਉਹਨਾਂ ਕਿਹਾ ਕਿ ਰੋਜ਼ਗਾਰ,ਐਜੂਕੇਸ਼ਨ,ਸਿਸਟਮ ਪ੍ਰਣਾਲੀ ਵਿਚ ਸੁਧਾਰ ਸਿਰਫ ਨੌਜਵਾਨ ਵਰਗ ਹੀ ਕਰ ਸਕਦਾ ਹੈ ਲੋਕਾਂ ਨੂੰ ਇਸ ਗੱਲ ਨੂੰ ਸਮਝਣਾ ਪਵੇਗਾ ਅਤੇ ਨੌਜਵਾਨਾਂ ਨੂੰ ਨੁਮਾਇੰਦਗੀ ਨਾਂ ਦੇਣ ਵਾਲੀਆਂ ਪਾਰਟੀਆਂ ਅਗੇ ਸਵਾਲ ਰੱਖਣੇ ਪੈਣਗੇ। ਉਹਨਾਂ ਅੱਗੇ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾ ਸ਼੍ਰੀ ਰਾਹੁਲ ਗਾਂਧੀ ਬਿਨਾਂ ਕਿਸੇ ਨਫ਼ੇ ਨੁਕਸਾਨ ਦੇ ਨੌਜਵਾਨਾਂ ਦੇ ਨਵੇਂ ਆਈਡੀਆ ਨੂੰ ਅਮਲੀ ਰੂਪ ਦੇਣ ਲਈ ਉਹਨਾਂ ਨੂੰ ਮੌਕਾ ਦਿੰਦੇ ਆਏ ਹਨ ਅਤੇ ਅਗਾਂਹ ਵੀ ਦਿੰਦੇ ਰਹਿਣਗੇ।ਉਹਨਾਂ ਕਿਹਾ ਕਿ ਰੋਜ਼ਗਾਰ,ਕਾਲਜਾਂ,ਯੂਨੀਵਰਸਿਟੀਆਂ ਦੀਆਂ ਫੀਸਾਂ ਅਤੇ ਐਜੂਕੇਸ਼ਨ ਵਿੱਚ ਸੁਧਾਰ ਪ੍ਰਤੀ ਆਵਾਜ ਚੁੱਕਣ ਵਾਲਾ ਨੌਜਵਾਨ ਵਰਗ ਕਿਸੇ ਜਾਤ,ਫਿਰਕੇ ਜਾਂ ਧਰਮ ਦੀ ਬਜਾਏ ਇਕ ਸਮਾਨਤਾ ਦੀ ਗੱਲ ਕਰਦਾ ਹੈ ਜਿਸ ਲਈ ਨੌਜਵਾਨਾਂ ਨੂੰ ਰਾਜਨੀਤੀਕ ਪਲੇਟਫਾਰਮ ਉਪਲਬੱਧ ਕਰਵਾਉਣੇ ਚਾਹੀਦੇ ਹਨ। ਉਹਨਾਂ ਕਾਂਗਰਸ ਤੇ ਸਵਾਲ ਚੁੱਕਣ ਵਾਲਿਆਂ ਤੋਂ ਪੁੱਛਿਆ ਕਿ ਆਖਿਰ ਉਹ ਕਦੋਂ ਵਿਦਿਆਰਥੀ ਵਰਗ ਦੀ ਨੁਮਾਇੰਦਗੀ ਕਰਨ ਵਾਲੇ ਨੌਜਵਾਨਾਂ ਨੂੰ ਪ੍ਰਥਮ ਸ਼੍ਰੇਣੀ ਵਿਚ ਐਮਐਲਏ ਦੀਆਂ ਟਿਕਟਾਂ ਦੇ ਕੇ ਨਿਵਾਜਣਗੇ। ਉਹਨਾਂ ਲੋਕਾਂ ਨੂੰ ਜਾਤੀਵਾਦ ਅਤੇ ਪਰਿਵਾਰਵਾਦ ਵਾਲੀ ਸਿਆਸੀ ਦਲਦਲ ‘ਚੋਂ ਨਿਕਲ ਵੋਟਾਂ ਦੇ ਅਸਲ ਮਾਇਨੇ ਸਮਝਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਨੌਜਵਾਨ ਵਰਗ ਨੂੰ ਸਰਕਾਰ ਵਿੱਚ ਨੁਮਾਇੰਦਗੀ ਦੇਣ ਅਤੇ ਅਸਲ ਮੁਦਿਆਂ ਦੀ ਰਾਜਨੀਤੀ ਤੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ। ਨੌਜਵਾਨਾਂ ਨੂੰ ਦੂਸਰੀਆਂ ਪਾਰਟੀਆਂ ਵਲੋਂ ਕੀਤੇ ਜਾ ਰਹੇ ਵਿਤਕਰੇ ਤੇ ਬੋਲਣਾ ਪਵੇਗਾ ਜਿਸਦਾ ਪਾਰਟੀਆਂ ਨੂੰ ਢੁਕਵਾਂ ਜਵਾਬ ਵੀ ਦੇਣਾ ਪਵੇਗਾ। ਕਾਂਗਰਸ ਪਾਰਟੀ ਤੋਂ ਇਲਾਵਾ ਬਾਕੀ ਪਾਰਟੀਆਂ ਸਿਰਫ ਪਾਲਿਸੀਆਂ ਲਿਆਕੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਸਿਆਸੀ ਅਖਾੜੇ ਵਿੱਚ ਮੌਕਾ ਦੇਣ ਅਤੇ ਨਾਲ ਹੀ ਦੱਸਣ ਆਉਂਦੀਆਂ ਵਿਧਾਨ ਸਭ ਚੋਣਾਂ ਵਿੱਚ ਉਹ ਕਿੰਨ੍ਹੇ ਨੌਜਵਾਨਾਂ ਨੂੰ ਪੰਜਾਬ ਦੀ ਤਕਦੀਰ ਬਦਲਣ ਲਈ ਮੌਕਾ ਦੇ ਰਹੇ ਹਨ ਜੋ ਕਿ ਵਿਰੋਧੀ ਪਾਰਟੀਆਂ ਅਗੇ ਇਹ ਵੱਡੇ ਸਵਾਲ ਹਨ ? ਉਹਨਾਂ ਕਿਹਾ ਕਿ ਪੰਜਾਬ ਦੀ ਦਸ਼ਾ ਬਦਲਣ ਲਈ ਨਵੀਂ ਦਿਸ਼ਾ ਵਾਲੇ ਨੌਜਵਾਨ ਵਰਗ ਨੂੰ ਅੱਗੇ ਲਿਆਉਣਾ ਸਮੇਂ ਦੀ ਲੋੜ ਅਤੇ ਮੰਗ ਹੈ।