19 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣਗੇ ‘ਆਪ’ ਆਗੂ
ਭਗਵੰਤ ਮਾਨ ਦੀ ਅਗਵਾਈ ਸ੍ਰੀ ਦਰਬਾਰ ਸਾਹਿਬ ਹੋਣਗੇ ਨਤਮਸਤਕ
ਚੰਡੀਗੜ੍ਹ, 17 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਕੋਰੀਡੋਰ (ਰਸਤਾ) ਖੋਲੇ ਜਾਣ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਵਿੱਚ ‘ਆਪ’ ਦੇ ਵਿਧਾਇਕਾਂ ਦਾ ਇੱਕ ਵਫ਼ਦ 19 ਨਵੰਬਰ ਨੂੰ ਗੁਰਦੁਆਰਾ ਸ੍ਰੀ ਕਰਤਾਰ ਸਾਹਿਬ ਦੇ ਦਰਸ਼ਨਾਂ ਲਈ ਜਾਵੇਗਾ।
ਬੁੱਧਵਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਯਾਤਰਾ ਬਾਰੇ ਜਾਣਕਾਰੀ ਦਿੰਦਿਆਂ ‘ਆਪ’ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ, ”ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਬਹੁਤ ਖ਼ੁਸ਼ੀ ਦੀ ਗੱਲ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 19 ਨਵੰਬਰ ਨੂੰ ਪਾਰਟੀ ਦੇ ਵਿਧਾਇਕ ਗੁਰਦੁਆਰਾ ਸ੍ਰੀ ਕਰਤਾਰ ਸਾਹਿਬ, ਪਾਕਿਸਤਾਨ ਦੇ ਦਰਸ਼ਨਾਂ ਲਈ ਜਾਣਗੇ। ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਹੱਥੀਂ ਕਿਰਤ ਕਰਦਿਆਂ ਲੰਮਾ ਸਮਾਂ ਖੇਤੀ ਕੀਤੀ ਸੀ। ਗੁਰਪੁਰਬ ਮੌਕੇ ਪੰਜਾਬ ਦੇ ਤਰੱਕੀ, ਖ਼ੁਸ਼ਹਾਲੀ ਅਤੇ ਹੱਸਦਾ ਵੱਸਦਾ ਪੰਜਾਬ ਬਣਾਉਣ ਦੀ ਲਈ ਅਰਦਾਸ ਕੀਤੀ ਜਾਵੇਗੀ।”
ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਸ੍ਰੀ ਕਰਤਾਰਪੁਰ ਕੋਰੀਡੋਰ ਨੂੰ ਪਹਿਲਾਂ ਹੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਵਿੱਚ ਸ਼ਾਮਲ ਕੀਤਾ ਹੋਇਆ ਹੈ ਅਤੇ ਇਸ ਯੋਜਨਾ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਲੀ ਦੇ ਲੋਕਾਂ ਨੂੰ ਵੱਖ- ਵੱਖ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਈ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਭਾਰਤ ਤੋਂ ਸਿੱਖ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਸਨ, ਪਰ ਕੋਵਿਡ 19 ਦੇ ਪ੍ਰਕੋਪ ਕਾਰਨ ਇਹ ਕੋਰੀਡੋਰ ਬੰਦ ਕਰ ਦਿੱਤਾ ਗਿਆ ਸੀ। ਸਿੱਖ ਸੰਗਤਾਂ ਸਮੇਤ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਤੋਂ ਵਾਰ- ਵਾਰ ਮੰਗ ਕਰਦੀ ਰਹੀ ਕਿ ਸ੍ਰੀ ਕਰਤਾਰ ਸਾਹਿਬ ਕੋਰੀਡੋਰ ਖੋਲ੍ਹਿਆ ਜਾਵੇ ਅਤੇ ਆਖ਼ਰ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਗਿਆ।