Punjab

ਵਿਤਕਰੇ ਤੋਂ ਅੱਕੇ ਅਧਿਆਪਕਾਂ ਨੇ ਕੀਤਾ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ

ਵਿਤਕਰੇ ਤੋਂ ਅੱਕੇ ਅਧਿਆਪਕਾਂ ਨੇ ਕੀਤਾ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ

ਕਿਹਾ ਕਿ ਬੇਅੰਤ ਸਿੰਘ ਦੇ ਪੌਤਰੇ ਦੀ ਡਿਗਰੀ ਯੋਗ ਅਤੇ ਸਾਡੀ ਉਹੀ ਡਿਗਰੀ ਅਯੋਗ ਕਿਵੇਂ!

ਆਪਣੀਆਂ ਡਿਗਰੀਆਂ ਸਾੜੀਆਂ ਤੇ ਬੇਅੰਤ ਸਿੰਘ ਤੇ ਪੌਤਰੇ ਦੀ ਡਿਗਰੀ ਤੇ ਚੜ੍ਹਾਏ ਫੁੱਲ। 

 

ਚੰਡੀਗੜ੍ਹ:- 17/11/2021

ਸਕੂਲ ਸਿੱਖਿਆ ਵਿਭਾਗ ਵਿਚ ਪਿਛਲੇ 10 ਸਾਲ ਤੋਂ ਨਿਗੂਣੀ ਤਨਖਾਹ ਤੇ ਕੰਮ ਕਰ ਰਹੇ 7654 ਅਤੇ 3442 ਭਰਤੀਆਂ ਦੇ ਅਧਿਆਪਕਾਂ ਨੇ ਰੈਗੂਲਰ ਕਰਨ ਦੀ ਮੰਗ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸਹਿਯੋਗ ਨਾਲ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਪੰਜਾਬ ਭਵਨ ਵਿੱਚ ਸਰਕਾਰੀ ਰਿਹਾਇਸ਼ ਦਾ ਘਿਰਾਓ ਕੀਤਾ।

ਇਹਨਾਂ ਅਧਿਆਪਕਾਂ ਨੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਗਟਾਇਆ ਕਿ ਇਹਨਾਂ 100 ਦੇ ਕਰੀਬ ਅਧਿਆਪਕਾਂ ਦੇ ਰੈਗੂਲਰ ਆਰਡਰ ਸਿੱਖਿਆ ਵਿਭਾਗ ਨੇ ਪਿਛਲੇ 7 ਸਾਲ ਤੋਂ ਇਹ ਕਹਿ ਕੇ ਰੋਕ ਰੱਖੇ ਹਨ ਕਿ ਇਹਨਾਂ ਦੀਆਂ ਉੱਚ ਸਿੱਖਿਆ ਦੀਆਂ ਡਿਗਰੀਆਂ ਪੰਜਾਬ ਤੋਂ ਬਾਹਰ ਦੀਆਂ ਯੂਜੀਸੀ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਡਿਸਟੈਂਸ ਮੋਡ ਰਾਹੀਂ ਹਨ। ਜਦਕਿ ਦੂਸਰੇ ਪਾਸੇ ਸਾਬਕਾ ਮੁੱਖ ਮੰਤਰੀ ਸ੍ਰ. ਬੇਅੰਤ ਸਿੰਘ ਦੇ ਪੌਤਰੇ ਗੁਰਇਕਬਾਲ ਸਿੰਘ ਦੀ ਡਿਗਰੀ ਪੈਰੀਆਰ ਯੂਨੀਵਰਸਿਟੀ ਤਾਮਿਲਨਾਡੂ ਤੋਂ ਹੋਣ ਦੇ ਬਾਵਜੂਦ ਉਸਨੂੰ ਡੀਐਸਪੀ ਭਰਤੀ ਕੀਤਾ ਗਿਆ ਹੈ। ਸਿੱਖਿਆ ਵਿਭਾਗ ਨੇ ਜਿੱਥੇ ਇੱਕ ਪਾਸੇ ਇਹਨਾਂ ਅਧਿਆਪਕਾਂ ਦੇ ਰੈਗੂਲਰ ਆਰਡਰ 2014 ਤੋਂ ਰੋਕ ਰੱਖੇ ਹਨ, ਉੱਥੇ ਹੀ ਦੂਸਰੇ ਪਾਸੇ ਇਹਨਾਂ ਹੀ 7654,3442 ਭਰਤੀਆਂ ਵਿੱਚੋਂ ਇਹਨਾਂ ਹੀ ਯੂਨੀਵਰਸਿਟੀਆਂ ਤੋਂ ਡਿਗਰੀਆਂ ਹਾਸਲ 800 ਦੇ ਕਰੀਬ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾ ਚੁੱਕਾ ਹੈ।ਅਜਿਹੇ ਹੀ ਸਰਵ ਸਿੱਖਿਆ ਅਭਿਆਨ ਦੇ ਅਧਿਆਪਕਾਂ ਨੂੰ 2018 ਵਿੱਚ ਰੈਗੂਲਰ ਕੀਤਾ ਜਾ ਚੁੱਕਾ ਹੈ। ਸਾਲ 2019 ਵਿੱਚ ਕੀਤੀ ਪ੍ਰਿੰਸੀਪਲਾਂ ਦੀ ਭਰਤੀ ਵਿੱਚ ਵੀ 40 ਤੋਂ ਵੱਧ ਪ੍ਰਿੰਸੀਪਲਾਂ ਨੇ ਡਿਗਰੀਆਂ ਇਹਨਾਂ ਅਧਿਆਪਕਾਂ ਦੀਆਂ ਯੂਨੀਵਰਸਿਟੀਆਂ ਤੋਂ ਹੀ ਹਾਸਲ ਕੀਤੀਆਂ ਹਨ। ਇਸ ਪ੍ਰਕਾਰ ਇਹਨਾਂ ਅਧਿਆਪਕਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਇਹਨਾਂ ਜਿਹੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾ ਚੁੱਕਾ ਹੈ। ਅਧਿਆਪਕਾਂ ਨੇ ਦੋਸ਼ ਲਾਇਆ ਕਿ ਇੱਕੋ ਹੀ ਤਰ੍ਹਾਂ ਦੀਆਂ ਡਿਗਰੀਆਂ ਬਾਕੀ ਸਭ ਭਰਤੀਆਂ ਲਈ ਯੋਗ ਅਤੇ ਸਿਰਫ ਇਹਨਾਂ 100 ਕੁ ਅਧਿਆਪਕਾਂ ਲਈ ਅਯੋਗ ਕਿਵੇਂ ਹੋ ਸਕਦੀਆਂ ਹਨ! ਇੱਕੋ ਹੀ ਰਾਜ ਪੰਜਾਬ ਵਿੱਚ ਸਿੱਖਿਆ ਲਈ ਦੋਹਰੇ ਮਾਪਦੰਡ ਕਿਉਂ ਹਨ! ਰੋਸ ਪ੍ਰਗਟ ਕਰ ਰਹੇ ਇਹਨਾਂ ਅਧਿਆਪਕਾਂ ਨੇ ਤਖ਼ਤੀਆਂ ਤੇ ਬੇਅੰਤ ਸਿੰਘ ਦੇ ਪੌਤਰੇ ਦੀ ਪੈਰੀਆਰ ਯੂਨੀਵਰਸਿਟੀ ਦੀ ਡਿਗਰੀ ਦੀਆਂ ਕਾਪੀਆਂ ਅਤੇ ਆਪਣੀਆਂ ਇਸੇ ਯੂਨੀਵਰਸਿਟੀ ਦੀਆਂ ਡਿਗਰੀਆਂ ਚਿਪਕਾਈਆਂ ਹੋਈਆਂ ਸਨ।ਡੀਐਸਪੀ ਦੀ ਵਰਦੀ ਪਾਈ ਨਕਲੀ ਗੁਰਇਕਬਾਲ ਸਿੰਘ ਬਣਿਆ ਇੱਕ ਬੱਚਾ ਆਪਣੀ ਫਰੇਮ ਕੀਤੀ ਹੋਈ ਡਿਗਰੀ ਗਲ ਵਿੱਚ ਪਾਈ ਇਹਨਾਂ ਅਧਿਆਪਕਾਂ ਨੂੰ ਵਿਤਕਰੇ ਵਿਰੁੱਧ ਆਵਾਜ਼ ਉਠਾਉਣ ਤੇ ਡੰਡਿਆਂ ਨਾਲ ਕੁੱਟ ਰਿਹਾ ਸੀ।

