Punjab
ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਹੋਰ ਹੜਤਾਲਾਂ ਅਤੇ ਪ੍ਰਦਰਸ਼ਨ ਨਹੀਂ ਕੀਤੇ ਜਾਣਗੇ, ਯੂਨੀਅਨ ਦੇ ਨੁਮਾਇੰਦਿਆਂ ਨੇ ਭਰੋਸਾ ਦਿੱਤਾ – ਡੀ.ਸੀ.ਐਮ
ਸਰਕਾਰ ਉਨ੍ਹਾਂ ਦੀਆਂ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕਰੇਗੀ
ਚੰਡੀਗੜ੍ਹ, 23 ਨਵੰਬਰ:
ਉਪ ਮੁੱਖ ਮੰਤਰੀ (ਡੀਸੀਐਮ) ਪੰਜਾਬ ਓ.ਪੀ. ਸੋਨੀ, ਜਿਨ੍ਹਾਂ ਕੋਲ ਸੂਬੇ ਦਾ ਸਿਹਤ ਵਿਭਾਗ ਵੀ ਹੈ, ਦੇ ਭਰੋਸੇ ਤੋਂ ਬਾਅਦ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਵੱਖ-ਵੱਖ ਯੂਨੀਅਨਾਂ ਨੇ ਹੜਤਾਲਾਂ ਅਤੇ ਪ੍ਰਦਰਸ਼ਨਾਂ ਨੂੰ ਵਾਪਸ ਲੈਣ ਦਾ ਭਰੋਸਾ ਦਿੱਤਾ ਹੈ। ਉਪ ਮੁੱਖ ਮੰਤਰੀ ਨੇ ਐਸੋਸੀਏਸ਼ਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮਰੀਜ਼ਾਂ ਦੇ ਹਿੱਤਾਂ ਲਈ ਸਿਹਤ ਸੇਵਾਵਾਂ ਦੀ ਨਿਰਵਿਘਨ ਡਿਲੀਵਰੀ ਬਹਾਲ ਕਰਨ ਲਈ ਸਹਿਮਤੀ ਦਿੱਤੀ ਹੈ।
ਡੀਸੀਐਮ ਨੇ ਕਿਹਾ, “ਮੈਡੀਕਲ ਪੇਸ਼ੇ ਦੀ ਨੈਤਿਕਤਾ ਅਨੁਸਾਰ ਬਿਮਾਰਾਂ ਦੀਆਂ ਲੋੜਾਂ ਸਵੈ-ਹਿੱਤ ਤੋਂ ਪਹਿਲਾਂ ਹੁੰਦੀਆਂ ਹਨ। ਮੈਂ ਉਨ੍ਹਾਂ ਸਾਰੀਆਂ ਐਸੋਸੀਏਸ਼ਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਰਕਾਰ ਦੀ ਬੇਨਤੀ ਨੂੰ ਸਵੀਕਾਰ ਕੀਤਾ ਹੈ ਅਤੇ ਹੜਤਾਲਾਂ ਨੂੰ ਵਾਪਸ ਲੈਣ ਅਤੇ ਪ੍ਰਦਰਸ਼ਨਾਂ/ਅੰਦੋਲਨਾਂ ਨੂੰ ਖਤਮ ਕਰਨ ਦਾ ਭਰੋਸਾ ਦਿੱਤਾ ਹੈ। ਮੈਂ ਭਰੋਸਾ ਦਿਵਾਉਂਦਾ ਹਾਂ ਕਿ ਸਾਡੀ ਸਰਕਾਰ ਉਹਨਾਂ ਦੇ ਇਸ ਕਦਮ ਲਈ ਸਕਾਰਾਤਮਕ ਢੰਗ ਨਾਲ ਪ੍ਰਤੀਕਿਰਿਆ ਦੇਵੇਗੀ।”
ਵੇਰਵੇ ਦਿੰਦਿਆਂ ਡੀਸੀਐਮ ਨੇ ਦੱਸਿਆ ਕਿ ਮੰਗਲਵਾਰ ਨੂੰ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਟਾਫ਼ ਨਰਸ ਯੂਨੀਅਨ, ਐਨਐਚਐਮ ਕਰਮਚਾਰੀਆਂ, ਏਐਨਐਮਜ਼, ਕੋਵਿਡ ਵਲੰਟੀਅਰਾਂ, 108 ਐਂਬੂਲੈਂਸ ਡਰਾਈਵਰਾਂ ਅਤੇ ਪੀਸੀਐਸ ਡਾਕਟਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਵਿੱਚ ਮਸਲਿਆਂ ਦੇ ਸੁਖਾਵੇਂ ਹੱਲ ਲਈ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ।
ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਾਰੀਆਂ ਐਸੋਸੀਏਸ਼ਨਾਂ ਦੀਆਂ ਅਸਲ ਮੰਗਾਂ ਨੂੰ ਤੁਰੰਤ ਮਨਜ਼ੂਰੀ ਦੇਣ ਅਤੇ ਉਨ੍ਹਾਂ ਮੰਗਾਂ ਨੂੰ ਹੱਲ ਕਰਨ ਲਈ ਤਰੀਕੇ ਅਤੇ ਸਾਧਨ ਤਿਆਰ ਕਰਨ ਜਿਨ੍ਹਾਂ ਲਈ ਤਕਨੀਕੀ ਦਖ਼ਲ ਦੀ ਲੋੜ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਵਿਕਾਸ ਗਰਗ ਆਈ.ਏ.ਐਸ., ਐਮ.ਡੀ., ਐਨ.ਐਚ.ਐਮ. ਕੁਮਾਰ ਰਾਹੁਲ, ਡਾਇਰੈਕਟਰ ਸਿਹਤ ਵਿਭਾਗ ਡਾ. ਅੰਦੇਸ਼, ਡਾਇਰੈਕਟਰ ਪਰਿਵਾਰ ਭਲਾਈ ਡਾ. ਓਮ ਪ੍ਰਕਾਸ਼ ਗੋਜਰਾ ਅਤੇ ਡਾਇਰੈਕਟਰ ਐਨ.ਐਚ.ਐਮ. ਪੰਜਾਬ ਡਾ. ਅਰੀਤ ਕੌਰ ਹਾਜ਼ਰ ਸਨ।