ਅਧਿਆਪਕ ਆਗੂਆਂ ਬਲਜਿੰਦਰ ਸਿੰਘ ਗਰੇਵਾਲ, ਜਤਿੰਦਰ ਸਿੰਘ, ਪਰਮਿੰਦਰ ਸਿੰਘ, ਅਮਿਤ ਕੁਮਾਰ ਨੇ ਆਪਣੀਆਂ ਡਿਗਰੀਆਂ ਦੀਆਂ ਕਾਪੀਆਂ ਸਾੜ ਕੇ ਇਸ ਵਿਤਕਰੇ ਦਾ ਵਿਰੋਧ ਕੀਤਾ। ਉਨ੍ਹਾਂ ਨੇ ਸਿੱਖਿਆ ਮੰਤਰੀ ਪਰਗਟ ਸਿੰਘ ਤੋਂ ਮੰਗ ਕੀਤੀ ਉਨ੍ਹਾਂ ਦੇ ਹੱਕ ਵਿੱਚ ਆਏ ਮਾਨਯੋਗ ਹਾਈ ਕੋਰਟ ਦੇ ਫੈਂਸਲੇ ਨੂੰ ਪਿਛਲੇ ਦੋ ਸਾਲ ਤੋਂ ਲਟਕਾਉਣ ਦੀ ਬਜਾਇ ਲਾਗੂ ਕੀਤਾ ਜਾਵੇ ਅਤੇ ਜਿੱਥੇ ਉਹ ਹੋਰ ਸਾਰੇ ਅਧਿਆਪਕਾਂ ਦੇ ਮਸਲੇ ਹੱਲ ਕਰ ਰਹੇ ਹਨ, ਇਹਨਾਂ ਬਾਕੀ ਰਹਿੰਦੇ 100 ਕੁ ਅਧਿਆਪਕਾਂ ਨੂੰ ਵੀ ਤ੍ਰਿਪੁਰਾ ਸਰਕਾਰ ਦੀ ਤਰਜ਼ ਤੇ ਪਾਲਿਸੀ ਬਣਾ ਕੇ ਰੈਗੂਲਰ ਕਰਕੇ ਇਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ।

Related Articles

Leave a Reply

Your email address will not be published. Required fields are marked *

Back to top button
error: Sorry Content is protected !!